ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਐਲਾਨ : ਗਲਤ ਪਾਰਕਿੰਗ ਦੀ ਫ਼ੋਟੋ ਭੇਜਣ ਵਾਲੇ ਨੂੰ ਮਿਲੇਗਾ 500 ਰੁਪਏ ਦਾ ਇਨਾਮ, ਇਸ ਲਈ ਲਿਆਵਾਂਗੇ ਕਾਨੂੰਨ
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਦਿੱਲੀ 'ਚ ਇੱਕ ਸਮਾਗਮ ਦੌਰਾਨ ਗਲਤ ਪਾਰਕਿੰਗ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ, "ਮੈਂ ਅਜਿਹਾ ਕਾਨੂੰਨ ਲਿਆਉਣ ਜਾ ਰਿਹਾ ਹਾਂ ਕਿ ਜੇਕਰ ਕੋਈ ਸੜਕ 'ਤੇ
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਦਿੱਲੀ 'ਚ ਇੱਕ ਸਮਾਗਮ ਦੌਰਾਨ ਗਲਤ ਪਾਰਕਿੰਗ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ, "ਮੈਂ ਅਜਿਹਾ ਕਾਨੂੰਨ ਲਿਆਉਣ ਜਾ ਰਿਹਾ ਹਾਂ ਕਿ ਜੇਕਰ ਕੋਈ ਸੜਕ 'ਤੇ ਗਲਤ ਢੰਗ ਨਾਲ ਵਾਹਨ ਖੜ੍ਹਾ ਕਰਦਾ ਹੈ ਤਾਂ ਉਸ ਨੂੰ 1000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅਜਿਹੇ ਵਾਹਨਾਂ ਦੀ ਫ਼ੋਟੋ ਖਿੱਚ ਕੇ ਭੇਜਣ ਵਾਲੇ ਵਿਅਕਤੀ ਨੂੰ 500 ਰੁਪਏ ਦਿੱਤੇ ਜਾਣਗੇ।"
ਗਡਕਰੀ ਨੇ ਕਿਹਾ, "ਗਲਤ ਪਾਰਕਿੰਗ ਇੱਕ ਵੱਡਾ ਖ਼ਤਰਾ ਹੈ। ਅਜਿਹਾ ਸ਼ਹਿਰੀ ਭਾਰਤ 'ਚ ਕਾਰਾਂ ਦੀ ਵਧਦੀ ਗਿਣਤੀ ਕਾਰਨ ਹੋ ਰਿਹਾ ਹੈ। ਪਰਿਵਾਰ ਦੇ ਹਰ ਮੈਂਬਰ ਕੋਲ ਕਾਰ ਹੋਣ ਦੇ ਬਾਵਜੂਦ ਉਹ ਪਾਰਕਿੰਗ ਦੀ ਥਾਂ ਨਹੀਂ ਬਣਾਉਂਦੇ। ਉਦਾਹਰਣ ਵਜੋਂ, ਦਿੱਲੀ 'ਚ ਚੌੜੀਆਂ ਸੜਕਾਂ ਨੂੰ ਪਾਰਕਿੰਗ ਸਥਾਨ ਮੰਨਿਆ ਜਾ ਰਿਹਾ ਹੈ।"
ਗਡਕਰੀ ਨੇ ਦੱਸਿਆ ਕਿ ਨਾਗਪੁਰ ਸਥਿਤ ਉਨ੍ਹਾਂ ਦੇ ਘਰ 'ਚ 12 ਕਾਰਾਂ ਦੀ ਪਾਰਕਿੰਗ ਹੈ ਅਤੇ ਉਹ ਸੜਕ 'ਤੇ ਬਿਲਕੁਲ ਵੀ ਪਾਰਕ ਨਹੀਂ ਕਰਦੇ। ਅੱਜ 4 ਮੈਂਬਰਾਂ ਵਾਲੇ ਪਰਿਵਾਰ ਕੋਲ 4 ਕਾਰਾਂ ਹਨ। ਲਗਦਾ ਹੈ ਦਿੱਲੀ ਦੇ ਲੋਕ ਖੁਸ਼ਕਿਸਮਤ ਹਨ। ਅਸੀਂ ਉਨ੍ਹਾਂ ਦੇ ਵਾਹਨ ਪਾਰਕ ਕਰਨ ਲਈ ਸੜਕ ਬਣਾ ਦਿੱਤੀ ਹੈ। ਗਡਕਰੀ ਨੇ ਕਿਹਾ, "ਇਲੈਕਟ੍ਰਿਕ ਵਾਹਨਾਂ ਵਾਲੇ ਪਬਲਿਕ ਟਰਾਂਸਪੋਰਟ ਭਾਰਤ ਲਈ ਜ਼ਰੂਰੀ ਹੈ। ਅਮਰੀਕਾ 'ਚ ਸਵੀਪਰਾਂ ਕੋਲ ਵੀ ਕਾਰਾਂ ਹਨ। ਜਲਦੀ ਹੀ ਦੇਸ਼ 'ਚ ਵੀ ਅਜਿਹੀ ਸਥਿਤੀ ਬਣੇਗੀ। ਹਰ ਕੋਈ ਕਾਰ ਖਰੀਦ ਰਿਹਾ ਹੈ।"
ਕਾਰਾਂ ਦੀ ਵਿਕਰੀ ਦੀ ਗੱਲ ਕਰੀਏ ਤਾਂ ਕੋਰੋਨਾ ਤੋਂ ਬਾਅਦ ਦੇਸ਼ 'ਚ ਕਾਰਾਂ ਦੀ ਵਿਕਰੀ 'ਚ ਭਾਰੀ ਗਿਰਾਵਟ ਤੋਂ ਬਾਅਦ ਤੇਜ਼ੀ ਦੇਖਣ ਨੂੰ ਮਿਲੀ ਹੈ। ਮਈ 2022 'ਚ ਕਾਰਾਂ ਦੀ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੀ ਹੋ ਗਈ। ਸੁਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (SIAM) ਦੇ ਅਨੁਸਾਰ ਮਈ 2022 'ਚ ਯਾਤਰੀ ਵਾਹਨਾਂ ਦੀ ਥੋਕ ਵਿਕਰੀ ਵੱਧ ਕੇ 2.5 ਲੱਖ ਯੂਨਿਟ ਹੋ ਗਈ ਜੋ ਪਿਛਲੇ ਸਾਲ ਮਈ 'ਚ 1 ਲੱਖ ਯੂਨਿਟ ਤੋਂ ਘੱਟ ਸੀ।
ਇਨ੍ਹਾਂ 'ਚ ਦੋ ਪਹੀਆ ਅਤੇ ਤਿੰਨ ਪਹੀਆ ਵਾਹਨਾਂ ਨੂੰ ਛੱਡ ਕੇ ਕਾਰਾਂ ਅਤੇ ਹੋਰ ਵਾਹਨ ਸ਼ਾਮਲ ਹਨ। ਇਸ ਸਾਲ ਮਈ 'ਚ ਯਾਤਰੀ ਵਾਹਨਾਂ, ਦੋ ਪਹੀਆ ਵਾਹਨਾਂ ਅਤੇ ਤਿੰਨ ਪਹੀਆ ਵਾਹਨਾਂ ਦੀ ਕੁੱਲ ਵਿਕਰੀ ਵੱਧ ਕੇ 15 ਲੱਖ ਤੋਂ ਵੱਧ ਹੋ ਗਈ, ਜੋ ਪਿਛਲੇ ਸਾਲ ਇਸੇ ਮਹੀਨੇ 'ਚ 5 ਲੱਖ ਤੋਂ ਘੱਟ ਸੀ।