Amritsar News: ਅੰਮ੍ਰਿਤਸਰ ਦੇ ਜੰਡਿਆਲਾ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜਿੱਥੇ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਨੰਗਲ ਗੁਰੂ ਵਿਖੇ ਇਕ ਘਰ ਵਿਚ ਧਮਾਕਾ ਹੋਣ  ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਦੇ ਵਿੱਚ ਇੱਕ ਔਰਤ ਸਮੇਤ 6 ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।



ਉੱਥੇ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਦਿਹਾਤੀ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਜੰਡਿਆਲਾ ਗੁਰੂ ਦੇ ਪਿੰਡ ਨੰਗਲ ਗੁਰੂ ਵਿਖੇ ਇਕ ਘਰ ਵਿੱਚ ਪਟਾਕੇ ਬਣਾਉਣ ਦਾ ਕੰਮ ਚੱਲ ਰਿਹਾ ਸੀ। ਉਹਨਾਂ ਕਿਹਾ ਕਿ ਇਹ ਲੋਕਾਂ ਨੇ ਦੋ ਮਹੀਨੇ ਪਹਿਲੋਂ ਹੀ ਮਕਾਨ ਨੂੰ ਕਿਰਾਏ 'ਤੇ ਲਿਆ ਸੀ। ਮਕਾਨ ਦੀ ਵਿਧਵਾ ਮਾਲਕਣ ਕੁਲਦੀਪ ਕੌਰ ਨਹੀਂ ਸੀ ਪਤਾ ਕਿ ਇਸ ਘਰ ਵਿੱਚ ਨਜਾਇਜ਼ ਤੌਰ 'ਤੇ ਪਟਾਕੇ ਬਣਾਣ ਦਾ ਕੰਮ ਕੀਤਾ ਜਾ ਰਿਹਾ ਹੈ।



ਉਹਨਾਂ ਕਿਹਾ ਕਿ ਭਿੰਡਰ ਪਿੰਡ ਦੇ ਲੋਕਾਂ ਵੱਲੋਂ ਇਹ ਮਕਾਨ ਕਿਰਾਏ ਦੇ ਲਿਆ ਸੀ ਤੇ ਉਹਨਾਂ ਵੱਲੋਂ ਹੀ ਇਹ ਪਟਾਕੇ ਬਣਾਉਣ ਦਾ ਇਨਲੀਗਲ ਕੰਮ ਕੀਤਾ ਜਾ ਰਿਹਾ ਸੀ ਤੇ ਅੱਜ ਅਚਾਨਕ ਕਮਰੇ ਦੇ ਵਿੱਚ ਅੱਗ ਲੱਗਣ ਦੇ ਕਾਰਨ ਕੰਧ ਹੇਠਾਂ ਆ ਗਿਆ, ਜਿਸ ਕਾਰਨ ਇਹ ਸਾਰੇ ਜਖਮੀ ਹੋ ਗਏ। ਹੁਣ ਇਹ ਸਾਰੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹਨ। ਉਹਨਾਂ ਕਿਹਾ ਕਿ ਜਿਹੜੇ ਵੀ ਲੋਕ ਇਸ ਵਿੱਚ ਦੋਸ਼ੀ ਪਾਏ ਜਾਣਗੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। 


ਇਸ ਮੌਕੇ ਪਿੰਡ ਦੀ ਸਾਬਕਾ ਸਰਪੰਚ ਅਮਰਜੀਤ ਕੌਰ ਨੇ ਦੱਸਿਆ ਕਿ ਇਹ ਕੁਲਦੀਪ ਕੌਰ ਦਾ ਘਰ ਸੀ ਉਸਦੇ ਪਤੀ ਨੂੰ ਮਰੇ ਕਾਫੀ ਸਮਾਂ ਹੋ ਗਿਆ ਹੈ। ਤੇ ਉਸ ਕੋਲੋਂ ਇਹ ਗੱਲ ਦੋ ਮਹੀਨੇ ਪਹਿਲਾਂ ਹੀ ਕਿਰਾਏ 'ਤੇ ਲਿਆ ਸੀ ਉਸ ਨੂੰ ਵੀ ਇਸ ਗੱਲ ਦਾ ਨਹੀਂ ਸੀ ਪਤਾ ਕਿ ਇਸ ਘਰ ਵਿੱਚ ਪਟਾਕੇ ਬਣ ਰਹੇ ਹਨ। ਉਹਨਾਂ ਕਿਹਾ ਕਿ ਇਕਦਮ ਪਿੰਡ ਦੇ ਵਿੱਚ ਧਮਾਕੇ ਦੀ ਆਵਾਜ਼ ਆਈ, ਅਸੀਂ ਸਮਝਿਆ ਕਿ ਸਿਲੰਡਰ ਦਾ ਬਲਾਸਟ ਹੋਇਆ ਹੈ। ਜਿਸ ਦੇ ਚਲਦੇ ਅੱਗ ਲੱਗ ਗਈ ਅਸੀਂ ਜਦੋਂ ਭੱਜੇ ਤੇ ਪਤਾ ਲੱਗਾ ਕਿ ਇਸ ਘਰ ਦੇ ਵਿੱਚ ਅੰਦਰ ਪਟਾਕੇ ਬਣ ਰਹੇ ਸਨ ਤੇ ਪਟਾਕਿਆਂ ਦੇ ਪੋਟਾਸ਼ ਨੂੰ ਅੱਗ ਲੱਗਣ ਕਰਕੇ ਘਰ ਦੀ ਕੰਧ ਡਿੱਗ ਗਈ ਤੇ ਉਸਦੇ ਨਾਲ ਇਹ ਲੋਕ ਜ਼ਖਮੀ ਹੋ ਗਏ ਜਿਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਪੁਲਿਸ ਮੌਕੇ ਤੇ ਪੁੱਜੀ ਹੈ ਅਤੇ ਜਿਹੜੀ ਬੰਨਦੀ ਕਾਰਵਾਈ ਕੀਤੀ ਜਾ ਰਹੀ ਹੈ।