(Source: ECI/ABP News/ABP Majha)
2000 ਰੁਪਏ ਦੇ ਨੋਟਾਂ ਨੂੰ ਲੈਕੇ ਆਇਆ ਵੱਡਾ ਅਪਡੇਟ, ਹੁਣ RBI ਨੇ ਦਿੱਤੀ ਇਹ ਜਾਣਕਾਰੀ
RBI : ਕੇਂਦਰੀ ਬੈਂਕ ਆਰਬੀਆਈ ਨੇ 2000 ਰੁਪਏ ਦੇ ਨੋਟਾਂ ਦੀ ਵਾਪਸੀ ਦਾ ਡਾਟਾ ਸਾਂਝਾ ਕਰਦੇ ਹੋਏ ਦੱਸਿਆ ਹੈ ਕਿ ਇਸ ਮੁੱਲ ਦੇ 98 ਫੀਸਦੀ ਨੋਟ ਬੈਂਕ 'ਚ ਵਾਪਸ ਆ ਗਏ ਹਨ, ਇਸ ਦੇ ਬਾਵਜੂਦ ਲੋਕਾਂ ਕੋਲ ਅਜੇ 7,117 ਕਰੋੜ ਰੁਪਏ ਦੇ ਨੋਟ ਪਏ ਹਨ।
RBI Update on 2000 Rupee Note: ਦੇਸ਼ ਵਿੱਚ 2000 ਰੁਪਏ ਦੇ ਨੋਟਾਂ ਨੂੰ ਬੰਦ ਹੋਏ ਡੇਢ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਅਜੇ ਵੀ ਹਜ਼ਾਰਾਂ ਕਰੋੜ ਰੁਪਏ ਦੇ ਇਹ ਨੋਟ ਲੋਕਾਂ ਕੋਲ ਪਏ ਹਨ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਹਾਲ ਹੀ ਵਿੱਚ ਦੱਸਿਆ ਹੈ ਕਿ 2000 ਰੁਪਏ ਦੇ ਕੁੱਲ ਨੋਟਾਂ ਵਿੱਚੋਂ 98% ਬੈਂਕਾਂ ਵਿੱਚ ਵਾਪਸ ਆ ਗਏ ਹਨ। ਯਾਨੀ ਕਰੀਬ 2% ਨੋਟ ਅਜੇ ਵੀ ਲੋਕਾਂ ਕੋਲ ਪਏ ਹਨ। ਇਹ ਬਹੁਤ ਵੱਡੀ ਗਿਣਤੀ ਹੈ ਅਤੇ ਆਰਬੀਆਈ ਇਸ ਨੂੰ ਲੈ ਕੇ ਚਿੰਤਤ ਹੈ।
ਲੋਕਾਂ ਕੋਲ ਹਨ 7,117 ਕਰੋੜ ਰੁਪਏ ?
ਹਾਲ ਹੀ 'ਚ ਕੇਂਦਰੀ ਬੈਂਕ ਆਰਬੀਆਈ ਨੇ 2000 ਰੁਪਏ ਦੇ ਨੋਟਾਂ ਦੀ ਵਾਪਸੀ ਦਾ ਡਾਟਾ ਸਾਂਝਾ ਕਰਦੇ ਹੋਏ ਦੱਸਿਆ ਹੈ ਕਿ ਇਸ ਮੁੱਲ ਦੇ 98 ਫੀਸਦੀ ਨੋਟ ਬੈਂਕ 'ਚ ਵਾਪਸ ਆ ਗਏ ਹਨ, ਇਸ ਦੇ ਬਾਵਜੂਦ ਲੋਕਾਂ ਕੋਲ ਅਜੇ 7,117 ਕਰੋੜ ਰੁਪਏ ਦੇ ਗੁਲਾਬੀ ਨੋਟ ਪਏ ਹਨ। ਸ਼ੁਰੂਆਤੀ ਦੌਰ 'ਚ ਇਨ੍ਹਾਂ ਨੋਟਾਂ ਨੂੰ ਸਰਕੂਲੇਸ਼ਨ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਇਨ੍ਹਾਂ ਦੀ ਵਾਪਸੀ ਬਹੁਤ ਤੇਜ਼ੀ ਨਾਲ ਹੋਈ ਸੀ ਪਰ ਹੁਣ ਇਹ ਨੋਟ ਕਾਫੀ ਮੁਸ਼ਕਲ ਨਾਲ ਵਾਪਸ ਆ ਰਹੇ ਹਨ।
ਹੁਣ ਤੱਕ ਕਿੰਨੇ ਗੁਲਾਬੀ ਨੋਟ ਵਾਪਸ ਆਏ ਹਨ?
ਭਾਰਤੀ ਰਿਜ਼ਰਵ ਬੈਂਕ ਵੱਲੋਂ 1 ਜੁਲਾਈ, 2024 ਨੂੰ ਸਾਂਝੇ ਕੀਤੇ ਅੰਕੜਿਆਂ ਅਨੁਸਾਰ 7581 ਕਰੋੜ ਰੁਪਏ ਮੁੱਲ ਦੇ 2000 ਰੁਪਏ ਦੇ ਨੋਟ ਬਾਜ਼ਾਰ ਵਿੱਚ ਬਚੇ ਹਨ, ਜਦਕਿ ਤਾਜ਼ਾ ਅੰਕੜੇ ਦੱਸਦੇ ਹਨ ਕਿ ਇਹ ਅੰਕੜਾ ਅਜੇ ਵੀ 7000 ਕਰੋੜ ਰੁਪਏ ਤੋਂ ਉਪਰ ਬਣਿਆ ਹੋਇਆ ਹੈ। ਪਿਛਲੇ ਦੋ ਮਹੀਨਿਆਂ ਵਿੱਚ ਸਿਰਫ਼ 320 ਕਰੋੜ ਰੁਪਏ ਦੇ ਨੋਟ ਹੀ ਵਾਪਸ ਆਏ ਹਨ। ਜਦੋਂ ਕਿ ਅਕਤੂਬਰ ਦੇ ਅੰਕੜੇ ਹੋਰ ਵੀ ਹੈਰਾਨ ਕਰਨ ਵਾਲੇ ਹਨ ਜੋ ਦੱਸਦੇ ਹਨ ਕਿ ਇਸ ਦੀ ਰਫ਼ਤਾਰ ਕਿੰਨੀ ਹੌਲੀ ਹੋ ਗਈ ਹੈ।
ਲੋਕ ਕਿਉਂ ਨਹੀਂ ਬਦਲ ਰਹੇ 2000 ਦੇ ਨੋਟ?
ਇਸ ਦੇ ਕਈ ਕਾਰਨ ਹੋ ਸਕਦੇ ਹਨ। ਪਹਿਲੀ, ਜਾਣਕਾਰੀ ਦੀ ਕਮੀ, ਹੋ ਸਕਦਾ ਹੈ ਕਿ ਕੁਝ ਲੋਕਾਂ ਨੂੰ ਅਜੇ ਵੀ ਪਤਾ ਨਹੀਂ ਹੈ ਕਿ ਉਨ੍ਹਾਂ ਨੂੰ 2000 ਰੁਪਏ ਦੇ ਨੋਟ ਬਦਲਾਉਣੇ ਹਨ। ਜਦੋਂ ਕਿ ਕੁਝ ਲੋਕਾਂ ਲਈ ਬੈਂਕ ਜਾਂ ਡਾਕਘਰ ਜਾਣਾ ਮੁਸ਼ਕਲ ਹੋ ਸਕਦਾ ਹੈ। ਇਸ ਦੇ ਨਾਲ ਹੀ ਸੰਭਵ ਹੈ ਕਿ ਕੁਝ ਲੋਕ ਇਨ੍ਹਾਂ ਨੋਟਾਂ ਨੂੰ ਕਾਲੇ ਧਨ ਵਜੋਂ ਛੁਪਾ ਕੇ ਰੱਖ ਰਹੇ ਹੋਣ।
2000 ਰੁਪਏ ਦੇ ਨੋਟ ਕਿੱਥੇ ਅਤੇ ਕਿਵੇਂ ਜਮ੍ਹਾ ਕਰਨੇ ਹਨ?
ਤੁਸੀਂ RBI ਦੇ ਖੇਤਰੀ ਦਫਤਰਾਂ ਜਾਂ ਕਿਸੇ ਨਜ਼ਦੀਕੀ ਡਾਕਘਰ ਰਾਹੀਂ 2000 ਰੁਪਏ ਦੇ ਨੋਟ ਜਮ੍ਹਾ ਕਰ ਸਕਦੇ ਹੋ।