Amritsar News :  ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰੇ ਮਸਕੀਨ ਵਿਰੁੱਧ ਸਾਜ਼ਿਸ਼ ਕਰਕੇ ਤਖ਼ਤ ਸਾਹਿਬ ਅਤੇ ਤਖ਼ਤ ਦੇ ਜਥੇਦਾਰ ਦੀ ਪਦਵੀ ਨੂੰ ਬਦਨਾਮ ਕਰਨ ਅਤੇ ਪੰਥਕ ਸ਼ਖ਼ਸੀਅਤ ਦੀ ਕਿਰਦਾਰਕੁਸ਼ੀ ਕਰਨ ਲਈ ਕਸੂਰਵਾਰ ਕਰਤਾਰਪੁਰ ਵਾਸੀ ਡਾ: ਗੁਰਵਿੰਦਰ ਸਿੰਘ ਸਮਰਾ ਨੂੰ ਤਲਬ ਕਰਕੇ ਪੰਥਕ ਰਵਾਇਤਾਂ ਮੁਤਾਬਿਕ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਭਵਿੱਖ ’ਚ ਕੋਈ ਵੀ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਹਿੰਮਤ ਨਾ ਕਰ ਸਕੇ।



 
ਜਥੇਦਾਰ ਨੂੰ ਲਿਖੇ ਪੱਤਰ ਵਿਚ ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ ਮਸਕੀਨ ’ਤੇ ਕਰਤਾਰਪੁਰ ਵਾਸੀ ਡਾ: ਗੁਰਵਿੰਦਰ ਸਿੰਘ ਸਮਰਾ ਵੱਲੋਂ 70 ਲੱਖ ਰੁਪਏ ਵਸੂਲਣ ਦੇ ਬਾਵਜੂਦ ਤਖ਼ਤ ਪਟਨਾ ਸਾਹਿਬ ਲਈ ਭੇਟ ਕੀਤੀ ਗਈ ਸੋਨੇ ਦੀ ਕਿਰਪਾਨ ਨਕਲੀ ਹੋਣ ਦਾ ਲਾਇਆ ਗਿਆ ਸੀ। ਇਸ ਮਾਮਲੇ ਸੰਬੰਧੀ ਤਖ਼ਤ ਪਟਨਾ ਸਾਹਿਬ ਦੇ ਪ੍ਰਬੰਧਕੀ ਕਮੇਟੀ ਦੇ ਤਤਕਾਲੀ ਪ੍ਰਧਾਨ ਅਵਤਾਰ ਸਿੰਘ ਹਿਤ (ਹੁਣ ਮਰਹੂਮ) ਵੱਲੋਂ ਦਿੱਲੀ ਹਾਈਕੋਰਟ ਦੇ ਸੇਵਾਮੁਕਤ ਜਸਟਿਸ ਆਰ.ਐਸ.ਸੋਢੀ ਦੀ ਅਗਵਾਈ ਵਿਚ ਬਣਾਈ ਗਈ ਹਾਈ ਪਾਵਰ ਕਮੇਟੀ ਨੇ ਨਿਰਪੱਖ ਤੇ ਬਾਰੀਕ ਜਾਂਚ ਕਰਨ ਤੋਂ ਬਾਅਦ 19 ਅਪ੍ਰੈਲ 2023 ਨੂੰ ਸੌਂਪੀ ਗਈ ਰਿਪੋਰਟ ’ਚ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਨੂੰ ਕਲੀਨ ਚਿੱਟ ਦੇ ਦਿੱਤੀ ਹੈ।


ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਮਾਮਲਾ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਸਬੰਧਿਤ ਹੋਣ ਕਰਕੇ ਇਹ ਸੰਵੇਦਨਸ਼ੀਲ ਅਤੇ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਅਤੇ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਜਾਂਚ ਕਮੇਟੀ ਦਾ ਵਿਚਾਰ ਹੈ ਕਿ ਇਸ ਗਲ ਦਾ ਕੋਈ ਸਬੂਤ ਨਹੀਂ ਹੈ ਕਿ ’ਸ੍ਰੀ ਸਾਹਿਬ’ ਕਥਿਤ ਤੌਰ 'ਤੇ ਗਿਆਨੀ ਰਣਜੀਤ ਸਿੰਘ ਗੌਹਰ ਵੱਲੋਂ ਤਿਆਰ ਕੀਤੀ ਗਈ ਸੀ ਅਤੇ ਨਾ ਹੀ ਡਾ: ਸਮਰਾ ਵੱਲੋਂ ਗਿਆਨੀ ਰਣਜੀਤ ਸਿੰਘ ਗੌਹਰ ਵਿਚਕਾਰ ਪੈਸੇ ਦਾ ਲੈਣ-ਦੇਣ ਹੋਇਆ ਸੀ। ਡਾ: ਸਮਰਾ ਨੇ ਜਥੇਦਾਰ ਰਣਜੀਤ ਸਿੰਘ ਨੂੰ ਸ੍ਰੀ ਸਾਹਿਬ ਬਣਾਉਣ ਲਈ 70 ਲੱਖ ਰੁਪਏ ਦੇਣ ਬਾਰੇ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ। ਡਾ: ਸਮਰਾ, ਜਿਸ ਨੂੰ ਇਕ ਕਿੱਲੋ ਸੋਨੇ ਦੀ ਕੀਮਤ ਲਗਭਗ 49 ਲੱਖ ਰੁਪਏ ਹੋਣ ਬਾਰੇ ਪਤਾ ਹੈ ਉਸ ਵੱਲੋਂ ਇਹ ਸੰਭਵ ਹੀ ਨਹੀਂ ਕਿ ਉਹ ਇਸ ਦੇ ਬਦਲੇ 70 ਲੱਖ ਦਾ ਭੁਗਤਾਨ ਕਰੇਗਾ। 

 

ਰਿਪੋਰਟ ਨੇ ਇਹ ਵੇਰਵਾ ਵੀ ਦਿੱਤਾ ਕਿ ਡਾ: ਸਮਰਾ ਦੇ ਇਸ ਦਾਅਵੇ ’ਚ ਕੋਈ ਸਚਾਈ ਨਹੀਂ ਕਿ ਉਸ ਨੇ ਗਿਆਨੀ ਰਣਜੀਤ ਸਿੰਘ ਗੌਹਰ ਨੂੰ ਅਪ੍ਰੈਲ 2022 ਦੇ ਪਹਿਲੇ - ਦੂਜੇ ਹਫ਼ਤੇ ਉਨ੍ਹਾਂ ਦੀ ਸ਼੍ਰੀ ਗੁਰੂ ਤੇਗ਼ ਬਹਾਦਰ ਹਸਪਤਾਲ ਕਰਤਾਰਪੁਰ ਸਥਿਤ ਰਿਹਾਇਸ਼ 'ਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ’ਚ 70 ਲੱਖ ਰੁਪਏ ਨਕਦ ਦਿੱਤੇ ਸਨ। ਕਿਉਂ ਕਿ ਜਥੇਦਾਰ ਗੌਹਰ ਨੇ ਸਾਲ 2022 ਦੇ 31 ਮਾਰਚ ਤੋਂ ਅਪ੍ਰੈਲ, 2022 ਤੱਕ ਦੇ ਪ੍ਰੋਗਰਾਮਾਂ ਲਈ ਕੀਤੇ ਗਏ ਸਫ਼ਰ, ਵੱਖ-ਵੱਖ ਏਅਰਲਾਈਨਾਂ ਦੀਆਂ ਹਵਾਈ ਟਿਕਟਾਂ ਅਤੇ ਬੋਰਡਿੰਗ ਪਾਸਾਂ ਤੋਂ ਇਲਾਵਾ ਮੋਬਾਈਲ ਟੈਲੀਫ਼ੋਨ ਲੋਕੇਸ਼ਨ ਪੇਸ਼ ਕਰਦਿਆਂ ਡਾ: ਸਮਰਾ ਦੇ ਦੋਸ਼ਾਂ ਨੂੰ ਨਕਾਰਿਆ ਹੈ।

 
ਡਾ: ਸਮਰਾ ਵੱਲੋਂ ’ਹਾਰ ਅਤੇ ਸ੍ਰੀ ਸਾਹਿਬ’ ਗਿਆਨੀ ਰਣਜੀਤ ਸਿੰਘ ਗੌਹਰ ਦੀ ਮੌਜੂਦਗੀ ਵਿਚ ਤਖ਼ਤ ਸਾਹਿਬ ਨੂੰ ਭੇਟ ਕਰਨ ਦਾ ਦਾਅਵੇ ਨੂੰ ਵੀ ਖ਼ਾਰਜ ਕੀਤਾ ਹੈ। ਜਾਂਚ ਰਿਪੋਰਟ ’ਚ ਹਾਈ ਪਾਵਰ ਕਮੇਟੀ ਨੇ ਤਖ਼ਤ ਪਟਨਾ ਸਾਹਿਬ ਕਮੇਟੀ ਨੂੰ ਸੋਨਾ ਦਾਨ ਸਵੀਕਾਰ ਕਰਨ ਲਈ ਨਿਰਧਾਰਿਤ ਪ੍ਰਕਿਰਿਆ ਦੀ ਸਖ਼ਤੀ ਨਾਲ ਪਾਲਣਾ ਨਾ ਕਰਨ ਲਈ ਆੜੇ ਹੱਥੀਂ ਲਿਆ।

 
ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਕਿਸੇ ਵੀ ਤਖ਼ਤ ਸਾਹਿਬ ਦੇ ਜਥੇਦਾਰ ’ਤੇ ਝੂਠੇ ਦੋਸ਼ ਲਗਾ ਕੇ ਬਦਨਾਮ ਕਰਨ ਦੀ ਕੋਈ ਵੀ ਕੋਸ਼ਿਸ਼ ਸਿੱਖ ਪੰਥ ਲਈ ਬਹੁਤ ਹੀ ਮੰਦਭਾਗੀ ਗਲ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਿੱਖ ਪੰਥ ਨੂੰ ਉਨ੍ਹਾਂ ਤਾਕਤਾਂ ਬਾਰੇ ਅਨੇਕਾਂ ਵਾਰ ਸੁਚੇਤ ਕੀਤਾ ਹੈ, ਜਿਨ੍ਹਾਂ ਵੱਲੋਂ ਸਿੱਖਾਂ ਨੂੰ ਸਿੱਖ ਸੰਸਥਾਵਾਂ ਨਾਲੋਂ ਤੋੜਨ ਅਤੇ ਸੰਸਥਾਵਾਂ ਨੂੰ ਕਮਜ਼ੋਰ ਕਰਨ ਹਿਤ ਉੱਥੇ ਨਿਯੁਕਤ ਜਾਂ ਕਾਰਜਸ਼ੀਲ ਪੰਥਕ ਸ਼ਖ਼ਸੀਅਤਾਂ ’ਤੇ ਬੇਬੁਨਿਆਦ ਦੋਸ਼ ਲਾ ਕੇ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ। ਕਿਸੇ ਦੀ ਕਿਰਦਾਰਕੁਸ਼ੀ ਦਾ ਹਥਿਆਰ ਸਰੀਰਕ ਤੌਰ ’ਤੇ ਖ਼ਤਮ ਕਰਨ ਤੋਂ ਵੀ ਵੱਧ ਖ਼ਤਰਨਾਕ ਹੈ। ਕਿਸੇ ’ਤੇ ਮਨਘੜਤ ਬੇਬੁਨਿਆਦ ਦੋਸ਼ ਲਾ ਕੇ ਉਸ ਦਾ ਅਕਸ ਏਨਾ ਖ਼ਰਾਬ ਕਰ ਦਿਓ ਕਿ ਉਹ ਅਪਣਾ ਹੌਸਲਾ ਹੀ ਹਾਰ ਜਾਵੇ। ਸਿੱਖ ਸੰਸਥਾਵਾਂ ਨਾਲ ਸੰਬੰਧਿਤ ਸ਼ਖ਼ਸੀਅਤਾਂ ਨੂੰ ਜਾਣਬੁੱਝ ਕੇ ਬਦਨਾਮ ਕਰਦਿਆਂ ਪੰਥਕ ਸੰਸਥਾਵਾਂ ਦੇ ਅਕਸ ਨੂੰ ਢਾਹ ਲਾਉਣ ਵਾਲੇ ਲੋਕਾਂ ਵੱਲੋਂ ਸਿੱਖ ਸਿਧਾਂਤਾਂ, ਨੈਤਿਕਤਾ, ਮਾਣ ਮਰਿਆਦਾ ਅਤੇ ਸਿੱਖ ਭਾਵਨਾਵਾਂ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ ਹੈ। ਹਾਈ ਪਾਵਰ ਜਾਂਚ ਕਮੇਟੀ ’ਚ ਪ੍ਰਬੰਧਕ ਕਮੇਟੀ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮੈਸ਼ਰ  ਸ.ਚਰਨਜੀਤ ਸਿੰਘ ਸਲੂਜਾ ਕਨਵੀਨਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ, ਗਿਆਨੀ ਹਰਦੀਪ ਸਿੰਘ, ਹੈੱਡ ਗ੍ਰੰਥੀ ਅਤੇ ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਅਜੀਤਪਾਲ ਸਿੰਘ ਬਿੰਦਰਾ ਸ਼ਾਂਮਿਲ ਸਨ।