Punjab Police: 7 ਲੱਖ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਵਿਰੁੱਧ ਮੁਕੱਦਮਾ ਦਰਜ
ਸੰਦੀਪ ਸਿੰਘ ਦੀ ਜੋਗਿੰਦਰ ਕੁਮਾਰ ਨਾਲ ਸੁਰਜੀਤ ਸਿੰਘ ਦੇ ਘਰ ਬੈਠ ਕੇ ਬਾਹਰ ਜਾਣ ਲਈ ਸਾਢੇ 13 ਲੱਖ ਰੁਪਏ ਵਿੱਚ ਗੱਲਬਾਤ ਤੈਅ ਹੋਈ, ਜਿਸ ਵਿੱਚੋਂ 7 ਲੱਖ ਰੁਪਏ ਪਹਿਲਾਂ ਅਤੇ ਬਾਕੀ ਰਕਮ ਵੀਜ਼ਾ ਲੱਗਣ ਉਪਰੰਤ ਦੇਣੀ ਨਿਸ਼ਚਿਤ ਕੀਤੀ ਗਈ ਸੀ।
Punjab News: ਮੋਰਿੰਡਾ ਪੁਲਿਸ ਨੇ ਪਿੰਡ ਖਾਬੜਾ ਦੇ ਇੱਕ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਮ ਤੇ 7 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਮੋਰਿੰਡਾ ਦੇ ਇੱਕ ਟਰੈਵਲ ਏਜੰਟ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਸੁਨੀਲ ਕੁਮਾਰ ਐਸ ਐਚ ਓ ਮੋਰਿੰਡਾ ਸ਼ਹਿਰੀ ਨੇ ਦੱਸਿਆ ਕਿ ਸੰਦੀਪ ਸਿੰਘ ਪੁੱਤਰ ਹਰਸ਼ਵਿੰਦਰ ਸਿੰਘ ਵਾਸੀ ਪਿੰਡ ਖਾਬੜਾ ਜ਼ਿਲ੍ਹਾ ਰੂਪਨਗਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆ ਕਿ ਉਸਦੇ ਤਾਇਆ ਸਰਜੀਤ ਸਿੰਘ ਮੋਰਿੰਡਾ ਵਿਖੇ ਰਹਿੰਦੇ ਹਨ, ਜਿਨ੍ਹਾਂ ਨੂੰ ਕਿਸੇ ਕੋਲੋਂ ਜਾਣਕਾਰੀ ਮਿਲੀ ਕਿ ਜੋਗਿੰਦਰ ਕੁਮਾਰ ਪੁੱਤਰ ਲਛਮਣ ਦਾਸ ਵਾਸੀ ਵਾਰਡ ਨੰਬਰ 5 ਸ਼ੂਗਰ ਮਿੱਲ ਰੋਡ ਮੋਰਿੰਡਾ ਨੂੰ ਕਨੇਡਾ ਵਰਕ ਪਰਮਿਟ ਤੇ ਲੈ ਕੇ ਜਾਣ ਲਈ ਬੰਦਿਆਂ ਦੀ ਲੋੜ ਹੈ।ਜਿਸ ਉਪਰੰਤ ਸੰਦੀਪ ਸਿੰਘ ਦੀ ਜੋਗਿੰਦਰ ਕੁਮਾਰ ਨਾਲ ਸੁਰਜੀਤ ਸਿੰਘ ਦੇ ਘਰ ਬੈਠ ਕੇ ਬਾਹਰ ਜਾਣ ਲਈ ਸਾਢੇ 13 ਲੱਖ ਰੁਪਏ ਵਿੱਚ ਗੱਲਬਾਤ ਤੈਅ ਹੋਈ, ਜਿਸ ਵਿੱਚੋਂ 7 ਲੱਖ ਰੁਪਏ ਪਹਿਲਾਂ ਅਤੇ ਬਾਕੀ ਰਕਮ ਵੀਜ਼ਾ ਲੱਗਣ ਉਪਰੰਤ ਦੇਣੀ ਨਿਸ਼ਚਿਤ ਕੀਤੀ ਗਈ ਸੀ।
ਸੰਦੀਪ ਸਿੰਘ ਨੇ ਦੱਸਿਆ ਕਿ ਹੋਈ ਗੱਲਬਾਤ ਅਨੁਸਾਰ ਉਸ ਨੇ ਜੋਗਿੰਦਰ ਕੁਮਾਰ ਨੂੰ ਕਨੇਡਾ ਵਰਕ ਪਰਮਿਟ ਤੇ ਜਾਣ ਲਈ 7 ਲੱਖ ਰੁਪਏ ਦੀ ਅਦਾਇਗ ਕਰ ਦਿੱਤੀ ਸੀ ,ਪਰੰਤੂ ਜੋਗਿੰਦਰ ਕੁਮਾਰ ਨੇ ਇਹ ਪੈਸੇ ਲੈਣ ਤੋਂ ਬਾਅਦ ਵੀ ਉਸ ਦਾ ਵੀਜ਼ਾ ਨਹੀਂ ਲਗਵਾਇਆ। ਸੰਦੀਪ ਸਿੰਘ ਨੇ ਆਪਣੀ ਦਰਖਾਸਤ ਵਿੱਚ ਦੱਸਿਆ ਕਿ ਜਦੋਂ ਉਸ ਨੇ ਜੋਗਿੰਦਰ ਕੁਮਾਰ ਤੋਂ ਆਪਣੇ ਦਿੱਤੇ ਹੋਏ ਪੈਸੇ ਵਾਪਸ ਮੰਗੇ ਤਾਂ ਜੋਗਿੰਦਰ ਕੁਮਾਰ ਨੇ ਉਸ ਨੂੰ ਨਗਦ ਪੈਸੇ ਦੇਣ ਦੀ ਥਾਂ ਤੇ ਚੈੱਕ ਦੇ ਦਿੱਤਾ ਜਿਹੜਾ ਕਿ ਜਦੋਂ ਬੈਂਕ ਵਿੱਚ ਲਾਇਆ ਗਿਆ ਤਾਂ ਪਤਾ ਲੱਗਾ ਕਿ ਜੋਗਿੰਦਰ ਕੁਮਾਰ ਦੇ ਖਾਤੇ ਵਿੱਚ ਪੈਸੇ ਨਹੀਂ ਹਨ।
ਸੰਦੀਪ ਸਿੰਘ ਨੇ ਆਪਣੀ ਦਰਖਾਸਤ ਵਿੱਚ ਉੱਚ ਅਧਿਕਾਰੀਆਂ ਤੋਂ ਆਪਣੇ ਦਿੱਤੇ 7 ਲੱਖ ਰੁਪਏ ਵਿਆਜ ਸਮੇਤ ਵਾਪਸ ਕਰਵਾਉਣ ਦੀ ਮੰਗ ਕੀਤੀ ਸੀ । ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਸੰਦੀਪ ਕੁਮਾਰ ਵੱਲੋਂ ਦਿੱਤੀ ਦਰਖਾਸਤ ਦੀ ਪੜਤਾਲ ਐਸਪੀ ਸਬ ਡਿਵੀਜ਼ਨ ਮੋਰਿੰਡਾ ਵੱਲੋਂ ਕਰਨ ਉਪਰੰਤ ਟਰੈਵਲ ਏਜੰਟ ਜੋਗਿੰਦਰ ਕੁਮਾਰ ਵਿਰੁੱਧ ਆਈਪੀਸੀ ਦੀ ਧਾਰਾ 420 ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਐਕਟ ਸੈਕਸ਼ਨ 13 ਅਧੀਨ ਮੁਕਦਮਾ ਨੰਬਰ 105 ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।