ਮੋਹਾਲੀ : ਪੰਜਾਬ ਦੇ ਡੇਰਾਬੱਸੀ 'ਚ ਸ਼ਨੀਵਾਰ ਦੇਰ ਸ਼ਾਮ ਬੰਦੂਕ ਦੀ ਨੋਕ 'ਤੇ ਬਿਲਡਰ ਤੋਂ 1 ਕਰੋੜ ਰੁਪਏ ਲੁੱਟਣ ਬਾਅਦ ਮੋਹਾਲੀ ਦੇ ਲਾਂਡਰਾ 'ਚ ਲੁਟੇਰਿਆਂ ਨੇ ਇਕ ਜਵੈਲਰ ਨੂੰ ਨਿਸ਼ਾਨਾ ਬਣਾਇਆ ਹੈ। 4 ਲੁਟੇਰਿਆਂ ਨੇ ਸੋਨੇ-ਚਾਂਦੀ ਅਤੇ ਨਕਦੀ ਨਾਲ ਭਰਿਆ ਬੈਗ ਲੁੱਟ ਲਿਆ ਅਤੇ ਲੁਟੇਰੇ ਫ਼ਾਇਰਿੰਗ ਕਰਦੇ ਹੋਏ ਧਮਕੀਆਂ ਦਿੰਦੇ ਫ਼ਰਾਰ ਹੋ ਗਏ।

 

 ਜਵੈਲਰ ਆਪਣੀ ਦੁਕਾਨ ਬੰਦ ਕਰਕੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ ਕਿ ਕਾਰ ਵਿੱਚ ਸਵਾਰ ਲੁਟੇਰਿਆਂ ਨੇ ਆ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਸ਼ਿਕਾਇਤਕਰਤਾ ਜਵੈਲਰ ਪ੍ਰਵੀਨ ਦੀ ਖਰੜ-ਲਾਂਦਰਾ ਰੋਡ 'ਤੇ ਪ੍ਰੇਮ ਜਵੈਲਰਜ਼ ਨਾਮ ਦੀ ਦੁਕਾਨ ਹੈ। ਲੁਟੇਰੇ 15 ਕਿਲੋ ਸੋਨਾ, 25 ਕਿਲੋ ਚਾਂਦੀ ਅਤੇ ਕੁਝ ਨਕਦੀ ਲੁੱਟ ਕੇ ਲੈ ਗਏ ਹਨ।


ਪ੍ਰਵੀਨ ਹਰ ਰੋਜ਼ ਰਾਤ 8 ਤੋਂ 9 ਵਜੇ ਤੱਕ ਦੁਕਾਨ ਬੰਦ ਕਰਕੇ ਘਰ ਚਲਾ ਜਾਂਦਾ ਸੀ। ਦੁਕਾਨ ਵਿੱਚ ਕੀਮਤੀ ਸੋਨਾ, ਚਾਂਦੀ ਅਤੇ ਨਕਦੀ ਰੋਜ਼ਾਨਾ ਦੀ ਤਰ੍ਹਾਂ ਬੈਗ ਵਿੱਚ ਰੱਖ ਕੇ ਲੈ ਜਾਂਦੇ ਸੀ। ਉਹ ਸ਼ਨੀਵਾਰ ਰਾਤ ਕਰੀਬ 9.15 ਵਜੇ ਦੁਕਾਨ ਦੇ ਬਾਹਰ ਖੜ੍ਹੀ ਕਾਰ 'ਚ ਸੋਨੇ, ਚਾਂਦੀ ਅਤੇ ਨਕਦੀ ਨਾਲ ਭਰੇ ਤਿੰਨ ਬੈਗ ਰੱਖ ਰਹੇ ਸੀ।

 

ਜਦੋਂ ਉਹ ਕਾਰ ਵਿੱਚ ਤਿੰਨ ਬੈਗ ਲੈ ਕੇ ਦੁਕਾਨ ਵੱਲ ਮੁੜਿਆ ਤਾਂ 4 ਨਕਾਬਪੋਸ਼ ਲੁਟੇਰੇ ਆਏ। ਉਸ ਦੇ ਹੱਥਾਂ ਵਿੱਚ ਪਿਸਤੌਲ ਵਰਗਾ ਹਥਿਆਰ ਸੀ। ਉਹ ਉਸਦੀ ਕਾਰ ਦੀ ਡਿੱਗੀ 'ਚੋਂ ਸੋਨੇ-ਚਾਂਦੀ ਦੇ ਬੈਗ ਕੱਢ ਕੇ ਭੱਜਣ ਲੱਗੇ। ਜਦੋਂ ਉਸ ਨੇ ਲੁਟੇਰਿਆਂ ਨੂੰ ਭੱਜਦੇ ਦੇਖਿਆ ਤਾਂ ਉਹ ਤੁਰੰਤ ਦੁਕਾਨ ਤੋਂ ਬਾਹਰ ਆ ਗਿਆ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।

 

ਪਿੱਛਾ ਕਰਨ 'ਤੇ ਅੱਖਾਂ 'ਚ ਸੁੱਟਿਆ ਮਿਰਚ ਪਾਊਡਰ 


ਪ੍ਰਵੀਨ ਨੇ ਦੱਸਿਆ ਕਿ ਜਦੋਂ ਉਸ ਨੇ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਦਾ ਪਾਊਡਰ ਪਾ ਦਿੱਤਾ। ਜਦੋਂ ਉਹ ਰੌਲਾ ਪਾਉਣ ਲੱਗਾ ਤਾਂ ਰੌਲਾ ਸੁਣ ਕੇ ਉਸਦੀ ਪਤਨੀ ਮੋਨਿਕਾ ਨੇ ਲੁਟੇਰਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਇੱਕ ਲੁਟੇਰੇ ਨੇ ਹਵਾ ਵਿੱਚ ਫਾਇਰਿੰਗ ਕੀਤੀ ਅਤੇ ਫ਼ਰਾਰ ਹੋ ਗਿਆ। ਪੁਲਿਸ ਨੂੰ ਸੂਚਨਾ ਦਿੱਤੀ ਗਈ।