Ram Mandir : ਅਯੁੱਧਿਆ (Ayodhya) 'ਚ ਭਗਵਾਨ ਸ਼੍ਰੀ ਰਾਮ ਦੇ ਮੰਦਰ (Shri Ram's temple in Ayodhya) ਦਾ ਸ਼ਾਨਦਾਰ ਉਦਘਾਟਨ ਨਾ ਸਿਰਫ ਦੇਸ਼ 'ਚ ਸ਼ਰਧਾ ਅਤੇ ਭਾਵਨਾਵਾਂ ਦੀ ਲਹਿਰ ਲਿਆਵੇਗਾ, ਸਗੋਂ ਧਨ ਦੀ ਵੀ ਬਾਰਿਸ਼ ਕਰੇਗਾ। ਦੇਵੀ ਲਕਸ਼ਮੀ ਵੀ ਰਾਮ ਦੇ ਆਉਣ ਨਾਲ ਖੁਸ਼ ਨਜ਼ਰ ਆ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਪ੍ਰਾਣ ਪ੍ਰਤਿਸ਼ਠਾ (Pran Pratistha) ਵਾਲੇ ਦਿਨ ਭਾਵ 22 ਜਨਵਰੀ ਨੂੰ ਦੇਸ਼ ਭਰ 'ਚ ਕਾਰੋਬਾਰ 'ਚ ਭਾਰੀ ਵਾਧਾ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (Confederation of All India Traders (CAIT) ਨੇ 50 ਹਜ਼ਾਰ ਕਰੋੜ ਰੁਪਏ ਦੇ ਵਪਾਰ ਦਾ ਅਨੁਮਾਨ ਲਗਾਇਆ ਸੀ, ਜੋ ਹੁਣ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋ ਗਿਆ ਹੈ।


ਕਾਰੋਬਾਰ ਦਾ ਅੰਕੜਾ ਹੁਣ 1 ਲੱਖ ਕਰੋੜ ਰੁਪਏ ਨੂੰ ਕਰ ਗਿਆ ਪਾਰ 


ਕੈਟ ਨੇ ਦੇਸ਼ ਦੇ 30 ਸ਼ਹਿਰਾਂ ਤੋਂ ਪ੍ਰਾਪਤ ਫੀਡਬੈਕ ਦੇ ਆਧਾਰ 'ਤੇ ਆਪਣੇ ਅਨੁਮਾਨ ਨੂੰ ਸੋਧਿਆ ਹੈ ਅਤੇ ਕਿਹਾ ਹੈ ਕਿ ਮੰਦਰ ਦੀ ਆਰਥਿਕਤਾ ਤੋਂ ਪੈਦਾ ਹੋਏ ਕਾਰੋਬਾਰ ਦਾ ਅੰਕੜਾ ਹੁਣ 1 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਕੈਟ ਦੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਇਸ ਨੂੰ ਦੇਸ਼ ਦੇ ਵਪਾਰਕ ਇਤਿਹਾਸ ਵਿੱਚ ਇੱਕ ਦੁਰਲੱਭ ਘਟਨਾ ਦੱਸਿਆ ਹੈ। ਉਨ੍ਹਾਂ ਕਿਹਾ, ਵਿਸ਼ਵਾਸ ਅਤੇ ਭਰੋਸੇ ਦੇ ਬਲ 'ਤੇ ਦੇਸ਼ 'ਚ ਕਈ ਨਵੇਂ ਕਾਰੋਬਾਰ ਪੈਦਾ ਹੋ ਰਹੇ ਹਨ।


ਕਿਵੇਂ ਹੋਵੇਗਾ ਇੱਕ ਲੱਖ ਕਰੋੜ ਦਾ ਕਰੋਬਾਰ 



1 ਲੱਖ ਕਰੋੜ ਰੁਪਏ ਦੇ ਅਨੁਮਾਨ ਦੇ ਆਧਾਰ 'ਤੇ ਖੰਡੇਲਵਾਲ ਨੇ ਕਿਹਾ ਕਿ 22 ਜਨਵਰੀ ਤੱਕ ਦੇਸ਼ ਭਰ 'ਚ ਵਪਾਰਕ ਸੰਗਠਨਾਂ ਵਲੋਂ 30 ਹਜ਼ਾਰ ਤੋਂ ਜ਼ਿਆਦਾ ਪ੍ਰੋਗਰਾਮ ਆਯੋਜਿਤ ਕੀਤੇ ਜਾਣ ਵਾਲੇ ਹਨ। ਬਾਜ਼ਾਰਾਂ ਵਿੱਚ ਸ਼ੋਭਾ ਯਾਤਰਾ, ਸ਼੍ਰੀ ਰਾਮ ਪੈਦਲ ਯਾਤਰਾ, ਸ਼੍ਰੀ ਰਾਮ ਰੈਲੀ, ਸ਼੍ਰੀ ਰਾਮ ਫੇਰੀ, ਸਕੂਟਰ ਅਤੇ ਕਾਰ ਰੈਲੀ, ਸ਼੍ਰੀ ਰਾਮ ਚੌਂਕੀ ਸਮੇਤ ਕਈ ਸਮਾਗਮ ਹੋਣਗੇ। ਬਾਜ਼ਾਰਾਂ ਨੂੰ ਸਜਾਉਣ ਲਈ ਰਾਮ ਮੰਦਰ ਦੇ ਨਮੂਨੇ ਨਾਲ ਪ੍ਰਿੰਟ ਕੀਤੇ ਸ਼੍ਰੀ ਰਾਮ ਝੰਡੇ, ਪਟਕੇ, ਟੋਪੀਆਂ, ਟੀ-ਸ਼ਰਟਾਂ, ਕੁੜਤੇ ਆਦਿ ਦੀ ਭਾਰੀ ਮੰਗ ਹੈ। ਜਿਸ ਤਰ੍ਹਾਂ ਸ਼੍ਰੀ ਰਾਮ ਮੰਦਰ ਦੇ ਮਾਡਲਾਂ ਦੀ ਮੰਗ ਵਧੀ ਹੈ, ਉਸ ਨੂੰ ਵੇਖਦੇ ਹੋਏ ਦੇਸ਼ ਭਰ 'ਚ 5 ਕਰੋੜ ਤੋਂ ਜ਼ਿਆਦਾ ਮਾਡਲ ਵਿਕਣ ਦੀ ਸੰਭਾਵਨਾ ਹੈ।


ਦਿਨ-ਰਾਤ ਚੱਲ ਰਿਹੈ ਕੰਮ 


ਮਾਡਲ ਤਿਆਰ ਕਰਨ ਲਈ ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਦਿਨ-ਰਾਤ ਕੰਮ ਚੱਲ ਰਿਹਾ ਹੈ। ਆਉਣ ਵਾਲੇ ਦਿਨਾਂ ਲਈ ਵੱਡੇ ਪੱਧਰ 'ਤੇ ਸੰਗੀਤ ਮੰਡਲੀਆਂ, ਢੋਲ, ਤਾਸ਼ੇ, ਬੈਂਡ, ਸ਼ਹਿਨਾਈ, ਨਫੀਰੀ ਆਦਿ ਵਜਾਉਣ ਵਾਲੇ ਕਲਾਕਾਰ ਬੁੱਕ ਕੀਤੇ ਗਏ ਹਨ। ਸ਼ੋਭਾ ਯਾਤਰਾ ਲਈ ਝਾਂਕੀ ਬਣਾਉਣ ਵਾਲੇ ਕਾਰੀਗਰਾਂ ਅਤੇ ਕਲਾਕਾਰਾਂ ਨੂੰ ਵੀ ਵੱਡਾ ਕੰਮ ਮਿਲਿਆ ਹੈ। ਦੇਸ਼ ਭਰ ਵਿੱਚ ਮਿੱਟੀ ਦੇ ਬਣੇ ਕਰੋੜਾਂ ਦੀਵਿਆਂ ਅਤੇ ਹੋਰ ਵਸਤੂਆਂ ਦੀ ਮੰਗ ਹੈ। ਬਾਜ਼ਾਰਾਂ ਵਿੱਚ ਰੰਗ-ਬਿਰੰਗੇ ਰੋਸ਼ਨੀ ਬਲਬ, ਫੁੱਲਾਂ ਦੀ ਸਜਾਵਟ ਆਦਿ ਦੇ ਪ੍ਰਬੰਧ ਵੀ ਵੱਡੇ ਪੱਧਰ ’ਤੇ ਕੀਤੇ ਜਾ ਰਹੇ ਹਨ। ਇਸ ਸਭ ਸਮੇਤ ਭੰਡਾਰਾ ਆਦਿ ਦੇ ਆਯੋਜਨ ਨਾਲ ਵਸਤੂਆਂ ਅਤੇ ਸੇਵਾਵਾਂ ਰਾਹੀਂ 1 ਲੱਖ ਕਰੋੜ ਰੁਪਏ ਦਾ ਵਪਾਰ ਹੋਣ ਦੀ ਉਮੀਦ ਹੈ।