Amritsar News : ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਨੂੰ ਲੱਗਿਆ ਸਿਆਸੀ ਸਰਪ੍ਰਸਤੀ ਦਾ ਗ੍ਰਹਿਣ, ਹਾਲਾਤ ਵੇਖ ਹਰ ਕੋਈ ਪ੍ਰੇਸ਼ਾਨ
Amritsar News: ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਉਪਰ ਰੇਹੜੀਆਂ, ਫੜ੍ਹੀਆਂ ਤੇ ਰਿਕਸ਼ਾ ਵਾਲਿਆਂ ਦਾ ਸ਼ਰੇਆਮ ਕਬਜ਼ਾ ਹੈ ਪਰ ਪ੍ਰਸਾਸ਼ਨ ਵੱਲੋਂ ਕੋਈ ਕਦਮ ਨਹੀਂ ਉਠਾਇਆ ਜਾ ਰਿਹਾ ਹੈ। ਵਿਰਾਸਤੀ ਮਾਰਗ ਦੀ ਇਹ ਦਸ਼ਾ ਵੇਖ ਕੇ ਸਥਾਨਕ ਲੋਕਾਂ ਤੋਂ ਲੈ ਕੇ ਬਾਹਰੋਂ ਆਏ ਯਾਤਰੀ ਤੇ ਸੈਲਾਨੀ ਵੀ ਪ੍ਰੇਸ਼ਾਨ ਹਨ
Amritsar News: ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਉਪਰ ਰੇਹੜੀਆਂ, ਫੜ੍ਹੀਆਂ ਤੇ ਰਿਕਸ਼ਾ ਵਾਲਿਆਂ ਦਾ ਸ਼ਰੇਆਮ ਕਬਜ਼ਾ ਹੈ ਪਰ ਪ੍ਰਸਾਸ਼ਨ ਵੱਲੋਂ ਕੋਈ ਕਦਮ ਨਹੀਂ ਉਠਾਇਆ ਜਾ ਰਿਹਾ ਹੈ। ਵਿਰਾਸਤੀ ਮਾਰਗ ਦੀ ਇਹ ਦਸ਼ਾ ਵੇਖ ਕੇ ਸਥਾਨਕ ਲੋਕਾਂ ਤੋਂ ਲੈ ਕੇ ਬਾਹਰੋਂ ਆਏ ਯਾਤਰੀ ਤੇ ਸੈਲਾਨੀ ਵੀ ਪ੍ਰੇਸ਼ਾਨ ਹਨ। ਇਸ ਬਾਰੇ ਕਈ ਵਾਰ ਪ੍ਰਸਾਸ਼ਨ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਪਰ ਕੋਈ ਕਾਰਵਾਈ ਨਹੀਂ ਹੋਈ ਜਿਸ ਤੋਂ ਸਿੱਧ ਹੁੰਦਾ ਹੈ ਕਿ ਇਸ ਪਿੱਛੇ ਸਿਆਸੀ ਸਰਪ੍ਰਸਤੀ ਵੀ ਜ਼ਰੂਰ ਹੈ।
ਇਸ ਬਾਰੇ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਡਾ. ਚਰਨਜੀਤ ਸਿੰਘ ਗੁਮਟਾਲਾ, ਇੰਜਨੀਅਰ ਦਲਜੀਤ ਸਿੰਘ ਕੋਹਲੀ ਨੇ ਸਥਾਨਕ ਸਰਕਾਰਾਂ ਮੰਤਰੀ ਦੀ ਸ੍ਰੀ ਹਰਿਮੰਦਰ ਸਾਹਿਬ ਦੇ ਵਿਰਾਸਤੀ ਮਾਰਗ ਪ੍ਰਤੀ ਨਾਕਸ ਤੇ ਉਦਾਸੀਨ ਪਹੁੰਚ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜਨੀਤਕ ਆਗੂਆਂ ਦੀ ਸਰਪ੍ਰਸਤੀ ਹੇਠ ਵਿਰਾਸਤੀ ਮਾਰਗ ਮਾਫੀਆ ਪੂਰੀ ਤਰ੍ਹਾਂ ਸਰਗਰਮ ਹੈ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਾਈ ਸਿਵਲ ਰਿੱਟ ਪਟੀਸ਼ਨ ਅਨੁਸਾਰ ਵਿਰਾਸਤੀ ਮਾਰਗ ਨੂੰ ਕਾਨੂੰਨੀ ਤੌਰ ’ਤੇ ‘ਵਾਹਨ-ਰਹਿਤ ਖੇਤਰ’ ਵਜੋਂ ਪ੍ਰਵਾਨਗੀ ਦਿੱਤੀ ਹੋਈ ਹੈ। ਇਸ ਸਿਵਲ ਰਿੱਟ ਪਟੀਸ਼ਨ ਦਾ ਫੈਸਲਾ 28 ਨਵੰਬਰ 2016 ਨੂੰ ਅਦਾਲਤ ਨੇ ਦਿੱਤਾ ਸੀ।
ਉਨ੍ਹਾਂ ਕਿਹਾ ਕਿ 2016 ਤੇ 2017 ਦੌਰਾਨ ਵਿਰਾਸਤੀ ਮਾਰਗ ਨੂੰ ਤਤਕਾਲੀ ਪੰਜਾਬ ਸਰਕਾਰ ਨੇ ਪੂਰੀ ਤਰ੍ਹਾਂ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਰੱਖਿਆ, ਪਰ ਬਾਅਦ ਵਿੱਚ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਪੁਲੀਸ ਪ੍ਰਸ਼ਾਸਨ ਤੇ ਨਗਰ ਨਿਗਮ ਅੰਮ੍ਰਿਤਸਰ ਦੇ ਪ੍ਰਸ਼ਾਸਨ ਦੇ ਉਦਾਸੀਨ ਨਜ਼ਰੀਏ ਤੇ ਪਹੁੰਚ ਕਾਰਨ ਦੇਸ਼-ਵਿਦੇਸ਼ ਦੇ ਸ਼ਰਧਾਲੂਆਂ ਤੇ ਯਾਤਰੀਆਂ ਦਾ ਖਿੱਚ-ਕੇਂਦਰ ਸ੍ਰੀ ਹਰਿਮੰਦਰ ਸਾਹਿਬ ਦਾ ਵਿਰਾਸਤੀ ਮਾਰਗ ਮੰਗਤਿਆਂ, ਰੇਹੜੀਆਂ, ਫੜ੍ਹੀਆਂ, ਰਿਕਸ਼ਿਆਂ ਦਾ ਜਮਘਟ ਲੱਗਣ ਲੱਗ ਪਿਆ।
ਉਨ੍ਹਾਂ ਕਿਹਾ ਕਿ ਸਥਾਨਕ ਰਾਜਸੀ ਨੇਤਾਵਾਂ, ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਅੰਮ੍ਰਿਤਸਰ ਪ੍ਰਸ਼ਾਸਨ ਦਾ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਸ਼ਰਧਾਲੂਆਂ ਦੀ ਸੁਰੱਖਿਆ ਤੇ ਸਹੂਲਤਾਂ ਪ੍ਰਤੀ ਰਵੱਈਆ ਉਦਾਸੀਨਤਾ ਤੇ ਲਾਪ੍ਰਵਾਹੀ ਵਾਲਾ ਹੈ। ਸ਼ਰਧਾਲੂਆਂ ਦੀ ਪ੍ਰੇਸ਼ਾਨੀ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਕਮੇਟੀ, ਹੋਰ ਸਿੱਖ ਸੰਸਥਾਵਾਂ ਤੇ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਖਤੀ ਰੂਪ ਵਿੱਚ ਲਿਆ ਚੁੱਕੇ ਹਨ, ਪਰ ਪ੍ਰਸ਼ਾਸਨ ਟੱਸ ਤੋਂ ਮੱਸ ਨਹੀਂ ਹੋ ਰਿਹਾ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਅੰਮ੍ਰਿਤਸਰ ਵਾਸੀਆਂ ਨੂੰ ਆਸ ਸੀ ਕਿ ਗੁਰੂ ਨਗਰੀ ਵਿੱਚ ਨਿਯਮ-ਵਿਵਸਥਾ ਲਾਗੂ ਹੋਵੇਗੀ, ਪਰ ਹਾਲੇ ਤਕ ਤਾਂ ਨਿਰਾਸ਼ਾ ਹੀ ਪੱਲੇ ਪਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਅਜਿਹੇ ਹਾਲਾਤ ਤੋਂ ਛੁਟਕਾਰਾ ਪਾਉਣ ਲਈ ਸਥਾਨਕ ਰਾਜਨੀਤਕ ਆਗੂਆਂ ਵਿਰੁੱਧ ਸੰਘਰਸ਼ ਦੀ ਰੂਪ-ਰੇਖਾ ਤਿਆਰ ਕਰਕੇ ਅੰਦੋਲਨ ਵਿੱਢਣਗੇ।