ਚੰਡੀਗੜ੍ਹ: ਅੱਜ ਪੰਜਾਬ ਦਿਵਸ ਹੈ। ਪਹਿਲੀ ਨਵੰਬਰ 1966 ਵਿੱਚ ਮੌਜੂਦਾ ਪੰਜਾਬ ਹੋਂਦ ਵਿੱਚ ਆਇਆ। ਬੇਸ਼ੱਕ ਨਵਾਂ ਪੰਜਾਬ ਪੰਜਾਬੀਆਂ ਦੇ ਸੰਘਰਸ਼ ਕਰਕੇ ਬਣਿਆ ਪਰ ਇਸ ਨਾਲ ਸੂਬੇ ਨੂੰ ਵੱਡੀ ਕੀਮਤ ਤਾਰਨੀ ਪਏ। ਸੰਤਾਲੀ ਦੀ ਵੰਡ ਵੇਲੇ ਅੱਧਾ ਪੰਜਾਬ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਰਹਿ ਗਿਆ। ਇਹ ਸਦਮਾ ਅਜੇ ਭੁੱਲਿਆ ਨਹੀਂ ਸੀ ਕਿ 1966 ਵਿੱਚ ਇਸ ਦੀ ਮੁੜ ਵੰਡ ਹੋ ਗਈ। ਇਸ ਨਾਲੋਂ ਵੱਖ ਕਰਕੇ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੋ ਸੂਬੇ ਬਣਾ ਦਿੱਤੇ ਗਏ।
ਅਹਿਮ ਗੱਲ ਹੈ ਕਿ 1966 ਮਗਰੋਂ ਵੀ ਪੰਜਾਬ ਆਪਣੇ ਹੱਕਾਂ ਲਈ ਸੰਘਰਸ਼ ਕਰ ਰਿਹਾ ਹੈ। ਇਸ ਲਈ ਆਜ਼ਾਦੀ ਤੋਂ ਵਰਤਮਾਨ ਸਮੇਂ ਤੱਕ ਪਹੁੰਚੇ ਪੰਜਾਬ ਦਾ ਸਫ਼ਰ ਚੁਣੌਤੀਆਂ ਭਰਿਆ ਹੀ ਰਿਹਾ ਹੈ। ਪੰਜਾਬ ਹਮੇਸ਼ਾਂ ਹੱਕਾਂ ਲਈ ਲੜਦਾ ਰਿਹਾ ਪਰ ਕਦੀ ਵੀ ਹੌਸਲਾ ਨਹੀਂ ਟੁੱਟਣ ਦਿੱਤਾ। ਇਹੀ ਕਾਰਨ ਹੈ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਡੰਕਾ ਪੂਰੇ ਵਿਸ਼ਵ ਵਿੱਚ ਵੱਜਦਾ ਹੈ। ਹਮੇਸ਼ਾਂ ਵੰਗਾਰਾਂ ਤੇ ਵਾਰ-ਵਾਰ ਵੰਡ ਹੋਣ ਤੋਂ ਬਾਅਦ ਵੀ ਪੰਜਾਬ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਚਾਹੇ ਦੇਸ਼ ਦੀ ਸੀਮਾ ਦੀ ਸੁਰੱਖਿਆ ਦਾ ਮਾਮਲਾ ਹੋਵੇ ਤੇ ਚਾਹੇ ਆਪਣੀ ਸੁਰੱਖਿਆ ਦਾ। ਪੰਜਾਬ ਦੇ ਸੂਰਵੀਰ ਜਿੱਥੇ ਸੀਮਾ ਉਤੇ ਪਹਿਰਾ ਦਿੰਦੇ ਹੋਏ ਆਪਣੀ ਕੁਰਬਾਨੀ ਦੇ ਦਿੰਦੇ ਹਨ, ਉੱਥੇ ਹੀ ਹਰੀ ਕ੍ਰਾਂਤੀ ਦੇ ਵੀ ਮੁੱਢ ਪੰਜਾਬੀ ਹੀ ਬਣੇ।
ਭਾਸ਼ਾ ਦੇ ਨਾਂ ਤੇ ਅਲੱਗ ਹੋਏ ਪੰਜਾਬ ਦੀਆਂ ਮੰਗਾਂ ਅੱਜ ਵੀ 54 ਸਾਲਾਂ ਤੋਂ ਉਸੇ ਤਰ੍ਹਾਂ ਹੀ ਹਨ। ਇਨ੍ਹਾਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਸ਼ੁਰੂ ਹੋਏ ਸੰਘਰਸ਼ ਵਿੱਚ ਪੰਜਾਬ ਨੇ ਆਪਣੀ ਪੂਰੀ ਇੱਕ ਪੀੜ੍ਹੀ ਨੂੰ ਸੰਘਰਸ਼ ਦੀ ਅੱਗ ਵਿੱਚ ਝੋਕ ਦਿੱਤਾ। ਪੰਦਰਾਂ ਸਾਲ ਦੇ ਲਹੂ-ਲੁਹਾਣ ਸੰਘਰਸ਼ ਦੀ ਇਹ ਅੱਗ ਠੰਢੀ ਹੋਈ ਤਾਂ ਪੰਜਾਬ ਨੂੰ ਇਸ ਦੇ ਹੋਏ ਨੁਕਸਾਨ ਤੋਂ ਕੱਢਣ ਦੀ ਬਜਾਏ ਕੇਂਦਰ ਸਰਕਾਰ ਨੇ ਗੁਆਂਢੀ ਪਹਾੜੀ ਰਾਜਾਂ ਤੋਂ ਇੰਡਸਟਰੀ ਲਾਉਣ ਲਈ ਕਰਾਂ ਦੀ ਛੋਟ ਦੇ ਕੇ ਸਾਰੀ ਕਸਰ ਪੂਰੀ ਕਰ ਦਿੱਤੀ। ਪੰਜਾਬ ਤੋ ਵੱਡੀ ਸੰਖਿਆ ਵਿੱਚ ਇੰਡਸਟਰੀ ਹਿਮਾਚਲ ਤੇ ਜੰਮੂ ਕਸ਼ਮੀਰ ਵਿੱਚ ਸ਼ਿਫਟ ਹੋ ਗਈ।
ਆਹ ਵੇਖੋ ਪੰਜਾਬ ਦਾ ਹਾਲ, ਅਮਰੀਕੀ ਏਜੰਸੀ ਨਾਸਾ ਨੇ ਭੇਜੀਆਂ ਤਸਵੀਰਾਂ
ਸਾਲ 2004 ਦੇ ਇੱਕ ਮੁਲਾਂਕਣ ਅਨੁਸਾਰ ਕੇਂਦਰ ਦੇ ਇਸ ਫ਼ੈਸਲੇ ਕਾਰਨ ਰਾਜ ਸਰਕਾਰ ਨੂੰ ਦੱਸ ਹਜ਼ਾਰ ਕਰੋੜ ਦਾ ਨੁਕਸਾਨ ਹੋਇਆ। ਖੇਤੀ ਤੇ ਇੰਡਸਟਰੀ ਦੇ ਨੁਕਸਾਨ ਹੋਣ ਤੋਂ ਬਾਅਦ ਇੱਥੋਂ ਦੇ ਨੌਜਵਾਨਾਂ ਨੇ ਵਿਦੇਸ਼ਾਂ ਨੂੰ ਰੁਖ ਕਰ ਲਿਆ। ਅੱਜ ਹਰ ਸਾਲ ਕਰੀਬ ਡੇਢ ਲੱਖ ਤੋਂ ਜ਼ਿਆਦਾ ਬੱਚੇ ਕੈਨੇਡਾ, ਆਸਟਰੇਲੀਆ, ਅਮਰੀਕਾ ਆਦਿ ਦੇਸ਼ਾਂ ਵਿੱਚ ਆਪਣਾ ਭਵਿੱਖ ਤਲਾਸ਼ ਰਹੇ ਹਨ। ਭਾਰਤ ਪਾਕਿਸਤਾਨ ਦੀ ਵੰਡ ਸਮੇਂ ਦੋ ਵੱਡੀਆਂ ਨਦੀਆਂ ਜੇਹਲਮ ਤੇ ਚਨਾਬ ਪਾਕਿਸਤਾਨ ਪੰਜਾਬ ਦੇ ਹਿੱਸੇ ਆਈਆਂ ਤੇ ਬਾਕੀ ਬਚੀਆਂ ਤਿੰਨ ਨਦੀਆਂ ਦੇ ਪਾਣੀਆਂ ਦਾ ਹਿੱਸਾ ਰਾਜਸਥਾਨ ਤੇ ਹਰਿਆਣਾ ਨੂੰ ਦਿੱਤਾ ਗਿਆ।
ਹਰੀ ਕ੍ਰਾਂਤੀ ਦੇ ਨਾਂ ਤੇ ਦੇਸ਼ ਦਾ ਭੰਡਾਰ ਭਰਦੇ ਭਰਦੇ ਪੰਜਾਬ ਦੇ ਕਿਸਾਨਾਂ ਨੇ ਆਪਣਾ ਵੀ ਬਹੁਤ ਕੁਝ ਖਰਚ ਕਰ ਦਿੱਤਾ। ਇਹੀ ਕਾਰਨ ਹੈ ਕਿ ਪੰਜ ਨਦੀਆਂ ਦੀ ਧਰਤੀ ਅੱਜ ਸੁੱਕ ਰਹੀ ਹੈ, ਬੰਜਰ ਹੋਣ ਵੱਲ ਵਧ ਰਹੀ ਹੈ, ਪਾਣੀਆਂ ਦੇ ਮੁੱਦੇ ਤੇ ਪੰਜਾਬ ਅੱਜ ਤਕ ਲੜਾਈ ਕਰ ਰਿਹਾ ਹੈ। ਪੰਜਾਬ, ਰਾਜਧਾਨੀ ਨੂੰ ਵੀ ਲੈ ਕੇ ਗੁਆਂਢੀ ਰਾਜ ਹਰਿਆਣਾ ਨਾਲ ਲੰਬੇ ਸਮੇਂ ਤੋਂ ਸੰਘਰਸ਼ ਕਰਦਾ ਆ ਰਿਹਾ ਹੈ। ਚੰਡੀਗੜ੍ਹ ਪੰਜਾਬ ਨੂੰ ਮਿਲੇ, ਇਸ ਨੂੰ ਲੈ ਕੇ ਵੀ ਕਈ ਵਾਰੀ ਸੰਘਰਸ਼ ਹੋ ਚੁੱਕਿਆ ਹੈ ਜਦ ਕਿ ਹਾਲੇ ਤਕ ਕਾਮਯਾਬੀ ਨਹੀਂ ਮਿਲੀ।
ਪਿਛਲੇ ਸਵਾ ਮਹੀਨੇ ਤੋਂ ਤਿੰਨ ਕੇਂਦਰੀ ਖੇਤੀ ਸੁਧਾਰ ਕਾਨੂੰਨ ਨੂੰ ਲੈ ਕੇ ਪੰਜਾਬ ਕਿਸਾਨ ਸੰਗਠਨ ਦਾ ਸੰਘਰਸ਼ ਰੇਲਵੇ ਟਰੈਕ ਤੇ ਆ ਗਿਆ ਹੈ। ਪੰਜਾਬ ਦੇ ਬਿੱਲ ਵੀ ਕਿਸਾਨਾਂ ਲਈ ਠੁਕਰਾ ਦਿੱਤੇ ਹਨ। ਖੇਤੀ ਵਿੱਚ ਘਾਟੇ ਦੀ ਵਜ੍ਹਾ ਕਰਕੇ ਖੁਦਕੁਸ਼ੀ ਕਰਨ ਨੂੰ ਮਜਬੂਰ ਹੁੰਦਾ ਪੰਜਾਬ ਦਾ ਕਿਸਾਨ ਤੇ ਖੇਤੀ ਅੱਜ ਜਿਸ ਦੌਰ ਵਿੱਚੋਂ ਗੁਜ਼ਰ ਰਹੀ ਹੈ, ਉਸ ਨੂੰ ਦੇਖਦੇ ਹੋਏ ਖੇਤੀ ਨੂੰ ਲੈ ਕੇ ਨਵੇਂ ਸਿਰੇ ਤੋਂ ਸੋਚਣਾ ਪਵੇਗਾ। ਕਣਕ ਤੇ ਝੋਨੇ ਤੇ ਫੋਕਸ ਕਰਨ ਦੀ ਬਜਾਏ ਦੇਸ਼ ਦਾ ਬਫਰ ਸਟਾਕ ਦੁੱਗਣੇ ਤੋਂ ਜ਼ਿਆਦਾ ਹੋ ਗਿਆ ਹੈ ਸਰਕਾਰ ਇਨ੍ਹਾਂ ਨੂੰ ਖ਼ਰੀਦਣ ਤੋਂ ਪਿੱਛੇ ਹਟ ਰਹੀ ਹੈ।
ਭਾਰਤੀ ਪੰਜਾਬ ਦੇ ਪੁਨਰਗਠਨ ਦੌਰਾਨ ਪੰਜਾਬੀ ਬੋਲਣ ਵਾਲੇ ਬਹੁਤ ਸਾਰੇ ਇਲਾਕੇ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਵਿਚ ਚਲੇ ਗਏ। ਹਿਮਾਚਲ ਤੋਂ ਕਦੀ ਪੰਜਾਬੀ ਲਾਹੌਲ ਸਪਿਤੀ ਤੱਕ ਅਤੇ ਹਰਿਆਣਾ ਦੇ ਮਹਿੰਦਰਗੜ੍ਹ ਗੜ੍ਹ ਤੱਕ ਬੋਲੀ ਜਾਂਦੀ ਸੀ। ਹੁਣ ਪੰਜਾਬੀ ਭਾਸ਼ਾ ਹਿਮਾਚਲ ਵਿੱਚ ਕਾਲਕਾ ਤੇ ਹਰਿਆਣਾ ਦੇ ਕੁਰੂਕਸ਼ੇਤਰਾ ਤੋਂ ਅੱਗੇ ਨਹੀਂ ਜਾਂਦੀ। ਪੰਜਾਬ ਦੇ ਵਿੱਚ ਵੀ ਸਥਿਤੀ ਸੰਤੋਖਜਨਕ ਨਹੀਂ। ਰਾਜ ਭਾਸ਼ਾ ਹੋਣ ਦੇ ਬਾਵਜੂਦ ਸਰਕਾਰੀ ਦਫ਼ਤਰਾਂ ਵਿੱਚ ਅੰਗਰੇਜ਼ੀ ਭਾਸ਼ਾ ਦਾ ਭਰਪੂਰ ਉਪਯੋਗ ਹੁੰਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਪੰਜਾਬ ਦੀ ਦਰਦਨਾਕ ਕਹਾਣੀ! ਹਮੇਸ਼ਾਂ ਸੰਘਰਸ਼ ਦੀਆਂ ਭੱਠੀਆਂ 'ਚ ਤਪੇ ਪੰਜਾਬੀ
ਏਬੀਪੀ ਸਾਂਝਾ
Updated at:
01 Nov 2020 02:44 PM (IST)
ਅੱਜ ਪੰਜਾਬ ਦਿਵਸ ਹੈ। ਪਹਿਲੀ ਨਵੰਬਰ 1966 ਵਿੱਚ ਮੌਜੂਦਾ ਪੰਜਾਬ ਹੋਂਦ ਵਿੱਚ ਆਇਆ। ਬੇਸ਼ੱਕ ਨਵਾਂ ਪੰਜਾਬ ਪੰਜਾਬੀਆਂ ਦੇ ਸੰਘਰਸ਼ ਕਰਕੇ ਬਣਿਆ ਪਰ ਇਸ ਨਾਲ ਸੂਬੇ ਨੂੰ ਵੱਡੀ ਕੀਮਤ ਤਾਰਨੀ ਪਏ। ਸੰਤਾਲੀ ਦੀ ਵੰਡ ਵੇਲੇ ਅੱਧਾ ਪੰਜਾਬ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਰਹਿ ਗਿਆ।
- - - - - - - - - Advertisement - - - - - - - - -