Amritsar News: ਹੋਟਲ ਵਿੱਚ ਪਾਰਟੀ ਦੌਰਾਨ ਸੱਟੇਬਾਜ਼ ਕਮਲ ਬੋਰੀ ਦੀਆਂ ਪੁਲਿਸ ਅਧਿਕਾਰੀਆਂ ਨਾਲ ਤਸਵੀਰਾਂ ਸਾਹਮਣੇ ਆਉਣ ਮਗਰੋਂ ਹੁਣ ਸਿਆਸੀ ਲੀਡਰਾਂ ਨਾਲ ਵੀ ਤਸਵੀਰਾਂ ਵਾਇਰਲ ਹੋਈਆਂ ਹਨ। ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ‘ਆਪ’ ਵਿਧਾਇਕ ਜਸਬੀਰ ਸਿੰਘ ਨਾਲ ਕਮਲ ਬੋਰੀ ਦੀਆਂ ਤਸਵੀਰਾਂ ਆਉਣ ਮਗਰੋਂ ਹੜਕੰਪ ਮੱਚ ਗਿਆ ਹੈ। ਸੋਸ਼ਲ ਮੀਡੀਆ ਉੱਪਰ ਕਈ ਸਵਾਲ ਉਠਾਏ ਜਾ ਰਹੇ ਹਨ।
ਇਸ ਬਾਰੇ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਕਿਹਾ ਹੈ ਕਿ ਕਿਸੇ ਅਪਰਾਧਕ ਵਿਅਕਤੀ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ। ਉਹ ਅਜਿਹੇ ਸਬੰਧਾਂ ਦੀ ਜਾਂਚ ਲਈ ਤਿਆਰ ਹਨ। ਇਹ ਤਸਵੀਰਾਂ ਕਿਸੇ ਜਨਤਕ ਮੀਟਿੰਗ ਦੀਆਂ ਹੋ ਸਕਦੀਆਂ ਹਨ। ਇਸ ਮਾਮਲੇ ਵਿੱਚ ਉਹ ਕਿਸੇ ਵੀ ਜਾਂਚ ਲਈ ਤਿਆਰ ਹਨ।
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਨੇ ਵੀ ਕਮਲ ਬੋਰੀ ਨਾਲ ਕਿਸੇ ਤਰ੍ਹਾਂ ਦੇ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਉਹ ਇਲਾਕੇ ਦਾ ਕੋਈ ਮੁੱਦਾ ਲੈ ਕੇ ਉਸ ਕੋਲ ਆਇਆ ਹੋਵੇ। ਬਹੁਤ ਸਾਰੇ ਲੋਕ ਸ਼ਿਕਾਇਤਾਂ ਲੈ ਕੇ ਆਉਂਦੇ ਹਨ। ਉਨ੍ਹਾਂ ਦੇ ਕਿਸੇ ਵੀ ਸਮਾਜ ਵਿਰੋਧੀ ਅਨਸਰ ਨਾਲ ਕੋਈ ਸਬੰਧ ਨਹੀਂ।
ਹਾਸਲ ਜਾਣਕਾਰੀ ਅਨੁਸਾਰ ਕਮਲ ਬੋਰੀ ਖ਼ਿਲਾਫ਼ ਕਈ ਅਪਰਾਧਕ ਮਾਮਲੇ ਦਰਜ ਹਨ। ਹਾਲ ਹੀ ’ਚ ਉਸ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਪੁਲਿਸ ਅਧਿਕਾਰੀਆਂ ਨਾਲ ਸਾਹਮਣੇ ਆਈਆਂ ਸਨ, ਜਿੱਥੇ ਉਹ ਇੱਕ ਜਨਮ ਦਿਨ ਦੀ ਪਾਰਟੀ ’ਚ ਇਕੱਠੇ ਸਨ। ਇਹ ਮਾਮਲਾ ਜਨਤਕ ਹੋਣ ਤੋਂ ਬਾਅਦ ਪੁਲਿਸ ਵਿਭਾਗ ਨੇ ਦੋ ਡੀਐਸਪੀ ਤੇ ਪੰਜ ਇੰਸਪੈਕਟਰਾਂ ਦੇ ਤਬਾਦਲੇ ਕਰ ਦਿੱਤੇ ਗਏ ਸਨ।
ਇਸੇ ਦੌਰਾਨ ਪੁਲਿਸ ਨੇ ਕਮਲ ਬੋਰੀ ਨੂੰ ਵੀ ਇੱਕ ਹੋਰ ਨਵੇਂ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ, ਜੋ ਹੁਣ ਪੁਲਿਸ ਰਿਮਾਂਡ ’ਤੇ ਹੈ। ਹੁਣ ਕਮਲ ਬੋਰੀ ਦੀ ਇੱਕ ਤਸਵੀਰ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨਾਲ ਸਾਹਮਣੇ ਆਈ ਹੈ। ਯਾਦ ਰਹੇ ਕਥਿਤ ਗੈਂਗਸਟਰ ਨਾਲ ਪੁਲਿਸ ਅਧਿਕਾਰੀਆਂ ਦੀ ਨੇੜਤਾ ਸਾਹਮਣੇ ਆਉਣ ਤੋਂ ਬਾਅਦ ਸੰਸਦ ਮੈਂਬਰ ਨੇ ਮੁੱਖ ਮੰਤਰੀ ਨੂੰ ਪੱਤਰ ਭੇਜ ਕੇ ਇਸ ਮਾਮਲੇ ਨੂੰ ਉਭਾਰਿਆ ਸੀ। ਉਨ੍ਹਾਂ ਨੇ ਪੁਲਿਸ ਤੇ ਅਪਰਾਧਕ ਲੋਕਾਂ ਦੇ ਗੱਠਜੋੜ ’ਤੇ ਵੀ ਟਿੱਪਣੀ ਕੀਤੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।