ਅੱਜ ਤੋਂ ਸ਼ੁਰੂ ਹੋਵੇਗਾ ਕੇਂਦਰੀ ਬਜਟ ਸੈਸ਼ਨ ਦਾ ਦੂਜਾ ਗੇੜ, ਇਨ੍ਹਾਂ ਮੁੱਦਿਆਂ ਤੇ ਘੇਰਨਗੀਆਂ ਵਿਰੋਧੀ ਧਿਰਾਂ
ਪੈਟਰੋਲ, ਡੀਜ਼ਲ ਤੇ ਐਲਪੀਜੀ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ ਤੇ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਵਿਰੋਧੀਆਂ ਦੀ ਕੋਸ਼ਿਸ਼ ਸਰਕਾਰ ਨੂੰ ਕਟਹਿਰੇ 'ਚ ਖੜਾ ਕਰਨ ਦੀ ਹੋਵੋਗੀ।
ਨਵੀਂ ਦਿੱਲੀ: ਸੰਸਦ 'ਚ ਬਜਟ ਸੈਸ਼ਨ ਦਾ ਦੂਜਾ ਗੇੜ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਗੇੜ 'ਚ ਸਰਕਾਰ ਦਾ ਮੁੱਖ ਏਜੰਡਾ ਬਜਟ ਵੰਡ ਦੀਆਂ ਮੰਗਾਂ 'ਤੇ ਚਰਚਾ ਅਤੇ ਵਿੱਤ ਬਿੱਲ 'ਤੇ ਚਰਚਾ ਤੇ ਉਨ੍ਹਾਂ ਨੂੰ ਪਾਸ ਕਰਵਾਉਣਾ ਹੁੰਦਾ ਹੈ। ਹਾਲਾਂਕਿ ਸੈਸ਼ਨ ਅਜਿਹੇ ਸਮੇਂ ਸ਼ੁਰੂ ਹੋ ਰਿਹਾ ਹੈ ਜਦੋਂ ਬੰਗਾਲ ਸਮੇਤ 5 ਸੂਬਿਆਂ 'ਚ ਵਿਧਾਨਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਤੇ ਚੋਣ ਅਭਿਆਨ ਜ਼ੋਰਾਂ 'ਤੇ ਹੈ।
ਅਜਿਹੇ 'ਚ ਤੈਅ ਮੰਨਿਆ ਜਾ ਸਕਦਾ ਹੈ ਕਿ ਇਨ੍ਹਾਂ ਚੋਣਾਂ ਦੀ ਗੂੰਜ ਸੰਸਦ 'ਚ ਵੀ ਸੁਣਾਈ ਦੇਵੇਗੀ। ਸਾਰੀਆਂ ਪਾਰਟੀਆਂ ਸੰਸਦ ਨੂੰ ਵੀ ਚੋਣ ਅਭਿਆਨ ਲਈ ਇਕ ਮੰਚ ਦੇ ਤੌਰ 'ਤੇ ਇਸਤੇਮਾਲ ਕਰਨਾ ਚਾਹੁਣਗੀਆਂ। ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੇ ਸੰਕੇਤ ਦਿੱਤੇ ਹਨ ਕਿ ਨਾ ਸਿਰਫ ਬਜਟ ਬਲਕਿ ਕਈ ਹੋਰ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਹੈ। ਇਨ੍ਹਾਂ 'ਚ ਸਭ ਤੋਂ ਪਹਿਲਾਂ ਕਿਸਾਨ ਅੰਦੋਲਨ ਦਾ ਮੁੱਦਾ ਹੈ। ਅੰਦੋਲਨ ਦੇ 100 ਦਿਨ ਪੂਰੇ ਹੋ ਗਏ ਤੇ ਅਜਿਹੇ 'ਚ ਸਰਕਾਰ ਤੇ ਅੰਦੋਲਨ ਕਰ ਰਹੇ ਕਿਸਾਨਾਂ ਵਿਚਾਲੇ ਗੱਲਬਾਤ ਕਰਕੇ ਅੰਦੋਲਨ ਖਤਮ ਕਰਾਉਣ ਦੀ ਮੰਗ ਕੀਤੀ ਜਾਵੇਗੀ।
ਤੇਲ ਦੀਆਂ ਕੀਮਤਾਂ 'ਤੇ ਸਰਕਾਰ ਨੂੰ ਘੇਰਨ ਦੀ ਤਿਆਰੀ
ਪੈਟਰੋਲ, ਡੀਜ਼ਲ ਤੇ ਐਲਪੀਜੀ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ ਤੇ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਵਿਰੋਧੀਆਂ ਦੀ ਕੋਸ਼ਿਸ਼ ਸਰਕਾਰ ਨੂੰ ਕਟਹਿਰੇ 'ਚ ਖੜਾ ਕਰਨ ਦੀ ਹੋਵੋਗੀ। ਮਹਿੰਗਾਈ ਦੇ ਸਵਾਲ 'ਤੇ ਵਿਰੋਧੀ ਪਾਰਟੀਆਂ ਲਗਾਤਾਰ ਸਰਕਾਰ 'ਤੇ ਹਮਲੇ ਕਰ ਰਹੀਆਂ ਹਨ। ਕੋਰੋਨਾ ਮਾਮਲਿਆਂ 'ਚ ਫਿਰ ਤੋਂ ਤੇਜ਼ੀ ਹੋ ਰਹੀ ਹੈ। ਇਸ ਮਸਲੇ 'ਤੇ ਵੀ ਵਿਰੋਧੀ ਸਵਾਲ ਪੁੱਛਣਗੇ। ਡਿਜ਼ੀਟਲ ਮੀਡੀਆ ਲਈ ਬਣਾਏ ਗਏ ਨਵੇਂ ਨਿਯਮਾਂ 'ਤੇ ਵੀ ਵਿਰੋਧੀਆਂ ਨੇ ਸਰਕਾਰ ਨੂੰ ਘੇਰਨ ਦੇ ਸੰਕੇਤ ਦਿੱਤੇ ਹਨ।
ਓਧਰ ਮੋਦੀ ਸਰਕਾਰ ਤੇ ਬੀਜੇਪੀ ਸੈਸ਼ਨ ਦਾ ਪੂਰਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰੇਗੀ ਤਾਂ ਕਿ ਆਪਣੀ ਗੱਲ ਲੋਕਾਂ ਤਕ ਪਹੁੰਚਾ ਸਕੇ। ਕਿਸਾਨ ਅੰਦੋਲਨ ਨੂੰ ਲੈਕੇ ਸਰਕਾਰ ਨੇ ਆਪਣਾ ਰੁਖ ਪਹਿਲਾਂ ਹੀ ਸਾਫ ਕਰ ਦਿੱਤਾ ਹੈ। ਹਾਲਾਂਕਿ ਸਰਕਾਰ ਨੂੰ ਮਹਿੰਗਾਈ ਦੇ ਸਵਾਲ 'ਤੇ ਜਵਾਬ ਦੇਣ 'ਚ ਖਾਸੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।