ਨਵੀਂ ਦਿੱਲੀ : ਜ਼ਰੂਰਤਾਂ ਪੂਰੀਆਂ ਕਰਨ ਲਈ ਕਰਜ਼ਾ ਲੈਣਾ ਕੋਈ ਮਾੜੀ ਗੱਲ ਨਹੀਂ ਹੈ, ਪਰ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਕਰਜ਼ੇ ਦਾ ਜਾਲ ਤੁਹਾਡੀ ਜ਼ਿੰਦਗੀ ਨੂੰ ਤਬਾਹ ਨਾ ਕਰ ਸਕਦਾ ਹੈ। ਆਨਲਾਈਨ ਪਲੇਟਫਾਰਮ ਲੋਨ ਐਪਸ ਨਾਲ ਭਰਿਆ ਹੋਇਆ ਹੈ, ਜੋ ਕੁਝ ਸਕਿੰਟਾਂ 'ਚ ਲੋਨ ਦੇਣ ਦਾ ਦਾਅਵਾ ਕਰਦੇ ਹਨ। ਇਹ ਸੁਣਨ 'ਚ ਬਹੁਤ ਆਸਾਨ ਲੱਗਦਾ ਹੈ, ਪਰ ਇੱਕ ਵਾਰ ਇਸ ਦੀ ਦਲਦਲ 'ਚ ਫਸ ਜਾਣ ਤੋਂ ਬਾਅਦ ਇਸ 'ਚੋਂ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।


ਦਰਅਸਲ, ਕੋਰੋਨਾ ਮਹਾਂਮਾਰੀ ਤੋਂ ਬਾਅਦ ਦੇਸ਼ 'ਚ ਹਜ਼ਾਰਾਂ ਨੌਕਰੀਆਂ ਅਤੇ ਕਾਰੋਬਾਰ ਖ਼ਤਮ ਹੋਣ ਦੇ ਮਾਮਲੇ ਸਾਹਮਣੇ ਆਏ ਸਨ। ਇੱਕ ਅੰਕੜੇ ਦੇ ਅਨੁਸਾਰ ਮਹਾਂਮਾਰੀ ਤੋਂ ਬਾਅਦ ਦੇਸ਼ ਭਰ 'ਚ 7 ਲੱਖ ਤੋਂ ਵੱਧ ਲੋਕਾਂ ਨੇ ਖੁਦਕੁਸ਼ੀ ਕੀਤੀ ਹੈ। ਇਸ 'ਚ 25,200 ਲੋਕ ਉਹ ਹਨ, ਜੋ ਨੌਕਰੀਆਂ ਗੁਆਉਣ ਤੋਂ ਬਾਅਦ ਡਿਪਰੈਸ਼ਨ 'ਚ ਚਲੇ ਗਏ ਜਾਂ ਕਰਜ਼ੇ ਦੇ ਜਾਲ 'ਚ ਫਸ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।


ਕਿਵੇਂ ਫਸ ਜਾਂਦੇ ਹਨ ਕਰਜ਼ੇ ਦੇ ਜਾਲ 'ਚ?


ਲੋਨ ਐਪ ਰਾਹੀਂ ਆਸਾਨੀ ਨਾਲ ਕਰਜ਼ਾ ਮਿਲਣ ਕਾਰਨ ਲੋਕ ਵਾਰ-ਵਾਰ ਥੋੜ੍ਹੀ ਮਾਤਰਾ 'ਚ ਲੋਨ ਲੈਂਦੇ ਰਹਿੰਦੇ ਹਨ ਅਤੇ ਕਈ ਵਾਰ ਸਮੇਂ 'ਤੇ ਈਐਮਆਈ ਦਾ ਭੁਗਤਾਨ ਨਾ ਕਰਨ ਕਰਕੇ ਉਨ੍ਹਾਂ 'ਤੇ ਬੋਝ ਵੱਧਦਾ ਜਾਂਦਾ ਹੈ। ਇਸ ਤੋਂ ਬਾਅਦ ਵਸੂਲੀ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ, ਜੋ ਨਾ ਸਿਰਫ਼ ਤੁਹਾਨੂੰ ਵਾਰ-ਵਾਰ ਫ਼ੋਨ ਕਰਕੇ ਪ੍ਰੇਸ਼ਾਨ ਕਰਦੇ ਹਨ, ਸਗੋਂ ਤੁਹਾਡੇ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਅਤੇ ਜਾਣ-ਪਛਾਣ ਵਾਲਿਆਂ ਨੂੰ ਵੀ ਫ਼ੋਨ ਕਰਕੇ ਤੁਹਾਡਾ ਕਰਜ਼ਾ ਲੈਣ ਅਤੇ ਵਾਪਸ ਨਾ ਕਰਨ ਬਾਰੇ ਕਹਿੰਦੇ ਹਨ। ਇਸ ਨਾਲ ਤੁਹਾਡੇ 'ਤੇ ਸਮਾਜਿਕ ਦਬਾਅ ਵੀ ਵਧਦਾ ਹੈ।


ਪਹਿਲਾਂ ਫੈਸਲਾ ਕਰੋ ਕਿ ਲੋਨ ਕਿਉਂ ਲੈਣਾ ਹੈ?


ਬੈਂਕਿੰਗ ਮਾਮਲਿਆਂ ਦੀ ਮਾਹਿਰ ਅਤੇ ਨਿਵੇਸ਼ ਸਲਾਹਕਾਰ ਸਵੀਟੀ ਮਨੋਜ ਜੈਨ ਦਾ ਕਹਿਣਾ ਹੈ ਕਿ ਗਾਹਕਾਂ ਨੂੰ ਪਹਿਲਾਂ ਇਹ ਤੈਅ ਕਰਨਾ ਚਾਹੀਦਾ ਹੈ ਕਿ ਉਸ ਨੂੰ ਲੋਨ ਦੀ ਲੋੜ ਹੈ ਜਾਂ ਨਹੀਂ ਅਤੇ ਕਿਸ ਮਕਸਦ ਲਈ ਕਰਜ਼ਾ ਲੈਣਾ ਜ਼ਰੂਰੀ ਹੈ। ਉਦਾਹਰਣ ਵਜੋਂ, ਘਰ ਖਰੀਦਣ ਜਾਂ ਸਿੱਖਿਆ ਲਈ ਕਰਜ਼ਾ ਲੈਣਾ ਸਹੀ ਹੋਵੇਗਾ, ਕਿਉਂਕਿ ਇਨ੍ਹਾਂ ਦੋਵਾਂ ਕਦਮਾਂ ਨਾਲ ਤੁਸੀਂ ਦੌਲਤ ਬਣਾਉਂਦੇ ਹੋ। ਜਿੱਥੇ ਸਿੱਖਿਆ ਲੋਨ ਤੁਹਾਨੂੰ ਭਵਿੱਖ 'ਚ ਹੋਰ ਪੈਸਾ ਕਮਾਉਣ ਦੇ ਹੁਨਰ ਅਤੇ ਮੌਕੇ ਪ੍ਰਦਾਨ ਕਰੇਗਾ, ਤੁਸੀਂ ਹੋਮ ਲੋਨ ਰਾਹੀਂ ਰਿਹਾਇਸ਼ੀ ਜਾਇਦਾਦ ਬਣਾਉਣ ਦੇ ਯੋਗ ਹੋਵੋਗੇ। ਇਸ ਦੇ ਉਲਟ ਜੇਕਰ ਤੁਸੀਂ ਆਪਣੀ ਪਤਨੀ ਜਾਂ ਅਜ਼ੀਜ਼ਾਂ ਨੂੰ ਤੋਹਫ਼ਾ ਦੇਣ ਲਈ ਕਰਜ਼ਾ ਲੈ ਰਹੇ ਹੋ ਜਾਂ ਮੋਬਾਈਲ ਖਰੀਦਣ ਲਈ ਕਰਜ਼ਾ ਲਿਆ ਹੈ ਤਾਂ ਇਹ ਇੱਕ ਘਾਟੇ ਵਾਲਾ ਕਦਮ ਹੋਵੇਗਾ। ਕੁਝ ਲੋਕ ਘੁੰਮਣ ਲਈ ਕਰਜ਼ਾ ਲੈਂਦੇ ਹਨ, ਜੋ ਕਿ ਪੂਰੀ ਤਰ੍ਹਾਂ ਬੇਲੋੜਾ ਹੈ।


ਕਰਜ਼ੇ ਦੇ ਬੋਝ ਤੋਂ ਕਿਵੇਂ ਬਚਿਆ ਜਾਵੇ?



  1. ਜੇਕਰ ਤੁਸੀਂ ਹੋਮ ਲੋਨ ਲੈਂਦੇ ਹੋ ਤਾਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡੇ ਲੋਨ ਦੀ ਰਕਮ ਘਰ ਦੀ ਕੀਮਤ ਦੇ 50 ਫ਼ੀਸਦੀ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।

  2. ਤੁਹਾਡੇ ਹੋਮ ਲੋਨ ਦੀ EMI ਦੀ ਰਕਮ ਵੀ ਮਹੀਨਾਵਾਰ ਤਨਖਾਹ ਦੇ 40 ਫ਼ੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ।

  3. ਕਾਰ ਲੋਨ ਦੇ ਮਾਮਲੇ 'ਚ ਤੁਹਾਡੀ EMI ਮਹੀਨਾਵਾਰ ਤਨਖਾਹ ਦੇ 5% ਤੋਂ ਵੱਧ ਨਹੀਂ ਹੋਣੀ ਚਾਹੀਦੀ।

  4. ਕ੍ਰੈਡਿਟ ਕਾਰਡ ਨਾਲ ਤੁਹਾਡਾ ਮਹੀਨਾਵਾਰ ਖਰਚ ਕੁੱਲ ਸੀਮਾ ਦੇ 10 ਤੋਂ 12 ਫ਼ੀਸਦੀ ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ। ਇਸ ਦਾ ਬਿੱਲ ਵੀ ਨਿਰਧਾਰਤ ਮਿਤੀ ਤੋਂ ਪਹਿਲਾਂ ਪੂਰਾ ਜਮ੍ਹਾ ਕਰਵਾਉਣਾ ਜ਼ਰੂਰੀ ਹੈ।

  5. ਐਜੂਕੇਸ਼ਨ ਲੋਨ ਲੈਣ ਦਾ ਆਪਸ਼ਨ ਆਖਰੀ ਹੋਣਾ ਚਾਹੀਦਾ ਹੈ। ਜਦੋਂ ਤੁਹਾਡੇ ਕੋਲ ਹੋਰ ਕੋਈ ਆਪਸ਼ਨ ਨਹੀਂ ਹੈ ਤਾਂ ਐਜੂਕੇਸ਼ਨ ਲੋਨ ਲੈਣ ਵੱਲ ਜਾਓ।

  6. ਆਪਣੀਆਂ ਰੋਜ਼ਾਨਾ ਲੋੜਾਂ ਲਈ ਨਿੱਜੀ ਲੋਨ ਜਾਂ ਲੋਨ ਐਪ ਦਾ ਸਹਾਰਾ ਨਾ ਲਓ।

  7. ਵਪਾਰਕ ਮਕਸਦ ਲਈ ਕਦੇ ਵੀ ਨਿੱਜੀ ਕਰਜ਼ਾ ਨਹੀਂ ਲੈਣਾ ਚਾਹੀਦਾ। ਇਸ ਨਾਲ ਤੁਹਾਨੂੰ ਦੋਹਰੀ ਮਾਰ ਪੈ ਸਕਦੀ ਹੈ।

  8. ਤੁਸੀਂ ਓਨਾ ਹੀ ਖਰਚ ਕਰੋ ਜਿੰਨਾ ਤੁਸੀਂ ਕਮਾਉਂਦੇ ਹੋ। ਨਾਲ ਹੀ ਆਪਣੀ ਆਮਦਨ ਵਧਾਉਣ ਦੀ ਕੋਸ਼ਿਸ਼ ਕਰੋ।