ਰਜਨੀਸ਼ ਕੌਰ ਦੀ ਰਿਪੋਰਟ


Petrol Diesel Price : ਕੇਂਦਰ ਸਰਕਾਰ ਨੇ ਪਹਿਲੀ ਦਸੰਬਰ ਤੋਂ ਘਰੇਲੂ ਪੱਧਰ 'ਤੇ ਉਤਪਾਦਿਤ ਕੱਚੇ ਤੇਲ ਅਤੇ ਡੀਜ਼ਲ ਦੇ ਨਿਰਯਾਤ ਉਤੇ ਵਿੰਡਫਾਲ ਟੈਕਸ (Windfall Tax) ਘਟਾਉਣ ਦਾ ਐਲਾਨ ਕੀਤਾ ਹੈ। ਇਹ ਫਾਇਦਾ ਸਿਰਫ ਦੇਸ਼ ਵਿੱਚ ਕੱਢੇ ਗਏ ਤੇਲ ਅਤੇ ਡੀਜ਼ਲ ਲਈ ਹੈ।


ਮਾਹਿਰਾਂ ਦਾ ਮੰਨਣਾ ਹੈ ਕਿ ਸਰਕਾਰ ਦੇ ਇਸ ਕਦਮ ਨਾਲ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਮੀ ਆਉਣ ਦੀ ਉਮੀਦ ਵਧ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਗਲੋਬਲ ਮਾਰਕਿਟ 'ਚ ਕਰੂਡ ਸਸਤਾ ਹੋ ਗਿਆ ਹੈ, ਜਿਸ ਕਾਰਨ ਸਰਕਾਰ ਨੇ ਬਰਾਮਦ ਉਤੇ ਟੈਕਸ ਘਟਾ ਦਿੱਤਾ ਹੈ।
ਹੁਣ ਘਰੇਲੂ ਬਾਜ਼ਾਰ 'ਚ ਤੇਲ ਦੀ ਸਪਲਾਈ ਕਾਫੀ ਚੰਗੀ ਹੋ ਗਈ ਹੈ, ਜਿਸ ਕਾਰਨ ਕੰਪਨੀਆਂ ਉਤੇ ਦਬਾਅ ਘੱਟ ਗਿਆ ਹੈ ਅਤੇ ਉਹ ਕੀਮਤਾਂ 'ਚ ਕਟੌਤੀ ਕਰ ਸਕਦੀਆਂ ਹਨ।


ਵਿੰਡਫਾਲ ਟੈਕਸ 'ਚ ਇਹ ਬਦਲਾਅ 2 ਦਸੰਬਰ ਤੋਂ ਹੋਵੇਗਾ ਲਾਗੂ 


ਸਰਕਾਰ ਦੇ ਇਸ ਕਦਮ ਨਾਲ ਘਰੇਲੂ ਉਤਪਾਦਨ ਨੂੰ ਉਤਸ਼ਾਹ ਮਿਲੇਗਾ, ਕਿਉਂਕਿ ਸਿਰਫ ਦੇਸ਼ 'ਚ ਪੈਦਾ ਹੋਣ ਵਾਲੇ ਤੇਲ ਉਤੇ ਹੀ ਟੈਕਸ ਘੱਟ ਕੀਤਾ ਗਿਆ ਹੈ। ਨਵੇਂ ਫੈਸਲੇ ਤੋਂ ਬਾਅਦ ਦੇਸ਼ ਵਿਚ ਕੱਢੇ ਗਏ ਤੇਲ 'ਤੇ ਵਿੰਡਫਾਲ ਟੈਕਸ ਘਟ ਕੇ 4,900 ਰੁਪਏ ਪ੍ਰਤੀ ਟਨ 'ਤੇ ਆ ਗਿਆ ਹੈ। ਜਦੋਂ ਕਿ ਡੀਜ਼ਲ ਦੀ ਬਰਾਮਦ 'ਤੇ ਇਹ 6.5 ਰੁਪਏ ਪ੍ਰਤੀ ਲੀਟਰ 'ਤੇ ਆ ਗਿਆ ਹੈ। ਸਰਕਾਰੀ ਹੁਕਮਾਂ ਮੁਤਾਬਕ ਵਿੰਡਫਾਲ ਟੈਕਸ 'ਚ ਇਹ ਬਦਲਾਅ 2 ਦਸੰਬਰ ਤੋਂ ਲਾਗੂ ਹੋਵੇਗਾ।


ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ


ਅਜਿਹੀਆਂ ਕੰਪਨੀਆਂ ਜਾਂ ਉਦਯੋਗਾਂ ਉਤੇ ਵਿੰਡਫਾਲ ਟੈਕਸ ਲਗਾਇਆ ਜਾਂਦਾ ਹੈ, ਜਿਨ੍ਹਾਂ ਨੂੰ ਕੁਝ ਖਾਸ ਹਾਲਤਾਂ ਵਿਚ ਭਾਰੀ ਫੌਰੀ ਲਾਭ ਮਿਲਦਾ ਹੈ। ਭਾਰਤੀ ਤੇਲ ਕੰਪਨੀਆਂ ਇਸ ਦੀ ਵਧੀਆ ਮਿਸਾਲ ਹਨ। ਯੂਕਰੇਨ ਉਤੇ ਰੂਸ ਦੇ ਹਮਲੇ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਗਈਆਂ ਹਨ।


ਰੂਸ-ਯੂਕਰੇਨ ਯੁੱਧ ਕਾਰਨ ਤੇਲ ਕੰਪਨੀਆਂ ਨੂੰ ਭਾਰੀ ਮੁਨਾਫਾ


ਇਸ ਨਾਲ ਤੇਲ ਕੰਪਨੀਆਂ ਨੂੰ ਕਾਫੀ ਫਾਇਦਾ ਹੋਇਆ ਸੀ। ਰੂਸ-ਯੂਕਰੇਨ ਯੁੱਧ ਕਾਰਨ ਤੇਲ ਕੰਪਨੀਆਂ ਨੂੰ ਭਾਰੀ ਮੁਨਾਫਾ ਹੋ ਰਿਹਾ ਸੀ, ਇਸ ਲਈ ਉਨ੍ਹਾਂ 'ਤੇ ਵਿੰਡਫਾਲ ਟੈਕਸ ਲਗਾਇਆ ਗਿਆ ਸੀ। ਭਾਰਤ ਹੀ ਨਹੀਂ ਇਟਲੀ ਅਤੇ ਬ੍ਰਿਟੇਨ ਨੇ ਵੀ ਆਪਣੀਆਂ ਊਰਜਾ ਕੰਪਨੀਆਂ 'ਤੇ ਇਹ ਟੈਕਸ ਲਗਾਇਆ ਹੈ।