ਸ਼੍ਰੀਲੰਕਾ: ਭਾਰਤ ਦਾ ਗੁਆਂਢੀ ਦੇਸ਼ ਸ਼੍ਰੀਲੰਕਾ ਦੀਵਾਲੀਆ ਹੋਣ ਦੀ ਕਗਾਰ 'ਤੇ ਪਹੁੰਚ ਗਿਆ ਹੈ। ਸ੍ਰੀਲੰਕਾ ਵਿੱਚ ਇਸ ਸਮੇਂ ਰੋਜ਼ਾਨਾ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਉਛਾਲ ਹੈ। ਇੱਥੇ ਖਾਣ-ਪੀਣ ਦੀਆਂ ਚੀਜ਼ਾਂ ਇੱਕ ਮਹੀਨੇ 'ਚ 15 ਫੀਸਦੀ ਮਹਿੰਗੀਆਂ ਹੋ ਗਈਆਂ ਹਨ। ਸ਼੍ਰੀਲੰਕਾ ਵਿੱਚ ਇਸ ਵੇਲੇ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਨੂੰ ਛੁਹ ਰਹੀਆਂ ਹਨ। 100 ਗ੍ਰਾਮ ਮਿਰਚ ਦੀ ਕੀਮਤ ਵੱਧ ਕੇ 71 ਰੁਪਏ ਹੋ ਗਈ ਹੈ।

ਯਾਨੀ ਹੁਣ ਇਕ ਕਿਲੋ ਮਿਰਚ 700 ਰੁਪਏ ਤੋਂ ਵੀ ਵੱਧ ਵਿਕ ਰਹੀ ਹੈ। ਮਿਰਚਾਂ ਦੀ ਕੀਮਤ 'ਚ ਇਕ ਮਹੀਨੇ 'ਚ 250 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਜਾਣਕਾਰੀ ਅਨੁਸਾਰ ਬੈਂਗਣ 160 ਰੁਪਏ ਕਿਲੋ, ਕਰੇਲਾ 160 ਰੁਪਏ ਕਿਲੋ, ਭਿੰਡੀ 200 ਰੁਪਏ ਕਿਲੋ ,ਟਮਾਟਰ 200 ਰੁਪਏ ਕਿਲੋ, ਗੋਭੀ -240 ਰੁਪਏ ਪ੍ਰਤੀ ਕਿਲੋ, ਬੀਨਜ਼- 320 ਰੁਪਏ ਪ੍ਰਤੀ ਕਿਲੋਗ੍ਰਾਮ ਸਮੇਤ ਸਬਜ਼ੀਆਂ ਵਿਕ ਰਹੀਆਂ ਹਨ।

ਉਥੇ ਸਬਜ਼ੀਆਂ ਦੇ ਭਾਅ ਵਧਣ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਲਗਭਗ 22 ਮਿਲੀਅਨ ਦੀ ਆਬਾਦੀ ਵਾਲਾ ਦੇਸ਼ ਸ਼੍ਰੀਲੰਕਾ ਇਸ ਸਮੇਂ ਆਪਣੇ ਇਤਿਹਾਸ ਦੇ ਸਭ ਤੋਂ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਨਵੰਬਰ ਦੇ ਅੰਤ ਤੱਕ ਇਸ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਪਗ 1.6 ਬਿਲੀਅਨ ਡਾਲਰ ਤੱਕ ਡਿੱਗ ਗਿਆ ਸੀ, ਜੋ ਸਿਰਫ ਕੁਝ ਹਫ਼ਤਿਆਂ ਦੇ ਆਯਾਤ ਦੇ ਮੁੱਲ ਦਾ ਭੁਗਤਾਨ ਕਰਨ ਲਈ ਕਾਫੀ ਸੀ।

ਇਸ ਕਾਰਨ ਸਰਕਾਰ ਨੂੰ ਕਈ ਜ਼ਰੂਰੀ ਵਸਤਾਂ ਦੀ ਦਰਾਮਦ 'ਤੇ ਪਾਬੰਦੀ ਲਗਾਉਣ ਲਈ ਮਜਬੂਰ ਹੋਣਾ ਪਿਆ, ਜਿਸ ਕਾਰਨ ਸ੍ਰੀਲੰਕਾ 'ਚ ਖਾਣ-ਪੀਣ ਅਤੇ ਜ਼ਰੂਰੀ ਵਸਤਾਂ ਦੀ ਕਮੀ ਵਧ ਗਈ ਹੈ ਅਤੇ ਇਸ ਕਾਰਨ ਜ਼ਰੂਰੀ ਵਸਤਾਂ ਬਹੁਤ ਮਹਿੰਗੀਆਂ ਹੋ ਗਈਆਂ ਹਨ। ਸ਼੍ਰੀਲੰਕਾ ਵਿੱਚ ਪਿਛਲੇ ਚਾਰ ਮਹੀਨਿਆਂ ਵਿੱਚ ਇੱਕ ਮਿਆਰੀ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਲਗਭਗ 85% ਦਾ ਵਾਧਾ ਹੋਣ ਦਾ ਅਨੁਮਾਨ ਹੈ।

ਸ੍ਰੀਲੰਕਾ ਵਿੱਚ ਦਰਾਮਦ ਨਾ ਹੋਣ ਕਾਰਨ ਦੁੱਧ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਇੱਕ ਨਿਊਜ਼ ਏਜੰਸੀ ਮੁਤਾਬਕ ਸ਼੍ਰੀਲੰਕਾ ਆਪਣੇ ਦੇਸ਼ 'ਚ ਵੱਡੀ ਮਾਤਰਾ 'ਚ ਅਨਾਜ ਦੀ ਦਰਾਮਦ 'ਤੇ ਨਿਰਭਰ ਕਰਦਾ ਹੈ ਪਰ ਇਸ ਸਮੇਂ ਸ਼੍ਰੀਲੰਕਾ ਨੂੰ ਵਿਦੇਸ਼ੀ ਮੁਦਰਾ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦਾ ਸਿੱਧਾ ਅਸਰ ਉਸ ਦੀਆਂ ਖੁਰਾਕੀ ਜ਼ਰੂਰਤਾਂ 'ਤੇ ਪੈਂਦਾ ਹੈ।

ਮਾਹਰਾਂ ਨੇ ਕਿਹਾ ਕਿ ਸ਼੍ਰੀਲੰਕਾ ਨੇ 2019 ਵਿੱਚ ਸੈਰ-ਸਪਾਟੇ ਤੋਂ ਲਗਭਗ 4 ਬਿਲੀਅਨ ਡਾਲਰ ਦੀ ਕਮਾਈ ਕੀਤੀ ਸੀ ਪਰ ਵਿਸ਼ਵਵਿਆਪੀ ਮਹਾਂਮਾਰੀ ਕਾਰਨ ਇਹ ਲਗਪਗ 90% ਪ੍ਰਭਾਵਿਤ ਹੋਇਆ ਹੈ, ਜਿਸ ਕਾਰਨ ਆਰਥਿਕਤਾ ਵੀ ਕਾਫ਼ੀ ਕਮਜ਼ੋਰ ਹੋਈ ਹੈ। ਇਕ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ 31 ਸਾਲਾ ਨੀਲੂਕਾ ਦਿਲਰੁਕਸ਼ੀ ਦਾ ਕਹਿਣਾ ਹੈ ਕਿ ਪਹਿਲਾਂ ਉਹ ਹਰ ਰੋਜ਼ ਆਪਣੇ ਬੱਚਿਆਂ ਨੂੰ ਮੱਛੀ ਤੇ ਸਬਜ਼ੀਆਂ ਦਿੰਦੀ ਸੀ। ਹੁਣ ਅਸੀਂ ਉਨ੍ਹਾਂ ਨੂੰ ਚੌਲਾਂ ਦੇ ਨਾਲ ਸਬਜ਼ੀ ਦੇ ਰਹੇ ਹਾਂ। ਉਸ ਨੇ ਦੱਸਿਆ ਕਿ ਪਹਿਲਾਂ ਅਸੀਂ ਦਿਨ ਵਿੱਚ ਤਿੰਨ ਵਾਰੀ ਖਾਂਦੇ ਸੀ ਪਰ ਹੁਣ ਕਈ ਵਾਰ ਦੋ ਵਾਰ ਹੀ ਖਾ ਲੈਂਦੇ ਹਾਂ।



ਇਹ ਵੀ ਪੜ੍ਹੋ : New Business Idea: ਸਿਰਫ 10,000 ਰੁਪਏ ਨਾਲ ਸ਼ੁਰੂ ਕਰੋ ਕਾਰੋਬਾਰ, ਹਰ ਮਹੀਨੇ 30,000 ਰੁਪਏ ਦੀ ਕਮਾਈ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490