ਨਵੀਂ ਦਿੱਲੀ: ਵ੍ਹਟਸਐਪ (Whatsapp) ਨੇ ਅੱਜ ਤੋਂ ਦੇਸ਼ ਵਿੱਚ ਆਪਣੀ ‘ਪੇਮੈਂਟ ਸਰਵਿਸ’ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਇੱਕ ਬਲੌਗ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ। ‘ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ’ (NPCI) ਨੇ ਵੀਰਵਾਰ ਸ਼ਾਮੀਂ ਵ੍ਹਟਸਐਪ ਨੂੰ UPI ਆਧਾਰਤ ਪੇਮੈਂਟ ਸਰਵਿਸ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਵ੍ਹਟਸਐੱਪ ਦਰਅਸਲ ਫ਼ੇਸਬੁੱਕ ਦੀ ਸਹਾਇਕ ਕੰਪਨੀ ਹੈ।

NPCI ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਫ਼ੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ ਨੇ ਇੱਕ ਵੀਡੀਓ ਬਿਆਨ ਜਾਰੀ ਕਰ ਕੇ ਕਿਹਾ ਕਿ ਵ੍ਹਟਸਐਪ ਦੀ ‘ਪੇਮੈਂਟ ਸਰਵਿਸ’ 10 ਖੇਤਰੀ ਭਾਸ਼ਾਵਾਂ ਦੇ ਵ੍ਹਟਸਐਪ ਵਰਜ਼ਨ ਵਿੱਚ ਉਪਲਬਧ ਹੋਵੇਗੀ। ਉਨ੍ਹਾਂ ਕਿਹਾ ਕਿ ਵ੍ਹਟਸਐਪ ਰਾਹੀਂ ਪੇਮੈਂਟ ਕਰਨ ਉੱਤੇ ਕਿਸੇ ਵੀ ਤਰ੍ਹਾਂ ਦਾ ਚਾਰਜ ਵਸੂਲ ਨਹੀਂ ਕੀਤਾ ਜਾਵੇਗਾ। ਵ੍ਹਟਸਐਪ ਦੇ ਭਾਰਤ ਵਿੱਚ 40 ਕਰੋੜ ਤੋਂ ਵੱਧ ਯੂਜ਼ਰ ਹਨ। ਕੰਪਨੀ ਪਿਛਲੇ ਦੋ ਸਾਲਾਂ ਤੋਂ ਆਪਣੀ ‘ਪੇਮੈਂਟ ਸਰਵਿਸ’ ਸ਼ੁਰੂ ਕਰਨ ਲਈ ਪ੍ਰਵਾਨਗੀ ਦੀ ਉਡੀਕ ਕਰ ਰਹੀ ਸੀ। ਵ੍ਹਟਸਐਪ ਲਗਭਗ 10 ਲੱਖ ਯੂਜ਼ਰਜ਼ ਰਾਹੀਂ ‘ਪੇਮੈਂਟ ਸਰਵਿਸ’ ਦੀ ਟੈਸਟਿੰਗ ਵੀ ਕਰ ਰਹੀ ਸੀ।

ਭਾਰਤ 'ਚ ਕੋਰੋਨਾ ਦੀ ਕੀ ਹੈ ਸਥਿਤੀ ? ਜਾਣੋ ਅੰਕੜੇ

ਮਾਰਕ ਜ਼ਕਰਬਰਗ ਨੇ ਕਿਹਾ ਕਿ 140 ਤੋਂ ਵੱਧ ਬੈਂਕਾਂ ਦੇ ਗਾਹਕ ਵ੍ਹਟਸਐਪ ਰਾਹੀਂ ਆਪਣੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨੂੰ ਭੁਗਤਾਨ ਕਰ ਸਕਣਗੇ। ਉਨ੍ਹਾਂ ਕਿਹਾ ਕਿ ‘ਵ੍ਹਟਸਐਪ ਪੇਮੈਂਟ’ ਪੂਰੀ ਤਰ੍ਹਾਂ ਸੁਰੱਖਿਅਤ ਹੈ। ਵ੍ਹਟਸਐਪ ਰਾਹੀਂ ਭੁਗਤਾਨ ਕਰਨ ਲਈ ਕੇਵਲ UPI ਨਾਲ ਜੁੜੇ ਡੈਬਿਟ ਕਾਰਡ ਦੀ ਜ਼ਰੂਰਤ ਹੋਵੇਗੀ ਤੇ ਤੁਸੀਂ ਸਿੱਧੀ ਅਦਾਇਗੀ ਕਰ ਸਕੋਗੇ। ਇਹ ‘ਪੇਮੈਂਟ’ ਫ਼ੀਚਰ ਵ੍ਹਟਸਐਪ ਦੇ ਨਵੇਂ ਅਪਡੇਟ ਵਿੱਚ ਮਿਲਣਾ ਸ਼ੁਰੂ ਹੋ ਜਾਵੇਗਾ। ਵ੍ਹਟਸਐਪ ਨੇ ਕਿਹਾ ਕਿ ਹਾਲੇ ਇਸ ਸਰਵਿਸ ਲਈ ICICI ਬੈਂਕ, HDFC ਬੈਂਕ, ਐਕਸਿਸ ਬੈਂਕ, ਸਟੇਟ ਬੈਂਕ ਆੱਫ਼ ਇੰਡੀਆ (SBI) ਤੇ ਜੀਓ ਪੇਮੈਂਟਸ ਬੈਂਕ ਨਾਲ ਭਾਈਵਾਲੀ ਪਾਈ ਗਈ ਹੈ।

ਉੱਧਰ NPCI ਨੇ ਕਿਹਾ ਹੈ ਕਿ ਵ੍ਹਟਸਐਪ ਆਪਣਾ ‘ਪੇਮੈਂਟ ਸਰਵਿਸ’ ਦੀ ਸ਼ੁਰੂਆਤ 2 ਕਰੋੜ ਯੂਜ਼ਰਜ਼ ਤੋਂ ਕਰ ਸਕਦਾ ਹੈ। ਦੇਸ਼ ਵਿੱਚ UPI ਰਾਹੀਂ ਪੇਮੈਂਟ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅਕਤੂਬਰ ’ਚ ਦੇਸ਼ ਵਿੱਚ UPI ਰਾਹੀਂ 2.07 ਅਰਬ ਲੈਣ-ਦੇਣ ਹੋਏ ਹਨ। ਇਸ ਤੋਂ ਪਿਛਲੇ ਮਹੀਨੇ ਭਾਵ ਸਤੰਬਰ ਮਹੀਨੇ ਦੌਰਾਨ UPI ਰਾਹੀਂ 1.8 ਅਰਬ ਲੈਣ-ਦੇਣ ਹੋੲ ਸਨ। ਦੇਸ਼ ਵਿੱਚ ਪ੍ਰਚੂਨ ਭੁਗਤਾਨ ਤੇ ਸੈਟਲਮੈਂਟ ਸਿਸਟਮ ਨੂੰ ਆਪਰੇਟ ਕਰਨ ਲਈ NPCI ਨੂੰ ਇੱਕ ‘ਅੰਬਰੈਲਾ ਸੰਗਠਨ’ ਵਜੋਂ ਸਥਾਪਤ ਕੀਤਾ ਗਿਆ ਸੀ।

Pollution in Delhi-NCR: ਦਿੱਲੀ ਵਿੱਚ ਧੂੰਏਂ ਦਾ ਕਹਿਰ, ਫਿੱਕੀ ਪਈ ਸੂਰਜ ਦੀ ਰੌਸ਼ਨੀ

ਵ੍ਹਟਸਐਪ ਦੀ ‘ਪੇਮੈਂਟ ਸਰਵਿਸ’ ਨੂੰ ਹੌਲੀ-ਹੌਲੀ ਸ਼ੁਰੂ ਕੀਤਾ ਜਾ ਰਿਹਾ ਹੈ। NPCI ਦੀਆਂ ਹਦਾਇਤਾਂ ਨੂੰ ਧਿਆਨ ’ਚ ਰੱਖਦਿਆਂ ਯੂਜ਼ਰਜ਼ ਨੂੰ ਹੌਲੀ-ਹੌਲੀ ‘ਪੇਮੈਂਟ ਸਰਵਿਸ’ ਦਾ ਅਪਡੇਟ ਦਿੱਤਾ ਜਾ ਰਿਹਾ ਹੈ। ਸ਼ੁਰੂ ਵਿੱਚ ਸਾਰੇ ਯੂਜ਼ਰਜ਼ ਨੂੰ ਇਸ ‘ਪੇਮੈਂਟ ਸਰਵਿਸ’ ਦਾ ਅਪਡੇਟ ਨਹੀਂ ਮਿਲੇਗਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904