ਜਲੰਧਰ: ਇੱਕ ਨੌਜਵਾਨ ਨੂੰ ਉਸ ਤੇ ਆਪਣਿਆਂ ਵੱਲੋਂ ਹੀ ਜ਼ਿੰਦਾ ਸਾੜ ਕੇ ਮਾਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਵਿਵਾਦ ਪ੍ਰਾਪਰਟੀ ਦਾ ਹੈ ਜਿਸ ਦੇ ਚੱਲਦੇ ਬੀਤੇ ਸ਼ੁੱਕਰਵਾਰ ਦੇਰ ਰਾਤ ਉਸ ਦੇ ਭਰਾਵਾਂ ਤੇ ਭਾਬੀਆਂ ਨੇ ਉਸ ਨੂੰ ਘੇਰ ਕੇ ਪੈਟਰੋਲ ਪਾ ਦਿੱਤਾ ਤੇ ਅੱਗ ਲਾ ਦਿੱਤੀ। ਇਸ ਤੋਂ ਬਾਅਦ ਉਹ ਜਾਨ ਬਚਾਉਣ ਲਈ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਹੋਇਆ ਬਾਹਰ ਸੜਕ ਤੇ ਦੌੜ ਗਿਆ। ਲੋਕਾਂ ਨੇ ਦੇਖਿਆ ਤਾਂ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਹਸਪਤਾਲ ਪਹੁੰਚਾਇਆ। ਇਸ ਘਟਨਾ ਦਾ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਹੈ।


ਜ਼ਖ਼ਮੀ ਦੀ ਪਛਾਣ ਟੈਗੋਰ ਨਗਰ ਦੇ ਰਹਿਣ ਵਾਲੇ ਟਿਊਟਰ ਰਜੇਸ਼ ਕੁਮਾਰ ਉਰਫ ਰਾਜੂ ਦੇ ਰੂਪ ਵਿਚ ਹੋਈ ਹੈ। ਸ਼ਿਵ ਸੈਨਾ ਹਿੰਦ ਦੇ ਯੁਵਾ ਰਾਸ਼ਟਰੀ ਪ੍ਰਧਾਨ ਇਸ਼ਾਂਤ ਸ਼ਰਮਾ ਨੇ ਦੱਸਿਆ ਕਿ ਰਜੇਸ਼ ਰਾਜੂ ਉਨ੍ਹਾਂ ਦੇ ਗੁਆਂਢ 'ਚ ਹੀ ਰਹਿੰਦਾ ਹੈ। ਸ਼ੁੱਕਰਵਾਰ ਦੇਰ ਰਾਤ ਕਰੀਬ 10 ਵਜੇ ਉਨ੍ਹਾਂ ਨੂੰ ਚੀਕਾਂ ਸੁਣੀਆਂ। ਘਰ ਤੋਂ ਬਾਹਰ ਆਉਣ ਤੇ ਵੇਖਿਆ ਕਿ ਅੱਗ ਦੀਆਂ ਲਪਟਾਂ ਦੇ ਵਿੱਚ ਘਿਰਿਆ ਰਾਜੂ ਦੌੜ ਰਿਹਾ ਹੈ।

ਦਰਦ ਨਾਲ ਚੀਕਾਂ ਮਾਰਦੇ ਹੋਏ ਉਹ ਖਾਲੀ ਪਲਾਟ ਤੇ ਜਾ ਕੇ ਡਿੱਗ ਪਿਆ। ਉਥੇ ਸੁੱਕੀ ਘਾਹ ਪਈ ਹੋਈ ਸੀ ਇਸ ਦੇ ਨਾਲ ਅੱਗ ਹੋਰ ਭੜਕ ਗਈ। ਇਸ਼ਾਂਤ ਸ਼ਰਮਾ ਨੇ ਮੁਹੱਲੇ ਵਾਲਿਆਂ ਦੀ ਮਦਦ ਦੇ ਨਾਲ ਪਾਣੀ ਪਾ ਕੇ ਅੱਗ ਬੁਝਾਈ। ਨਾਲ ਹੀ ਥਾਣਾ ਡਵੀਜ਼ਨ ਨੰ ਪੰਜ ਦੀ ਪੁਲਿਸ ਤੇ ਐਂਬੂਲੈਂਸ ਨੂੰ ਫੋਨ ਕੀਤਾ। ਐਬੂਲੈਂਸ ਆਉਣ ਤੋਂ ਪਹਿਲਾਂ ਹੀ ਉਸ ਨੂੰ ਚਾਦਰ ਵਿੱਚ ਲਪੇਟ ਕੇ ਆਟੋ ਤੇ ਬਿਠਾ ਕੇ ਸਿਵਲ ਹਸਪਤਾਲ ਲੈ ਗਏ।

ਇਸ਼ਾਂਤ ਸ਼ਰਮਾ ਦੀ ਮੰਨੀਏ ਤਾਂ ਉਨ੍ਹਾਂ ਨੂੰ ਰਾਜੂ ਨੇ ਦੱਸਿਆ ਕਿ ਉਸ ਦੇ ਦੋ ਭਰਾਵਾਂ ਤੇ ਭਾਬੀਆਂ ਨੇ ਪੈਟਰੋਲ ਪਾ ਕੇ ਉਸ ਨੂੰ ਜਿੰਦਾ ਜਲਾਉਣ ਦੀ ਕੋਸ਼ਿਸ਼ ਕੀਤੀ ਹੈ। ਜ਼ਖ਼ਮੀ ਰਾਜੂ ਦਾ ਵਿਆਹ ਸੱਤ ਸਾਲ ਪਹਿਲਾਂ ਹੋਇਆ ਸੀ। ਤਿੰਨ ਸਾਲ ਤੋਂ ਉਸ ਦਾ ਉਸ ਦੀ ਪਤਨੀ ਦੇ ਨਾਲ ਅਦਾਲਤ ਦੇ ਵਿੱਚ ਕੋਰਟ ਕੇਸ ਵੀ ਚੱਲ ਰਿਹਾ ਹੈ। ਉਸ ਦਾ ਚਾਰ ਸਾਲ ਦਾ ਬੱਚਾ ਵੀ ਹੈ। ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਥੋੜ੍ਹਾ ਬਹੁਤਾ ਕਮਾ ਲੈਂਦਾ ਹੈ।

ਰਾਜੂ ਨੇ ਦੱਸਿਆ ਕਿ ਉਸ ਦੇ ਭਰਾ ਮੈਨੂੰ ਬਹੁਤ ਪ੍ਰੇਸ਼ਾਨ ਕਰਦੇ ਸੀ। ਇੱਕ ਭਰਾ ਨੇ ਖ਼ੁਦ ਨੂੰ ਐਸ ਸੀ ਦੱਸ ਕੇ ਗਲਤ ਢੰਗ ਨਾਲ ਨੌਕਰੀ ਲਈ ਹੋਈ ਹੈ।ਇਹ ਡਰ ਹੈ ਕਿ ਰਾਜੂ ਉਨ੍ਹਾਂ ਦਾ ਭੇਤ ਖੋਲ੍ਹ ਸਕਦਾ ਹੈ। ਉਥੇ ਹੀ ਪ੍ਰਾਪਰਟੀ ਦੇ ਵਿਚ ਹਿੱਸਾ ਮੰਗਣ ਦਾ ਵੀ ਡਰ ਸੀ। ਇਸ ਦੇ ਚੱਲਦੇ ਉਸ ਤੇ ਭਰਾਵਾਂ ਤੇ ਭਾਬੀਆਂ ਨੇ ਉਸ ਨੂੰ ਪੈਟਰੋਲ ਪਾ ਕੇ ਮਾਰਨ ਦਾ ਸੋਚਿਆ ਤੇ ਕੋਸ਼ਿਸ਼ ਕੀਤੀ।

ਉਧਰ ਹੀ, ਥਾਣਾ ਪੰਜ ਦੀ ਪੁਲੀਸ ਮੌਕੇ ਤੇ ਹੀ ਪਹੁੰਚ ਗਈ ਸੀ। ਇਸ ਦੇ ਬਾਰੇ ਏਐਸਆਈ ਮੋਹਨ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੇ ਵਿੱਚ ਜ਼ਖਮੀ ਰਾਜੂ ਦੇ ਬਿਆਨਾਂ ਦੇ ਆਧਾਰ ਤੇ ਉਸ ਦੇ ਭਰਾਵਾਂ ਤੇ ਭਾਬੀਆਂ ਨੇ ਉਸ ਨੂੰ ਜ਼ਿੰਦਾ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਡਾਕਟਰ ਨੇ ਜ਼ਖ਼ਮੀ ਨੂੰ ਅਜੇ ਅਣਫਿੱਟ ਕਰਾਰ ਦਿੱਤਾ ਹੈ। ਉਸ ਦੇ ਦੁਬਾਰਾ ਬਿਆਨ ਲਏ ਜਾਣਗੇ। ਇਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਏਗੀ।