Amritsar News: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਢਿੱਲੋਂ ਭਰਾਵਾਂ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ 'ਤੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਕਿਹਾ ਕਿ ਢਿੱਲੋਂ ਭਰਾਵਾਂ ਨੂੰ ਖੁਦਕਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ੀ ਐਸਐਚਓ ਨਵਦੀਪ ਸਿੰਘ ਦੀ ਬਰਖਾਸਤਗੀ ਵਿੱਚ ਦੇਰੀ ਇਸ ਕੇਸ ਵਿੱਚ ਸਰਕਾਰੀ ਸ਼ਹਿ ਵੱਲ ਇਸ਼ਾਰਾ ਕਰਦੀ ਹੈ। ਮਜੀਠੀਆ ਨੇ ਕਿਹਾ ਕਿ ਸਮਾਂ ਰਹਿੰਦੇ ਕਰਵਾਈ ਕੀਤੀ ਗਈ ਹੁੰਦੀ ਤਾਂ ਢਿੱਲੋਂ ਪਰਿਵਾਰ ਉੱਜੜਨ ਤੋਂ ਬਚ ਜਾਂਦਾ। 


 



ਬਿਕਰਮ ਮਜੀਠੀਆ ਨੇ ਆਪਣੇ ਫੇਸਬੁੱਕ ਪੇਜ਼ ਉਪਰ ਲਿਖਿਆ ਹੈ ਕਿ ਦੋ ਸਕੇ ਭਰਾਵਾਂ ਮਾਨਵਜੀਤ ਸਿੰਘ ਢਿੱਲੋਂ ਤੇ ਜਸ਼ਨਜੀਤ ਸਿੰਘ ਢਿੱਲੋਂ ਨੂੰ ਖੁਦਕਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ੀ ਐਸਐਚਓ ਨਵਦੀਪ ਸਿੰਘ ਦੀ ਬਰਖਾਸਤਗੀ ਵਿੱਚ ਦੇਰੀ ਇਸ ਕੇਸ ਵਿੱਚ ਸਰਕਾਰੀ ਸ਼ਹਿ ਵੱਲ ਇਸ਼ਾਰਾ ਕਰਦੀ ਹੈ। ਇੱਕ ਦਾਗ਼ੀ ਪਿਛੋਕੜ ਵਾਲੇ ਅਫ਼ਸਰ ਨੂੰ ਇਸ ਹੱਦ ਤੱਕ ਖੁੱਲ੍ਹਾ ਛੱਡਣਾ ਤੇ ਫਿਰ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਨੇ ਜਨਤਾ ਦੇ ਸਰਕਾਰ ਤੇ ਪ੍ਰਸਾਸ਼ਨ ਵਿੱਚ ਵਿਸਵਾਸ਼ ਨੂੰ ਗਹਿਰੀ ਠੇਸ ਪਹੁੰਚਾਈ ਹੈ। 


ਉਨ੍ਹਾਂ ਨੇ ਅੱਗ ਲਿਖਿਆ ਹੈ ਕਿ ਬਹੁਤ ਅਫਸੋਸ ਦੀ ਗੱਲ ਹੈ ਕਿ ਸਮਾਂ ਰਹਿੰਦੇ ਕਰਵਾਈ ਨਹੀਂ ਕੀਤੀ ਗਈ ਨਹੀਂ ਤਾਂ ਢਿੱਲੋਂ ਪਰਿਵਾਰ ਉੱਜੜਨ ਤੋਂ ਬਚ ਜਾਂਦਾ ਪਰ ਇਸ ਤੋਂ ਵੀ ਵੱਡੇ ਦੁੱਖ ਦੀ ਗੱਲ ਇਹ ਹੈ ਕਿ ਮੁੱਖ ਮੰਤਰੀ ਨੇ ਪੀੜ੍ਹਤ ਪਰਿਵਾਰ ਨੂੰ ਦਿਲਾਸਾ ਤੱਕ ਨਹੀਂ ਦਿੱਤਾ। ਸਰਕਾਰ ਨੂੰ ਇਸ ਸਾਰੀ ਘਟਨਾ ਦੇ ਦੋਸ਼ੀ ਅਫ਼ਸਰ ਤੇ ਉਸ ਨੂੰ ਬਚਾਉਣ ਵਾਲੇ ਸਿਆਸੀ ਲੋਕਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ।


 



ਦੱਸ ਦਈਏ ਕਿ ਢਿੱਲੋਂ ਭਰਾਵਾਂ ਦੇ ਖ਼ੁਦਕੁਸ਼ੀ ਮਾਮਲੇ ਵਿੱਚ ਡੀਜੀਪੀ ਗੌਰਵ ਯਾਦਵ ਨੇ ਮੁਲਜ਼ਮ ਥਾਣੇਦਾਰ ਨਵਦੀਪ ਸਿੰਘ ਨੂੰ ਬਰਖ਼ਾਸਤ ਕਰ ਦਿੱਤਾ ਹੈ। ਇਸ ਤੋਂ ਬਾਅਦ ਪਰਿਵਾਰ ਨੇ ਮ੍ਰਿਤਕ ਨੌਜਵਾਨ ਜਸ਼ਨਬੀਰ ਸਿੰਘ ਦਾ ਜਲੰਧਰ ਦੇ ਮਾਡਲ ਟਾਊਨ ਸਥਿਤ ਸਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ। 



ਪਹਿਲਾਂ ਪੀੜਤ ਪਰਿਵਾਰ ਇਸ ਗੱਲ ’ਤੇ ਅੜਿਆ ਹੋਇਆ ਸੀ ਕਿ ਜਦੋਂ ਤੱਕ ਮਾਨਵਜੀਤ ਸਿੰਘ ਢਿੱਲੋਂ ਦੀ ਲਾਸ਼ ਵੀ ਬਰਾਮਦ ਨਹੀਂ ਹੁੰਦੀ ਤੇ ਥਾਣੇਦਾਰ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਜਸ਼ਨਬੀਰ ਸਿੰਘ ਢਿੱਲੋਂ ਦਾ ਸਸਕਾਰ ਨਹੀਂ ਕੀਤਾ ਜਾਵੇਗਾ। 


ਹਾਸਲ ਜਾਣਕਾਰੀ ਮੁਤਾਬਕ ਥਾਣਾ ਡਿਵੀਜ਼ਨ ਨੰਬਰ 1 ਦੇ ਸਾਬਕਾ ਥਾਣੇਦਾਰ ਨਵਦੀਪ ਸਿੰਘ ਨੂੰ ਡੀਜੀਪੀ ਨੇ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ ਹੈ। ਇਸੇ ਤਰ੍ਹਾਂ ਇੰਸਪੈਕਟਰ ਨਵਦੀਪ ਸਿੰਘ ਖ਼ਿਲਾਫ਼ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਵੱਲੋਂ 306 ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤ ਪਰਿਵਾਰ ਨੇ ਸੀਐਮ ਹਾਊਸ ਦੇ ਘਿਰਾਓ ਦਾ ਫ਼ੈਸਲਾ ਵਾਪਸ ਲੈ ਲਿਆ ਹੈ।