ਚੰਡੀਗੜ੍ਹ : ਦੇਸ਼ ਵਿੱਚ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਕਿਸਾਨ ਲਹਿਰ ਨੂੰ ਏਕਤਾ ਦੀ ਲੜੀ ਵਿੱਚ ਬੰਨ੍ਹਣ ਦੇ ਯਤਨਾਂ ਵਿੱਚ ਲੱਗੀਆਂ 16 ਕਿਸਾਨ ਜੱਥੇਬੰਦੀਆਂ ਦੇ ਯਤਨਾਂ ਨੂੰ ਲਗਾਤਾਰ ਬੂਰ ਪੈ ਰਿਹਾ ਹੈ। ਪੰਜਾਬ ਦੀਆਂ 6 ਹੋਰ ਕਿਸਾਨ ਜਥੇਬੰਦੀਆਂ ਨੇ 16 ਦੇ ਸਾਂਝੇ ਥੜ੍ਹੇ ਨਾਲ ਮਿਲਕੇ ਸਾਂਝੇ ਸੰਘਰਸ਼ ਵਿੱਚ ਹਿੱਸਾ ਪਾਉਣ ਅਤੇ ਸੰਯੁਕਤ ਕਿਸਾਨ ਮੋਰਚੇ ਨੂੰ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਹੈ। ਕੁੱਲ ਮਿਲਾ ਕੇ 22 ਕਿਸਾਨ ਜਥੇਬੰਦੀਆਂ ਨੇ ਆਪਣੀ ਮੀਟਿੰਗ ਕਰਕੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਵਾਅਦੇ ਮੁਤਾਬਿਕ ਮੰਡੀਆਂ ਵਿੱਚ ਆ ਰਹੀ ਮੂੰਗੀ ਅਤੇ ਮੱਕੀ ਦੀ ਫ਼ਸਲ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ।
ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਮੂੰਗੀ ਅਤੇ ਮੱਕੀ ਦੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਦੀ ਮੰਡੀਆਂ ਵਿੱਚ ਹੋ ਰਹੀ ਖੱਜਲ-ਖੁਆਰੀ ਦਾ ਗੰਭੀਰ ਨੋਟਿਸ ਲੈਂਦਿਆਂ 16 ਜੂਨ ਨੂੰ ਮੰਡੀਆਂ ਵਿੱਚ ਰੋਸ ਮੁਜਾਹਰੇ ਕਰਕੇ ਪੰਜਾਬ ਭਰ ’ਚ ਐਸ.ਡੀ.ਐਮ. ਨੂੰ ਮੰਗ ਪੱਤਰ ਦੇ ਕੇ ਸਰਕਾਰੀ ਖਰੀਦ ਕਰਨ ਦੀ ਜ਼ੋਰਦਾਰ ਮੰਗ ਕੀਤੀ ਜਾਵੇਗੀ। ਪੰਜਾਬ ਵਿੱਚ ਨਹਿਰੀ ਪਾਣੀ ਅਤੇ ਜ਼ਮੀਨ ਹੇਠਲੇ ਪਾਣੀ ਦੇ ਗੰਭੀਰ ਸੰਕਟ ਦੇ ਹੱਲ ਲਈ ਅਤੇ ਆਬਾਦਕਾਰ ਕਿਸਾਨਾਂ ਦੇ ਉਜਾੜੇ ਵਿਰੁੱਧ 25 ਜੂਨ ਨੂੰ ਜਲੰਧਰ ਵਿਖੇ ਕਨਵੈਨਸ਼ਨ ਕਰਨ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ।
ਮੀਟਿੰਗ ਵਿੱਚ ਨਵੀਆਂ ਸ਼ਾਮਲ ਹੋਈਆਂ 6 ਕਿਸਾਨ ਜੱਥੇਬੰਦੀਆਂ ਦੇ ਆਗੂ ਸਰਵਸ਼੍ਰੀ ਬਿੰਦਰ ਸਿੰਘ ਗੋਲੇਵਾਲਾ (ਕੌਮੀ ਕਿਸਾਨ ਯੂਨੀਅਨ), ਹਰਜੀਤ ਸਿੰਘ ਰਵੀ (ਕਿਸਾਨ ਸੰਘਰਸ਼ ਕਮੇਟੀ, ਪੰਜਾਬ), ਮਲੂਕ ਸਿੰਘ (ਭਾਰਤੀ ਕਿਸਾਨ ਯੂਨੀਅਨ, ਮਾਲਵਾ), ਵੀਰ ਸਿੰਘ ਬੜਵਾ (ਕਿਰਤੀ ਕਿਸਾਨ ਮੋਰਚਾ, ਰੋਪੜ), ਭੁਪਿੰਦਰ ਸਿੰਘ ਤੀਰਥਪੁਰ (ਸਬਜੀ ਉਤਪਾਦਕ ਕਿਸਾਨ ਸੰਗਠਨ) ਅਤੇ ਕੁਲਜਿੰਦਰ ਸਿੰਘ ਘੁੰਮਣ (ਕੰਢੀ ਕਿਰਸਾਨੂ ਸੰਘਰਸ਼ ਕਮੇਟੀ) ਤੋਂ ਇਲਾਵਾ 16 ਕਿਸਾਨ ਜੱਥੇਬੰਦੀਆਂ ਦੇ ਬੂਟਾ ਸਿੰਘ ਬੁਰਜ਼ਗਿੱਲ, ਰੁਲਦੂ ਸਿੰਘ ਮਾਨਸਾ, ਸਤਨਾਮ ਸਾਹਨੀ, ਫੁਰਮਾਨ ਸਿੰਘ ਸੰਧੂ, ਸਤਨਾਮ ਸਿੰਘ ਬਹਿਰੂ, ਨਿਰਭੈ ਸਿੰਘ ਢੁੱਡੀਕੇ, ਬਲਦੇਵ ਸਿੰਘ ਨਿਹਾਲਗੜ, ਕੁਲਦੀਪ ਸਿੰਘ ਵਜੀਦਪੁਰ, ਪ੍ਰਗਟ ਸਿੰਘ ਜਾਮਾਰਾਏ, ਕਿਰਨਜੀਤ ਸਿੰਘ ਸੇਖੋਂ, ਮੁਕੇਸ਼ ਚੰਦਰ, ਜੰਗਵੀਰ ਸਿੰਘ ਚੌਹਾਨ, ਬੂਟਾ ਸਿੰਘ ਸ਼ਾਦੀਪੁਰ, ਕਿਰਪਾ ਸਿੰਘ, ਬਲਵਿੰਦਰ ਸਿੰਘ ਔਲਖ ਸਮੇਤ ਮਨਜੀਤ ਸਿੰਘ ਧਨੇਰ, ਵੀਰਪਾਲ ਢਿੱਲੋਂ, ਬਲਕਰਨ ਬਰਾੜ, ਜਗਮੋਹਣ ਸਿੰਘ ਪਟਿਆਲਾ ਅਤੇ ਰਾਮਿੰਦਰ ਪਟਿਆਲਾ ਆਦਿ ਆਗੂ ਹਾਜ਼ਰ ਸਨ।
ਮੀਟਿੰਗ ਵਿੱਚ ਗੰਨਾ ਕਾਸ਼ਤਕਾਰਾਂ ਦੇ ਬਕਾਇਆਂ ਸਬੰਧੀ ਪੰਜਾਬ ਦੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕਿਸਾਨ ਜੱਥੇਬੰਦੀਆਂ ਨਾਲ 3 ਜੂਨ ਨੂੰ ਮੁਲਤਵੀ ਕੀਤੀ ਚੰਡੀਗੜ ਮੀਟਿੰਗ ਮੁੜ ਕੇ ਨਾ ਸੱਦਣ ਦਾ ਵੀ ਗੰਭੀਰ ਨੋਟਿਸ ਲੈਂਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਗੰਨੇ ਦੇ ਬਕਾਏ ਅਤੇ ਹੋਰ ਮੰਗਾਂ ਨੂੰ ਲੈ ਕੇ ਸਹਿਕਾਰਤਾ ਮੰਤਰੀ ਨੇ ਛੇਤੀ ਕੋਈ ਹੱਲ ਨਾ ਕੱਢਿਆ ਤਾਂ ਸਖਤ ਸੰਘਰਸ਼ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ।
ਪੰਜਾਬ ਸਰਕਾਰ ਵੱਲੋਂ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਕਿਸਾਨ ਸੰਘਰਸ਼ ਦੌਰਾਨ ਮਲੋਟ ਅਤੇ ਮੋਗਾ ਵਿਖੇ ਕਿਸਾਨਾਂ ’ਤੇ ਦਰਜ ਕੀਤੇ ਪੁਲੀਸ ਕੇਸ ਰੱਦ ਨਾ ਕੀਤੇ ਜਾਣ ਦੀ ਵੀ ਨਿੰਦਾ ਕਰਦਿਆਂ 22 ਕਿਸਾਨ ਜੱਥੇਬੰਦੀਆਂ ਨੇ ਸਰਬਸੰਮਤੀ ਨਾਲ ਚੰਡੀਗੜ ਵਿਖੇ ਪੰਜਾਬ ਦੇ ਵਿਦਿਆਰਥੀਆਂ ਉੱਪਰ ਪੁਲੀਸ ਜਬਰ ਅਤੇ ਮੁਕਤਸਰ ਵਿਖੇ ਪ੍ਰਾਈਵੇਟ ਬੱਸ ਚਾਲਕਾਂ ਦੀ ਗੁੰਡਾਗਰਦੀ ਵਿਰੁੱਧ ਸੰਘਰਸ਼ ਕਰਨ ਵਾਲੇ ਵਿਦਿਆਰਥੀ, ਮਜ਼ਦੂਰ ਅਤੇ ਕਿਸਾਨ ਆਗੂਆਂ ਉੱਪਰ ਕੇਸ ਦਰਜ ਕਰਨ ਦੀ ਜੋਰਦਾਰ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਕੇਂਦਰੀਕਰਨ ਦੇ ਅਜੰਡੇ ’ਤੇ ਤੁਰੰਤ ਰੋਕ ਲਾਵੇ ਅਤੇ ਪੰਜਾਬ ਸਰਕਾਰ ਸੰਘਰਸ਼ਸ਼ੀਲ ਕਿਸਾਨਾਂ-ਮਜ਼ਦੂਰਾਂ ਅਤੇ ਹੋਰ ਤਬਕਿਆਂ ’ਤੇ ਦਰਜ ਕੇਸ ਵਾਪਸ ਲਵੇ।