Rupee Performance: ਤੀਜੀ ਵਾਰ ਮੋਦੀ ਸਰਕਾਰ ! ਏਸ਼ੀਆ ਦੀ ਦੂਜੀ ਸਭ ਤੋਂ ਮਾੜੀ ਕਰੰਸੀ ਬਣਿਆ ਭਾਰਤ ਦਾ ਰੁਪਿਆ, ਸ਼੍ਰੀਲੰਕਾ ਤੇ ਪਾਕਿਸਤਾਨ ਨਾਲੋਂ ਵੀ ਖ਼ਸਤਾ ਹਾਲਤ
Worst Performing Currencies: ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਲਗਾਤਾਰ ਡਿੱਗ ਰਹੀ ਹੈ। ਹਾਲ ਹੀ ਦੇ ਦਿਨਾਂ ਵਿੱਚ ਭਾਰਤੀ ਰੁਪਿਆ ਇਤਿਹਾਸਿਕ ਹੇਠਲੇ ਪੱਧਰ ਤੱਕ ਡਿੱਗ ਗਿਆ ਹੈ।
ਭਾਰਤੀ ਕਰੰਸੀ ਰੁਪਏ ਦੀ ਕੀਮਤ ਲਗਾਤਾਰ ਡਿੱਗ ਰਹੀ ਹੈ। ਰੁਪਏ ਦੇ ਕਮਜ਼ੋਰ ਹੋਣ ਦੇ ਨਾਂਅ 'ਤੇ ਵੀ ਮਾੜਾ ਰਿਕਾਰਡ ਦਰਜ ਕੀਤਾ ਗਿਆ ਹੈ। ਪਿਛਲੇ ਮਹੀਨੇ ਦੌਰਾਨ ਏਸ਼ੀਆ ਦੀ ਸਭ ਤੋਂ ਖ਼ਰਾਬ ਕਰੰਸੀ ਦੀ ਸੂਚੀ ਵਿੱਚ ਰੁਪਏ ਦਾ ਨਾਂਅ ਦੂਜੇ ਨੰਬਰ 'ਤੇ ਆ ਗਿਆ ਹੈ।
ਬਿਜ਼ਨੈੱਸ ਸਟੈਂਡਰਡ ਦੀ ਰਿਪੋਰਟ ਮੁਤਾਬਕ, ਅਗਸਤ ਮਹੀਨੇ 'ਚ ਏਸ਼ੀਆ ਦੀਆਂ ਜ਼ਿਆਦਾਤਰ ਮੁਦਰਾਵਾਂ ਡਾਲਰ ਦੇ ਮੁਕਾਬਲੇ ਮਜ਼ਬੂਤ ਹੋਈਆਂ। ਭਾਰਤੀ ਰੁਪਿਆ ਤੇ ਬੰਗਲਾਦੇਸ਼ੀ ਟਕਾ ਸਿਰਫ ਦੋ ਮੁਦਰਾਵਾਂ ਸਨ ਜਿਨ੍ਹਾਂ ਦੀ ਕੀਮਤ ਵਿੱਚ ਡਾਲਰ ਦੇ ਮੁਕਾਬਲੇ ਟਕਾ 1.58 ਪ੍ਰਤੀਸ਼ਤ ਦੀ ਗਿਰਾਵਟ ਨਾਲ ਏਸ਼ੀਆ ਦੀ ਸਭ ਤੋਂ ਖਰਾਬ ਮੁਦਰਾ ਬਣ ਗਈ। ਇਸ ਤੋਂ ਬਾਅਦ ਰੁਪਿਆ 0.17 ਫੀਸਦੀ ਡਿੱਗ ਕੇ ਦੂਜੇ ਸਥਾਨ 'ਤੇ ਰਿਹਾ।
ਭਾਰਤੀ ਰੁਪਿਆ ਇਸ ਸਮੇਂ ਡਾਲਰ ਦੇ ਮੁਕਾਬਲੇ ਸਭ ਤੋਂ ਹੇਠਲੇ ਪੱਧਰ ਦੇ ਨੇੜੇ ਹੈ। ਪਿਛਲੇ ਹਫਤੇ ਦੌਰਾਨ ਡਾਲਰ ਦੇ ਮੁਕਾਬਲੇ ਰੁਪਿਆ 84 ਦੇ ਹੇਠਾਂ ਆ ਗਿਆ ਸੀ। ਅਗਸਤ ਮਹੀਨੇ ਤੋਂ ਬਾਅਦ ਸਤੰਬਰ 'ਚ ਵੀ ਰੁਪਏ ਦੀ ਗਿਰਾਵਟ ਜਾਰੀ ਹੈ। ਭਾਰਤੀ ਕਰੰਸੀ ਇਸ ਮਹੀਨੇ ਹੁਣ ਤੱਕ 0.13 ਫੀਸਦੀ ਕਮਜ਼ੋਰ ਹੋਈ ਹੈ। ਇਸ ਪੂਰੇ ਵਿੱਤੀ ਸਾਲ ਯਾਨੀ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਰੁਪਿਆ 0.6 ਫੀਸਦੀ ਤੱਕ ਕਮਜ਼ੋਰ ਹੋਇਆ ਹੈ।
ਪਿਛਲੇ ਵਿੱਤੀ ਸਾਲ ਵਿੱਚ ਰੁਪਏ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਏਸ਼ੀਆ ਵਿੱਚ ਤੀਜੀ ਸਭ ਤੋਂ ਸਥਿਰ ਤੇ ਮਜ਼ਬੂਤ ਮੁਦਰਾ ਬਣਨ ਵਿੱਚ ਕਾਮਯਾਬ ਰਿਹਾ ਸੀ। ਪਿਛਲੇ ਵਿੱਤੀ ਸਾਲ ਦੌਰਾਨ, ਏਸ਼ੀਆ ਵਿੱਚ ਭਾਰਤੀ ਰੁਪਏ ਨਾਲੋਂ ਸਿਰਫ਼ ਹਾਂਗਕਾਂਗ ਡਾਲਰ ਅਤੇ ਸਿੰਗਾਪੁਰ ਡਾਲਰ ਨੇ ਬਿਹਤਰ ਪ੍ਰਦਰਸ਼ਨ ਕੀਤਾ। ਵਿੱਤੀ ਸਾਲ 2023-24 'ਚ ਰੁਪਿਆ 1.5 ਫੀਸਦੀ ਡਿੱਗਿਆ ਸੀ। ਹਾਲਾਂਕਿ ਇਸ ਤੋਂ ਪਹਿਲਾਂ ਵਿੱਤੀ ਸਾਲ 2022-23 'ਚ ਰੁਪਏ 'ਚ 7.8 ਫੀਸਦੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ।
ਪਿਛਲੇ ਮਹੀਨੇ ਦੀ ਗੱਲ ਕਰੀਏ ਤਾਂ ਏਸ਼ੀਆਈ ਮੁਦਰਾਵਾਂ 'ਚ ਸਭ ਤੋਂ ਵਧੀਆ ਸਥਿਤੀ ਤਾਈਵਾਨ ਡਾਲਰ ਰਹੀ, ਜੋ ਪੂਰੇ ਮਹੀਨੇ 'ਚ ਡਾਲਰ ਦੇ ਮੁਕਾਬਲੇ 2.72 ਫੀਸਦੀ ਮਜ਼ਬੂਤ ਹੋਈ। ਦੱਖਣੀ ਕੋਰੀਆ ਦੀ ਵਨ ਅਗਸਤ 'ਚ 2.47 ਫੀਸਦੀ ਦੇ ਵਾਧੇ ਨਾਲ ਏਸ਼ੀਆ ਦੀ ਦੂਜੀ ਸਭ ਤੋਂ ਵਧੀਆ ਕਰੰਸੀ ਬਣ ਗਈ। ਜਾਪਾਨ ਦਾ ਯੇਨ 2.61 ਫੀਸਦੀ ਦੇ ਵਾਧੇ ਨਾਲ ਤੀਜੇ ਸਥਾਨ 'ਤੇ ਅਤੇ ਵੀਅਤਨਾਮ ਦਾ ਡਾਂਗ 1.56 ਫੀਸਦੀ ਦੇ ਵਾਧੇ ਨਾਲ ਚੌਥੇ ਸਥਾਨ 'ਤੇ ਰਿਹਾ।