Amritsar News: ਧਾਰਮਿਕ ਅਸਥਾਨਾਂ 'ਤੇ ਸਿਆਸੀ ਕੰਟਰੋਲ ਕਰਕੇ ਲੋਕ ਨਿਰਾਸ਼ ਹਨ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਿੱਖਾਂ ਦੀ ਸਿਰਮੌਰ ਕਹੀ ਜਾਣ ਵਾਲੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਲੋਕਾਂ ਦੀ ਦਿਲਚਸਪੀ ਬੇਹੱਦ ਘਟਦੀ ਜਾ ਰਹੀ ਹੈ। ਇੱਥੋਂ ਤੱਕ ਕਿ ਲੋਕ ਸ਼੍ਰੋਮਣੀ ਕਮੇਟੀ ਦੀ ਚੋਣ ਲਈ ਵੋਟ ਬਣਵਾਉਣ ਤੋਂ ਵੀ ਕਤਰਾ ਰਹੇ ਹਨ। 


ਦਰਅਸਲ ਸ਼੍ਰੋਮਣੀ ਕਮੇਟੀ ਦੀਆਂ ਆਗਾਮੀ ਆਮ ਚੋਣਾਂ ਲਈ ਵੋਟਰ ਬਣਨ ਦੀ ਪ੍ਰਕਿਰਿਆ ਨੂੰ ਮੱਠਾ ਹੁੰਗਾਰਾ ਮਿਲ ਰਿਹਾ ਹੈ। ਇਨ੍ਹਾਂ ਚੋਣਾਂ ਲਈ ਪੰਜਾਬ ਵਿੱਚ ਹੁਣ ਤਕ ਲਗਪਗ 9 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ ਹਨ ਜਦੋਂਕਿ 2011 ਵਿੱਚ ਹੋਈਆਂ ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਲਗਪਗ 52.69 ਲੱਖ ਯੋਗ ਵੋਟਰਾਂ ਨੇ ਹਿੱਸਾ ਲਿਆ ਸੀ। ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਵੋਟਰ ਬਣਾਉਣ ਦੀ ਪ੍ਰਕਿਰਿਆ 21 ਅਕਤੂਬਰ, 2023 ਤੋਂ ਸ਼ੁਰੂ ਕੀਤੀ ਗਈ ਸੀ। 


ਹਾਸਲ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਵਿੱਚ 2011 ਵਿੱਚ ਸ਼੍ਰੋਮਣੀ ਕਮੇਟੀ ਚੋਣਾਂ ਲਈ ਲਗਪਗ 6 ਲੱਖ ਵੋਟਰ ਰਜਿਸਟਰਡ ਸਨ, ਜਦੋਂਕਿ ਹੁਣ 15 ਜਨਵਰੀ ਤੱਕ ਸਿਰਫ਼ 79,226 ਲੋਕਾਂ ਦੇ ਵੋਟਰ ਬਣਨ ਲਈ ਫਾਰਮ ਪ੍ਰਾਪਤ ਹੋਏ ਹਨ। ਇਸੇ ਤਰ੍ਹਾਂ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਕਾਫ਼ੀ ਘੱਟ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਗੁਰਦਾਸਪੁਰ ਵਿੱਚ 96,676, ਤਰਨ ਤਾਰਨ ਤੋਂ 44,326 ਅਤੇ ਜਲੰਧਰ ਤੋਂ 37,634 ਅਰਜ਼ੀਆਂ ਪ੍ਰਾਪਤ ਹੋਈਆਂ ਹਨ। 


ਵੋਟਰ ਬਣਨ ਦੀ ਮੱਠੀ ਰਫਤਾਰ ਨੂੰ ਦੇਖਦਿਆਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਸਬੰਧਤ ਅਧਿਕਾਰੀਆਂ ਨੂੰ ਯੋਗ ਸਿੱਖਾਂ ਨੂੰ ਵੋਟਰ ਬਣਾਉਣ ਵਾਸਤੇ ਸਿੱਖ ਵੋਟਰਾਂ ਦੇ ਘਰ-ਘਰ ਤਕ ਪਹੁੰਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਵੋਟਰ ਰਜਿਸਟ੍ਰੇਸ਼ਨ ਲਈ ਵਿਸ਼ੇਸ਼ ਕੈਂਪ ਲਗਾਏ ਗਏ ਹਨ। ਸ਼ਹਿਰੀ ਖੇਤਰਾਂ ਵਿੱਚ ਨਗਰ ਨਿਗਮ ਤੇ ਹੋਰ ਸਬੰਧਤ ਅਧਿਕਾਰੀ ਤੇ ਪੇਂਡੂ ਖੇਤਰਾਂ ਵਿੱਚ ਬੀ.ਐੱਲ.ਓਜ਼ ਤੇ ਪਟਵਾਰੀਆਂ ਨੂੰ ਟੀਚੇ ਦਿੱਤੇ ਗਏ ਹਨ। 


ਯੋਗ ਸਿੱਖ ਵੋਟਰ 29 ਫਰਵਰੀ ਤੱਕ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਸਕਦੇ ਹਨ। ਇਸ ਤੋਂ ਪਹਿਲਾਂ ਅੰਤਿਮ ਤਰੀਕ 15 ਨਵੰਬਰ, 2023 ਸੀ। ਦਾਅਵਿਆਂ ਤੇ ਇਤਰਾਜ਼ਾਂ ਦੀ ਪ੍ਰਾਪਤੀ ਦੀ ਆਖਰੀ ਮਿਤੀ 11 ਅਪਰੈਲ ਹੈ ਜਦੋਂਕਿ ਅੰਤਿਮ ਵੋਟਰ ਸੂਚੀ 3 ਮਈ ਤੱਕ ਪ੍ਰਕਾਸ਼ਿਤ ਕੀਤੀ ਜਾਵੇਗੀ।