Wheat Price in India: ਭਾਰਤ ਵਿੱਚ ਪੈਟਰੋਲ-ਡੀਜ਼ਲ ਅਤੇ ਖਾਣ ਵਾਲੇ ਤੇਲ ਤੋਂ ਬਾਅਦ ਹੁਣ ਕਣਕ ਦੀਆਂ ਕੀਮਤਾਂ ਮਹਿੰਗਾਈ ਦੀ ਮਾਰ ਹੇਠ ਹਨ। ਦੇਸ਼ ਭਰ ਵਿੱਚ ਆਟੇ ਅਤੇ ਆਟੇ ਦੀਆਂ ਵਸਤਾਂ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ। ਕਣਕ ਦੀਆਂ ਕੀਮਤਾਂ 'ਚ ਵਾਧੇ ਦਾ ਅਸਰ ਦੇਸ਼ ਦੇ ਲੋਕਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਭਾਰਤ 'ਚ ਘਰੇਲੂ ਪੱਧਰ 'ਤੇ ਵਧਦੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਤੁਰੰਤ ਪ੍ਰਭਾਵ ਨਾਲ ਕਣਕ ਦੀ ਬਰਾਮਦ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।


ਜਲਦੀ ਹੀ ਕੀਮਤਾਂ 'ਚ ਮਿਲੇਗੀ ਰਾਹਤ


ਦੱਸ ਦੇਈਏ ਕਿ ਸਰਕਾਰ ਦੇ ਇਸ ਕਦਮ ਨਾਲ ਕੀਮਤਾਂ 'ਚ ਰਾਹਤ ਮਿਲੇਗੀ। ਇਸ ਦੇ ਨਾਲ ਹੀ ਜਲਦੀ ਹੀ ਆਟੇ ਦੀਆਂ ਕੀਮਤਾਂ ਵੀ ਹੇਠਾਂ ਆਉਣਗੀਆਂ। ਇਹ ਜਾਣਕਾਰੀ ਅਧਿਕਾਰਤ ਨੋਟੀਫਿਕੇਸ਼ਨ ਤੋਂ ਮਿਲੀ ਹੈ। ਹਾਲਾਂਕਿ, ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (ਡੀਜੀਐਫਟੀ) ਨੇ ਕਿਹਾ, "ਇਸ ਨੋਟੀਫਿਕੇਸ਼ਨ ਦੀ ਮਿਤੀ ਨੂੰ ਜਾਂ ਇਸ ਤੋਂ ਪਹਿਲਾਂ ਐਲਓਸੀ ਜਾਰੀ ਕੀਤੇ ਗਏ ਖੇਪਾਂ ਦੇ ਨਿਰਯਾਤ ਦੀ ਇਜਾਜ਼ਤ ਦਿੱਤੀ ਜਾਵੇਗੀ।"


DGFT ਨੇ ਕਿਹਾ ਕਿ ਕਣਕ ਦੀ ਨਿਰਯਾਤ ਨੀਤੀ 'ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾਈ ਗਈ ਹੈ... ਇਸ ਵਿਚ ਕਿਹਾ ਗਿਆ ਕਿ ਭਾਰਤ ਸਰਕਾਰ ਵਲੋਂ ਦੂਜੇ ਦੇਸ਼ਾਂ ਨੂੰ ਉਨ੍ਹਾਂ ਦੀਆਂ ਖੁਰਾਕ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਤੇ ਉਨ੍ਹਾਂ ਦੀਆਂ ਸਰਕਾਰਾਂ ਦੀ ਬੇਨਤੀ ਦੇ ਆਧਾਰ 'ਤੇ  ਇਜਾਜ਼ਤ ਦਿੱਤੀ ਗਈ। ਪਰ ਕਣਕ ਦੀ ਬਰਾਮਦ ਦੀ ਇਜਾਜ਼ਤ ਹੋਵੇਗੀ।


ਪਿਆਜ਼ ਦੀਆਂ ਕੀਮਤਾਂ ਨੂੰ ਲੈ ਕੇ ਵੀ ਲਿਆ ਗਿਆ ਇਹ ਫੈਸਲਾ


ਇੱਕ ਵੱਖਰੀ ਨੋਟੀਫਿਕੇਸ਼ਨ ਵਿੱਚ, ਡੀਜੀਐਫਟੀ ਨੇ ਪਿਆਜ਼ ਦੇ ਬੀਜਾਂ ਲਈ ਨਿਰਯਾਤ ਦੀਆਂ ਸ਼ਰਤਾਂ ਨੂੰ ਸੌਖਾ ਕਰਨ ਦਾ ਐਲਾਨ ਕੀਤਾ। ਡੀਜੀਐਫਟੀ ਨੇ ਕਿਹਾ, "ਪਿਆਜ਼ ਦੇ ਬੀਜਾਂ ਦੀ ਨਿਰਯਾਤ ਨੀਤੀ ਨੂੰ ਤੁਰੰਤ ਪ੍ਰਭਾਵ ਨਾਲ ਸੀਮਤ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।" ਇਸ ਤੋਂ ਪਹਿਲਾਂ ਪਿਆਜ਼ ਦੇ ਬੀਜਾਂ ਦੇ ਨਿਰਯਾਤ 'ਤੇ ਪਾਬੰਦੀ ਲਗਾਈ ਗਈ ਸੀ।


ਮਹਿੰਗਾਈ 8 ਸਾਲ ਦੇ ਰਿਕਾਰਡ ਪੱਧਰ 'ਤੇ


ਦੱਸ ਦੇਈਏ ਕਿ ਇਸ ਹਫ਼ਤੇ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਤੇਲ ਅਤੇ ਖਾਣ-ਪੀਣ ਦੀਆਂ ਕੀਮਤਾਂ ਵਧਣ ਕਾਰਨ ਅਪ੍ਰੈਲ 'ਚ ਪ੍ਰਚੂਨ ਮਹਿੰਗਾਈ ਅੱਠ ਸਾਲ ਦੇ ਉੱਚ ਪੱਧਰ 'ਤੇ ਪਹੁੰਚ ਗਈ ਸੀ। ਰੂਸ ਅਤੇ ਯੂਕਰੇਨ ਵਿਚਾਲੇ ਜੰਗ ਕਾਰਨ ਕਣਕ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਦੋਵੇਂ ਦੇਸ਼ ਕਣਕ ਦੇ ਵੱਡੇ ਨਿਰਯਾਤਕ ਸੀ।


ਕਣਕ ਦੀ ਬਰਾਮਦ ਦਾ ਪ੍ਰਭਾਵ


ਵਿਸ਼ਵਵਿਆਪੀ ਮੰਗ ਕਾਰਨ ਭਾਰਤ ਦੀ ਕਣਕ ਦੀ ਬਰਾਮਦ 2021-22 ਵਿੱਚ 70 ਲੱਕ ਟਨ ਯਾਨੀ 2.05 ਬਿਲੀਅਨ ਅਮਰੀਕੀ ਡਾਲਰ ਹੋ ਗਈ ਹੈ। ਡੀਜੀਐਫਟੀ ਦੇ ਅੰਕੜਿਆਂ ਮੁਤਾਬਕ ਪਿਛਲੇ ਵਿੱਤੀ ਸਾਲ ਵਿੱਚ ਕੁੱਲ ਕਣਕ ਦੀ ਬਰਾਮਦ ਚੋਂ, ਲਗਪਗ 50 ਪ੍ਰਤੀਸ਼ਤ ਖੇਪ ਬੰਗਲਾਦੇਸ਼ ਨੂੰ ਭੇਜੀ ਗਈ ਸੀ। ਦੇਸ਼ ਨੇ ਇਸ ਸਾਲ ਲਗਪਗ 9,63,000 ਟਨ ਕਣਕ ਦਾ ਨਿਰਯਾਤ ਕੀਤਾ ਜਦੋਂ ਕਿ ਪਿਛਲੇ ਸਾਲ ਇਸ ਸਮੇਂ ਦੌਰਾਨ ਇਹ 1,30,000 ਟਨ ਸੀ।


1 ਕਰੋੜ ਟਨ ਕਣਕ ਬਰਾਮਦ ਹੋਣ ਦੀ ਉਮੀਦ


ਭਾਰਤ ਨੂੰ 2022-23 ਵਿੱਚ 1 ਕਰੋੜ ਟਨ ਕਣਕ ਦੀ ਬਰਾਮਦ ਦੀ ਉਮੀਦ ਸੀ। ਵਣਜ ਮੰਤਰਾਲੇ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਭਾਰਤ ਕਣਕ ਦੀ ਬਰਾਮਦ ਨੂੰ ਵਧਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਨੌਂ ਦੇਸ਼ਾਂ-ਮੋਰੱਕੋ, ਟਿਊਨੀਸ਼ੀਆ, ਇੰਡੋਨੇਸ਼ੀਆ, ਫਿਲੀਪੀਨਜ਼, ਥਾਈਲੈਂਡ, ਵੀਅਤਨਾਮ, ਤੁਰਕੀ, ਅਲਜੀਰੀਆ ਅਤੇ ਲੇਬਨਾਨ ਵਿੱਚ ਵਪਾਰਕ ਵਫ਼ਦ ਭੇਜੇਗਾ।


ਇਹ ਵੀ ਪੜ੍ਹੋ: RRR On OTT: ਹੁਣ ਘਰ ਬੈਠੇ ਬਲਾਕਬਸਟਰ ਫਿਲਮ ਆਰਆਰਆਰ ਵੇਖਣ ਲਈ ਹੋ ਜਾਓ ਤਿਆਰ, ਜਾਣੋ ਕਦੋਂ ਅਤੇ ਕਿੱਥੇ ਰਿਲੀਜ਼ ਹੋ ਰਹੀ ਫਿਲਮ