Ludhiana News: ਪੰਜਾਬ ਵਿੱਚ ਮੁੜ ਗੈਂਗਵਾਰ ਵਧਣ ਦੇ ਅਸਾਰ ਬਣ ਗਏ ਹਨ। ਗੈਂਗਸਟਰ ਰਾਣਾ ਕੰਦੋਵਾਲੀਆ ਦੇ ਭਰਾ ਜਸਕੀਰਤ ਸਿੰਘ ਲਾਲਾ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਮੁਰਾਦਪੁਰਾ ਤੋਂ ਬੰਦੂਕ ਦੀ ਨੋਕ 'ਤੇ ਅਗਵਾ ਕਰ ਲਿਆ ਗਿਆ ਹੈ। ਕਾਰ ਵਿੱਚ ਬੈਠਣ ਤੋਂ ਪਹਿਲਾਂ ਹੀ ਜਸਕੀਰਤ ਲਾਲਾ ਨੇ ਆਪਣੇ ਭਰਾ ਸ਼ੇਰਾ ਨੂੰ ਕਾਲ ਲਾ ਕੇ ਫ਼ੋਨ ਹੋਲਡ ਕਰ ਦਿੱਤਾ। ਇਸ ਦੌਰਾਨ ਬਦਮਾਸ਼ਾਂ ਦੀ ਫੋਨ 'ਤੇ ਪੂਰੀ ਗੱਲਬਾਤ ਸੁਣ ਕੇ ਸ਼ੇਰਾ ਵੀ ਟਿਕਾਣੇ 'ਤੇ ਪਹੁੰਚ ਗਿਆ।



ਇਸ ਦੌਰਾਮ ਬਦਮਾਸ਼ਾਂ ਨੇ ਕਾਰ ਦੀ ਖਿੜਕੀ ਰਾਹੀਂ ਸ਼ੇਰਾ ਨੂੰ ਪਿਸਤੌਲ ਦਿਖਾਈ ਤੇ ਲਾਲਾ ਨੂੰ ਸੜਕ 'ਤੇ ਹੀ ਛੱਡ ਕੇ ਫਰਾਰ ਹੋ ਗਏ। ਗੁੱਸੇ 'ਚ ਆਏ ਸ਼ੇਰਾ ਨੇ ਅਗਵਾਕਾਰਾਂ ਦੀ ਕਾਰ ਦੀ ਭੰਨ-ਤੋੜ ਵੀ ਕੀਤੀ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਸਕੀਰਤ ਲਾਲਾ ਨੇ ਦੱਸਿਆ ਕਿ ਉਹ ਪਿੰਡ ਬੱਲ ਖੁਰਦ ਦਾ ਰਹਿਣ ਵਾਲਾ ਹੈ। ਜੱਗੂ ਭਗਵਾਨਪੁਰੀਆ ਨੇ ਪੁਰਾਣੀ ਰੰਜਿਸ਼ ਕਾਰਨ ਉਸ ਨੂੰ ਮਾਰਨ ਲਈ ਆਪਣੇ ਗੁੰਡੇ ਭੇਜੇ ਸੀ।

ਜਸਕੀਰਤ ਲਾਲਾ ਅਨੁਸਾਰ ਇਸ ਤੋਂ ਪਹਿਲਾਂ ਉਸ ਦੇ ਭਰਾ ਰਾਣਾ ਕੰਦੋਵਾਲੀਆ ਨੂੰ ਵੀ ਜੱਗੂ ਨੇ ਮਰਵਾਇਆ ਸੀ। ਹੁਣ ਉਹ ਉਸ ਨੂੰ ਵੀ ਮਰਵਾਉਣਾ ਚਾਹੁੰਦਾ ਹੈ। ਉਸ ਨੇ ਦੱਸਿਆ ਕਿ ਕ੍ਰੇਟਾ ਕਾਰ 'ਚ ਆਏ ਲੋਕਾਂ ਨੇ ਉਸ ਨੂੰ ਇਸ਼ਾਰਾ ਕਰਕੇ ਆਪਣੇ ਕੋਲ ਬੁਲਾਇਆ। ਉਹ ਉਨ੍ਹਾਂ ਦੀ ਗੱਲ ਸੁਣਨ ਗਿਆ ਕਿ ਉਨ੍ਹਾਂ ਨੇ ਪਿਸਤੌਲ ਉਸ ਦੀ ਕਮਰ 'ਤੇ ਰੱਖ ਦਿੱਤੀ। ਉਸ ਨੂੰ ਕਾਰ ਵਿੱਚ ਬੈਠਣ ਲਈ ਕਹਿਣ ਲੱਗੇ। ਲਾਲਾ ਨੇ ਤੁਰੰਤ ਆਪਣੇ ਭਰਾ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਕਾਲ ਕਰ ਦਿੱਤੀ।

ਜਸਕੀਰਤ ਲਾਲਾ ਨਾਲ ਬਦਮਾਸ਼ਾਂ ਦੀ ਬਹਿਸ ਸੁਣ ਕੇ ਉਸ ਨੂੰ ਟਿਕਾਣੇ ਦਾ ਪਤਾ ਲੱਗ ਗਿਆ। ਕੁਝ ਲੋਕਾਂ ਦੀ ਮਦਦ ਨਾਲ ਉਹ ਗੱਡੀ ਨੂੰ ਟ੍ਰੇਸ ਕਰਕੇ ਸੰਗਤਪੁਰਾ ਛਾਉਣੀ ਪਹੁੰਚ ਗਿਆ। ਸ਼ੇਰਾ ਅਨੁਸਾਰ ਉਹ ਬਾਈਕ 'ਤੇ ਜਾ ਰਿਹਾ ਸੀ। ਉਸ ਨੂੰ ਦੇਖ ਕੇ ਬਦਮਾਸ਼ਾਂ ਨੇ ਕਾਰ ਰੋਕ ਦਿੱਤੀ ਤੇ ਖਿੜਕੀ ਰਾਹੀਂ ਹਥਿਆਰ ਦਿਖਾਉਣ ਲੱਗੇ। ਜਦੋਂ ਬਦਮਾਸ਼ਾਂ ਦਾ ਪਿੱਛਾ ਕੀਤਾ ਗਿਆ ਤਾਂ ਉਹ ਇੱਕ ਗਲੀ ਵਿੱਚ ਵੜ ਕੇ ਫਰਾਰ ਹੋ ਗਏ। ਲਾਲਾ ਨੂੰ ਬਚਾਉਣ ਲਈ ਉਸ ਨੇ ਇਨ੍ਹਾਂ ਬਦਮਾਸ਼ਾਂ ਦੀ ਕਾਰ ਦੀ ਭੰਨ-ਤੋੜ ਵੀ ਕੀਤੀ। ਉਹ ਪ੍ਰਸ਼ਾਸਨ ਤੋਂ ਮੰਗ ਕਰਦਾ ਹੈ ਕਿ ਉਸ ਨੂੰ ਇਨ੍ਹਾਂ ਗੈਂਗਸਟਰਾਂ ਤੋਂ ਬਚਾਇਆ ਜਾਵੇ।