Drone Movement at Amritsar Airport: ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੋਮਵਾਰ ਰਾਤ ਸ਼ੱਕੀ ਡ੍ਰੋਨ ਦੀ ਆਵਾਜਾਈ ਕਾਰਨ ਉਡਾਣਾਂ ਨੂੰ 3 ਘੰਟੇ ਲਈ ਰੋਕਣਾ ਪਿਆ। ਡ੍ਰੋਨ ਦੀ ਆਵਾਜਾਈ ਕਾਰਨ ਏਅਰ ਇੰਡੀਆ ਦੀ ਦਿੱਲੀ-ਅੰਮ੍ਰਿਤਸਰ ਫਲਾਈਟ ਨੂੰ ਲੈਂਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਲਈ ਰਾਤ ਨੂੰ ਹੀ ਉਸ ਨੂੰ ਦਿੱਲੀ ਵਾਪਸ ਪਰਤਣਾ ਪਿਆ। ਡ੍ਰੋਨ ਕਾਰਨ ਸਵੇਰੇ 10 ਵਜੇ ਤੋਂ 1 ਵਜੇ ਤੱਕ ਉਡਾਣਾਂ ਦੀ ਆਵਾਜਾਈ ਰੋਕ ਦਿੱਤੀ ਗਈ।


ਹਵਾਈ ਅੱਡੇ ਦੇ ਸੂਤਰਾਂ ਅਨੁਸਾਰ 3 ਡ੍ਰੋਨਾਂ ਦੀ ਮੂਵਮੈਂਟ ਦੇਖੀ ਗਈ। ਇਹ ਮੂਵਮੈਂਟ ਰਾਤ 10.15 ਤੋਂ ਰਾਤ 11 ਵਜੇ ਤੱਕ ਹੋਈ। ਇਸ ਦੌਰਾਨ ਡ੍ਰੋਨ ਕਦੇ ਏਅਰਪੋਰਟ ਦੇ ਉੱਪਰ ਆ ਜਾਂਦਾ ਸੀ ਤੇ ਕਦੇ ਸਾਈਡ 'ਤੇ ਚਲਾ ਜਾਂਦਾ ਸੀ। ਇਨ੍ਹਾਂ ਵਿੱਚੋਂ ਦੋ ਡ੍ਰੋਨ ਰਾਜਾਸਾਂਸੀ ਵਾਲੇ ਪਾਸੇ ਹਵਾਈ ਅੱਡੇ ਦੀ ਹੱਦ ਨੇੜੇ ਤੇ ਟਰਮੀਨਲ ਦੇ ਪਿਛਲੇ ਪਾਸੇ ਦੇਖੇ ਗਏ। ਜਦੋਂ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਨੇ ਅੱਗੇ ਜਾਣਕਾਰੀ ਦਿੱਤੀ ਤਾਂ ਸੁਰੱਖਿਆ ਕਾਰਨਾਂ ਕਰਕੇ ਉਡਾਣ ਦੀ ਆਵਾਜਾਈ ਰੋਕ ਦਿੱਤੀ ਗਈ।



ਰਾਤ 10.30 ਵਜੇ ਦਿੱਲੀ ਤੋਂ ਆਈ ਏਅਰ ਇੰਡੀਆ ਦੀ ਫਲਾਈਟ 20 ਮਿੰਟ ਤੱਕ ਹਵਾ ਵਿੱਚ ਹੀ ਰਹੀ ਤੇ ਡ੍ਰੋਨ ਕਾਰਨ ਕਲੀਅਰੈਂਸ ਨਾ ਮਿਲਣ 'ਤੇ ਵਾਪਸ ਪਰਤਣਾ ਪਿਆ। ਦੇਰ ਰਾਤ ਏਅਰ ਟ੍ਰੈਫਿਕ ਕਲੀਅਰ ਹੋਣ ਕਾਰਨ ਇਹ ਫਲਾਈਟ ਸਵੇਰੇ 4 ਵਜੇ ਅੰਮ੍ਰਿਤਸਰ ਪਹੁੰਚੀ। ਇਸ ਤੋਂ ਇਲਾਵਾ ਇੰਡੀਗੋ ਦੀ ਪੁਣੇ, ਇੰਡੀਗੋ ਦੀ ਦਿੱਲੀ, ਏਅਰ ਏਸ਼ੀਆ ਤੇ ਬਾਟਿਕ ਏਅਰ ਦੀ ਕੁਆਲਾਲੰਪੁਰ ਦੀਆਂ ਉਡਾਣਾਂ ਦੇਰੀ ਨਾਲ ਉਡਾਣ ਭਰ ਸਕੀਆਂ।


ਇਨ੍ਹਾਂ ਤੋਂ ਇਲਾਵਾ ਕਈ ਉਡਾਣਾਂ ਰਾਤ 1 ਵਜੇ ਤੋਂ ਬਾਅਦ ਹੀ ਰਵਾਨਾ ਹੋਈਆਂ। ਪੁਲਿਸ ਤੇ ਏਜੰਸੀਆਂ ਨੇ ਰਾਤ ਨੂੰ ਹਵਾਈ ਅੱਡੇ ਦੇ ਅੰਦਰ ਤੇ ਬਾਹਰ ਤਲਾਸ਼ੀ ਮੁਹਿੰਮ ਵੀ ਚਲਾਈ। ਮੰਗਲਵਾਰ ਸਵੇਰੇ ਵੀ ਦੋ ਵਾਰ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਮੁਹਿੰਮ ਦੌਰਾਨ ਡ੍ਰੋਨ ਦੀ ਤਲਾਸ਼ੀ ਲੈਣ 'ਚ ਨਾਕਾਮ ਰਹੀ।



ਡ੍ਰੋਨ ਉਡਾਣਾਂ ਲਈ ਖ਼ਤਰਾ
ਇੰਡੀਅਨ ਏਅਰਕ੍ਰਾਫਟ ਐਕਟ ਅਨੁਸਾਰ, ਡ੍ਰੋਨ ਨੂੰ ਹਵਾਈ ਅੱਡੇ ਦੇ 4 ਕਿਲੋਮੀਟਰ ਦੇ ਅੰਦਰ ਨਹੀਂ ਉਡਾਇਆ ਜਾ ਸਕਦਾ। 20 ਕਿਲੋਮੀਟਰ ਦੇ ਖੇਤਰ ਵਿੱਚ ਇਮਾਰਤ ਦੀ ਉਚਾਈ ਬਾਰੇ ਏਅਰਪੋਰਟ ਅਥਾਰਟੀ ਤੋਂ ਐਨਓਸੀ ਲੈਣੀ ਪੈਂਦੀ ਹੈ। ਬਿਨਾਂ ਇਜਾਜ਼ਤ ਡ੍ਰੋਨ ਉਡਾਉਣ 'ਤੇ ਸਜ਼ਾ ਤੇ ਜੁਰਮਾਨੇ ਦੀ ਵਿਵਸਥਾ ਹੈ। ਜੇਕਰ ਡ੍ਰੋਨ ਜਹਾਜ਼ ਦੇ ਇੰਜਣ ਨਾਲ ਟਕਰਾ ਜਾਂਦਾ ਹੈ ਤਾਂ ਵੱਡਾ ਹਾਦਸਾ ਹੋ ਸਕਦਾ ਹੈ। ਹਵਾਈ ਅੱਡਿਆਂ ਵਰਗੇ ਖੇਤਰਾਂ ਵਿੱਚ ਸਿਗਨਲ ਜੈਮਰ ਲਗਾਏ ਜਾਂਦੇ ਹਨ ਤਾਂ ਜੋ ਰਿਮੋਟ ਤੇ ਡ੍ਰੋਨ ਵਿਚਕਾਰ ਸੰਪਰਕ ਟੁੱਟ ਜਾਵੇ।