Barnala News: ਬਰਨਾਲਾ ਜ਼ਿਲੇ ਦੇ ਪਿੰਡ ਬਡਬਰ ਦਾ ਕਿਸਾਨ ਹਰਵਿੰਦਰ ਸਿੰਘ ਖੇਤੀ ਖੇਤਰ ਲਈ ਮਿਸਾਲ ਸਾਬਤ ਹੋ ਰਿਹਾ ਹੈ। ਇਸ ਕਿਸਾਨ ਦਾ ਕਹਿਣਾ ਹੈ ਕਿ ਮੇਰੀ ਫ਼ਸਲ, ਮੇਰਾ ਰੇਟ, ਮੇਰੀ ਮਰਜ਼ੀ। ਇਹ ਕਿਸਾਨ ਆਪਣੀ ਜ਼ਮੀਨ ਵਿੱਚ 35 ਤੋਂ 40 ਆਰਗੈਨਿਕ ਫ਼ਸਲਾਂ ਪੈਦਾ ਕਰ ਰਿਹਾ ਹੈ। ਕਿਸਾਨ ਹਰਵਿੰਦਰ ਸਿੰਘ ਤੇ ਉਸ ਦਾ ਪਰਿਵਾਰ ਖੁਦ ਮੰਡੀਕਰਨ ਕਰਕੇ ਭਾਰੀ ਮੁਨਾਫਾ ਕਮਾ ਰਹੇ ਹਨ।


ਦੱਸ ਦਈਏ ਕਿ ਹਰਵਿੰਦਰ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਤੇ ਹਾਲ ਹੀ ਵਿੱਚ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਮੁੱਖ ਖੇਤੀਬਾੜੀ ਅਫ਼ਸਰ ਨੇ ਵੀ ਇਸ ਕਿਸਾਨ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਉਹ ਸਾਰੇ ਕਿਸਾਨਾਂ ਲਈ ਇੱਕ ਮਿਸਾਲ ਹੈ।


ਅੱਜ ਹਰਵਿੰਦਰ ਸਿੰਘ ਦੇ ਫਾਰਮ ਵਿੱਚ ਡ੍ਰੈਗਨ ਫਰੂਟ ਤੋਂ ਇਲਾਵਾ ਹਲਦੀ, ਮਿੱਠੀ ਮੱਕੀ, ਗੰਨਾ, ਮੱਕੀ, ਸਰ੍ਹੋਂ, ਚਿੱਟੇ ਛੋਲੇ, ਕਾਲੇ ਛੋਲੇ, ਦਾਲਾਂ, ਜੀਰਾ, ਇਸਬਗੋਲ, ਸੌਂਫ, ਅਲਸੀ, ਜੌਂ, ਟਮਾਟਰ, ਆਲੂ, ਮਿਰਚ, ਗੋਭੀ ਤੋਂ ਇਲਾਵਾ ਗਾਜਰ, ਪਾਲਕ ਤੇ ਸਾਗ ਸਣੇ ਲਗਪਗ 20 ਕਿਸਮਾਂ ਦੀਆਂ ਸਬਜ਼ੀਆਂ ਸਬਜ਼ੀਆਂ ਮੌਜੂਦ ਹਨ। ਕਈ ਕਿਸਮਾਂ ਦੇ ਫਲ ਜਿਵੇਂ ਅਮਰੂਦ, ਸੰਤਰਾ, ਪਪੀਤਾ, ਅੰਜੀਰ, ਅਨਾਰ ਆਦਿ ਦਾ ਉਤਪਾਦਨ ਕੀਤਾ ਜਾ ਰਿਹਾ ਹੈ।


ਪੰਜਾਬ ਦੇ ਕੋਨੇ-ਕੋਨੇ ਤੋਂ ਲੋਕ ਹਰਵਿੰਦਰ ਸਿੰਘ ਦੇ ਫਾਰਮ ਹਾਊਸ 'ਤੇ ਪਹੁੰਚਦੇ ਹਨ। ਹਰਵਿੰਦਰ ਸਿੰਘ ਕਿਸਾਨਾਂ ਨੂੰ ਇਹ ਸਲਾਹ ਵੀ ਦੇ ਰਹੇ ਹਨ ਕਿ ਇੱਕ ਦਿਨ ਕਿਸਾਨਾਂ ਨੂੰ ਕਣਕ-ਝੋਨਾ ਦੇ ਚੱਕਰ 'ਚੋਂ ਬਾਹਰ ਆ ਕੇ ਆਪਣੀ ਫਸਲ ਦਾ ਮੰਡੀਕਰਨ ਖੁਦ ਕਰਨਾ ਪਵੇਗਾ ਤਾਂ ਹੀ ਕਿਸਾਨ ਬਚ ਸਕੇਗਾ।


ਬਰਨਾਲਾ ਦੇ ਪਿੰਡ ਬਡਬਰ ਦਾ ਹਰਵਿੰਦਰ ਸਿੰਘ ਇੱਕ ਕਿਸਾਨ ਦੇ ਨਾਲ ਹੀ ਵਪਾਰੀ ਵੀ ਹੈ। ਉਸ ਨੇ 2017 ਵਿੱਚ ਜੈਵਿਕ ਖੇਤੀ ਸ਼ੁਰੂ ਕੀਤੀ ਸੀ। ਆਪਣੇ ਖੇਤਾਂ ਵਿੱਚ ਉਪਜ ਉਗਾਉਂਦਾ ਹੈ ਤੇ ਇਸ ਦਾ ਖੁਦ ਮੰਡੀਕਰਨ ਕਰਦਾ ਹੈ, ਜਿਸ ਕਾਰਨ ਉਹ ਚੰਗਾ ਮੁਨਾਫਾ ਕਮਾਉਂਦਾ ਹੈ। ਇਹ ਕਿਸਾਨ ਇੱਕ ਸਾਲ ਵਿੱਚ ਆਪਣੇ ਖੇਤਾਂ ਵਿੱਚ 35 ਤੋਂ 40 ਫਸਲਾਂ ਪੈਦਾ ਕਰਦਾ ਹੈ ਤੇ ਸਾਰੀਆਂ ਫਸਲਾਂ ਬਿਨਾਂ ਕੀਟਨਾਸ਼ਕ ਸਪਰੇਅ ਤੋਂ ਜੈਵਿਕ ਹੁੰਦੀਆਂ ਹਨ।


ਉਹ ਉਨ੍ਹਾਂ ਫਸਲਾਂ ਨੂੰ ਆਪਣੇ ਖੇਤਾਂ ਦੇ ਬਾਹਰ ਬਰਨਾਲਾ ਤੇ ਚੰਡੀਗੜ੍ਹ ਵੇਚ ਕੇ ਮੋਟਾ ਮੁਨਾਫਾ ਕਮਾਉਂਦਾ ਹੈ। ਹਾਈਵੇਅ 'ਤੇ ਉਸ ਨੇ ਕੁਦਰਤੀ ਖੇਤੀ ਫਾਰਮ ਦੀ ਦੁਕਾਨ ਬਣਾਈ ਹੈ। ਉਸ ਦੁਕਾਨ 'ਤੇ ਸਬਜ਼ੀਆਂ, ਫਲ, ਮੱਕੀ ਦਾ ਆਟਾ, ਗੁੜ, ਖੰਡ, ਸਰ੍ਹੋਂ ਦਾ ਤੇਲ, ਸ਼ਹਿਦ, ਹਲਦੀ, ਦਾਲਾਂ, ਸਬਜ਼ੀਆਂ ਤੇ ਫਲ ਵੇਚੇ ਜਾਂਦੇ ਹਨ। ਇਸ ਜਾਗਰੂਕ ਕਿਸਾਨ ਦਾ ਸਾਫ਼ ਕਹਿਣਾ ਹੈ ਕਿ ਮੇਰੀ ਫ਼ਸਲ 'ਤੇ ਮੇਰਾ ਹੱਕ ਹੈ, ਇਹ ਮੇਰੀ ਮਰਜ਼ੀ ਹੈ, ਇਸ ਨੂੰ ਵੇਚਣ ਦਾ ਵੀ ਮੇਰਾ ਹੱਕ ਹੈ। ਜੇਕਰ ਮੈਂ ਇਸ ਨੂੰ ਮੰਡੀ 'ਚ ਵਪਾਰੀ ਨੂੰ ਦੇਵਾਂਗਾ ਤਾਂ ਮੁਨਾਫ਼ਾ ਘੱਟ ਹੋਵੇਗਾ। ਇਸੇ ਲਈ ਮੈਂ ਖੁਦ ਇਸ ਨੂੰ ਵੇਚ ਕੇ ਚੰਗਾ ਮੁਨਾਫਾ ਕਮਾ ਰਿਹਾ ਹਾਂ।


ਕਿਸਾਨ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਆਰਗੈਨਿਕ ਮੰਡੀ ਦਾ ਪ੍ਰਬੰਧ ਕਰੇ। ਹਰ ਜ਼ਿਲ੍ਹੇ ਵਿੱਚ ਆਰਗੈਨਿਕ ਮੰਡੀ ਹੋਣੀ ਚਾਹੀਦੀ ਹੈ ਤਾਂ ਜੋ ਲੋਕ ਕੀਟਨਾਸ਼ਕਾਂ ਤੋਂ ਰਹਿਤ ਤਾਜ਼ੇ ਫਲ ਤੇ ਸਬਜ਼ੀਆਂ ਖਾ ਸਕਣ। ਅੱਜ ਪੰਜਾਬ ਡਾਰਕ ਜ਼ੋਨ ਹੋਣ ਕਾਰਨ ਪਾਣੀ ਦਾ ਪੱਧਰ ਡਿੱਗਣ ਕਾਰਨ ਚਿੰਤਤ ਹੈ। ਇਸ ਤੋਂ ਵੀ ਬਚਿਆ ਜਾ ਸਕਦਾ ਹੈ।