ਨਵੀਂ ਦਿੱਲੀ: ਕੋਰੋਨਾ ਨੇ ਵੱਡੇ-ਵੱਡੇ ਦੇਸ਼ਾਂ ਨੂੰ ਆਰਥਿਕ ਸੱਟ ਮਾਰੀ ਹੈ। ਇਨਫੋਸਿਸ ਦੇ ਸੰਸਥਾਪਕਾਂ 'ਚੋਂ ਇੱਕ ਐਨਆਰ ਨਾਰਾਇਣ ਮੂਰਤੀ ਨੇ ਕਿਹਾ ਹੈ ਕਿ ਮੌਜੂਦਾ ਵਿੱਤੀ ਵਰ੍ਹੇ 'ਚ ਆਜ਼ਾਦੀ ਤੋਂ ਬਾਅਦ ਆਰਥਿਕਤਾ ਸਭ ਤੋਂ ਮਾੜੀ ਸਥਿਤੀ 'ਚ ਹੋਵੇਗੀ। ਉਹ ਕਹਿੰਦੇ ਹਨ ਕਿ ਜੀਡੀਪੀ 'ਚ ਸਭ ਤੋਂ ਵੱਡੀ ਗਿਰਾਵਟ ਆਜ਼ਾਦੀ ਤੋਂ ਬਾਅਦ ਵੇਖੀ ਜਾ ਸਕਦੀ ਹੈ।
ਇਸ ਲਈ ਇਸ ਨੂੰ ਸੰਭਾਲਣ ਲਈ ਜਿੰਨੀ ਜਲਦੀ ਹੋ ਸਕੇ ਕਦਮ ਚੁੱਕੇ ਜਾਣੇ ਚਾਹੀਦੇ ਹਨ। ਮੂਰਤੀ ਨੇ ਕਿਹਾ ਕਿ ਦੇਸ਼ ਦੀ ਜੀਡੀਪੀ ਵਿੱਚ ਘੱਟੋ-ਘੱਟ ਪੰਜ ਪ੍ਰਤੀਸ਼ਤ ਦੀ ਗਿਰਾਵਟ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਅਸੀਂ 1947 ਤੋਂ ਬਾਅਦ ਦਾ ਸਭ ਤੋਂ ਵੱਡੀ ਜੀਡੀਪੀ ਗਿਰਾਵਟ ਦੇਖ ਸਕਦੇ ਹਾਂ।
ਨਾਰਾਇਣ ਮੂਰਤੀ ਨੇ ਕਿਹਾ ਕਿ ਗਲੋਬਲ ਜੀਡੀਪੀ ਹੇਠਾਂ ਆ ਗਈ ਹੈ। ਗਲੋਬਲ ਵਪਾਰ ਡੁੱਬ ਰਿਹਾ ਹੈ। ਗਲੋਬਲ ਯਾਤਰਾ ਲਗਪਗ ਖਤਮ ਹੋ ਗਈ ਹੈ। ਅਜਿਹੀ ਸਥਿਤੀ ਵਿੱਚ ਗਲੋਬਲ ਜੀਡੀਪੀ ਵਿੱਚ ਪੰਜ ਤੋਂ 10 ਪ੍ਰਤੀਸ਼ਤ ਦੇ ਗਿਰਾਵਟ ਦੀ ਉਮੀਦ ਹੈ। ਮੂਰਤੀ ਨੇ ਕਿਹਾ ਕਿ ਰਾਸ਼ਟਰੀ ਪੱਧਰ 'ਤੇ ਤਾਲਾਬੰਦੀ ਦੇ ਪਹਿਲੇ ਦਿਨ ਤੋਂ ਹੀ ਉਸ ਦਾ ਵਿਚਾਰ ਰਿਹਾ ਹੈ ਕਿ ਲੋਕਾਂ ਨੂੰ ਕੋਰੋਨਾ ਵਿਸ਼ਾਣੂ ਨਾਲ ਜਿਊਣ ਲਈ ਤਿਆਰ ਰਹਿਣਾ ਪਏਗਾ।
ਇਸ ਦੇ ਤਿੰਨ ਕਾਰਨ ਹਨ। ਪਹਿਲਾ- ਇਸ ਲਈ ਕੋਈ ਵੈਕਸੀਨ ਨਹੀਂ ਹੈ, ਦੂਜਾ ਕੋਰੋਨਾਵਾਇਰਸ ਦਾ ਕੋਈ ਇਲਾਜ ਨਹੀਂ ਤੇ ਤੀਜੀ ਆਰਥਿਕਤਾ ਨੂੰ ਰੋਕਿਆ ਨਹੀਂ ਜਾ ਸਕਦਾ। ਇਸ ਮਹਾਂਮਾਰੀ ਦੀ ਪਹਿਲੀ ਸੰਭਾਵਿਤ ਵੈਕਸੀਨ ਆਕਸਫੋਰਡ ਯੂਨੀਵਰਸਿਟੀ ਤੋਂ ਆਉਣ ਦੀ ਉਮੀਦ ਹੈ। ਇਹ ਵੈਕਸੀਨ ਛੇ ਤੋਂ ਨੌਂ ਮਹੀਨਿਆਂ ਵਿੱਚ ਦੇਸ਼ ਵਿੱਚ ਉਪਲਬਧ ਹੋਵੇਗੀ।