Amritsar News : ਗੈਂਗਸਟਰਾਂ ਦੇ ਨਾਂ 'ਤੇ ਫਿਰੌਤੀਆਂ ਮੰਗਣ ਦਾ ਸਿਲਸਿਲਾ ਰੁਕ ਨਹੀਂ ਰਿਹਾ। ਪੁਲਿਸ ਦੇ ਸਖਤੀ ਦੇ ਬਾਵਜੂਦ ਰੋਜ਼ਾਨਾ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਹੁਣ ਪਾਕਿਸਤਾਨ ਰਹਿੰਦੇ ਅਤਿਵਾਦੀ ਹਰਵਿੰਦਰ ਰਿੰਦਾ ਤੇ ਕੈਨੇਡਾ ਰਹਿੰਦੇ ਗੈਂਗਸਟਰ ਲਖਬੀਰ ਲੰਡਾ ਦੇ ਨਾਂ ਉੱਪਰ ਸੀਨੀਅਰ ਅਕਾਲੀ ਲੀਡਰ ਤੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਸਿਆਸੀ ਸਲਾਹਕਾਰ ਗੁਰਮੁੱਖ ਸਿੰਘ ਘੁੱਲਾ ਕੋਲੋਂ ਫਿਰੌਤੀ ਮੰਗੀ ਗਈ ਹੈ।



ਹਾਸਲ ਜਾਣਕਾਰੀ ਅਨੁਸਾਰ ਗੁਰਮੁੱਖ ਸਿੰਘ ਵਾਸੀ ਬਲੇਰ ਨੇ ਇਸ ਸਬੰਧੀ ਥਾਣਾ ਭਿੱਖੀਵਿੰਡ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਵਟਸਐਪ ਕਾਲ ਰਾਹੀਂ ਹਰਵਿੰਦਰ ਸਿੰਘ ਉਰਫ਼ ਰਿੰਦਾ ਨੇ ਉਸ ਤੋਂ ਫ਼ਿਰੌਤੀ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਇਨਕਾਰ ਕਰਨ ’ਤੇ ਉਸ ਨੂੰ ਜਾਨੋਂ ਮਾਰ ਦੇਣ ਦੀ ਗੱਲ ਵੀ ਆਖੀ ਹੈ। ਇਸ ਮਗਰੋਂ ਉਸ ਨੂੰ ਲਖਬੀਰ ਸਿੰਘ ਉਰਫ ਲੰਡਾ ਨੇ ਵੀ ਧਮਕੀਆਂ ਦਿੱਤੀਆਂ।


ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਵੱਡੀ ਰਾਹਤ, ਅੱਜ ਮੋਹਾਲੀ 'ਚ ਖੁੱਲ੍ਹੇਗਾ ਰੇਤਾ-ਬੱਜਰੀ ਵਿਕਰੀ ਕੇਂਦਰ, ਵਧਦੀਆਂ ਕੀਮਤਾਂ 'ਤੇ ਲੱਗੇਗੀ ਲਗਾਮ

ਦੱਸ ਦਈਏ ਕਿ ਸੀਨੀਅਰ ਅਕਾਲੀ ਆਗੂ ਗੁਰਮੁੱਖ ਸਿੰਘ ਘੁੱਲਾ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਸਿਆਸੀ ਸਲਾਹਕਾਰ ਹਨ। ਉਨ੍ਹਾਂ ਕੋਲੋਂ ਪਾਕਿਸਤਾਨ ਰਹਿੰਦੇ ਅਤਿਵਾਦੀ ਹਰਵਿੰਦਰ ਸਿੰਘ ਰਿੰਦਾ ਤੇ ਕੈਨੇਡਾ ਤੋਂ ਗੈਂਗਸਟਰਾਂ ਦੀ ਅਗਵਾਈ ਕਰ ਰਹੇ ਹਰੀਕੇ ਵਾਸੀ ਲਖਬੀਰ ਸਿੰਘ ਲੰਡਾ ਨੇ ਫੋਨ ਰਾਹੀਂ ਫਿਰੌਤੀ ਦੀ ਮੰਗ ਕੀਤੀ ਹੈ। ਮੰਗ ਪੂਰੀ ਨਾ ਕੀਤੇ ਜਾਣ ’ਤੇ ਉਨ੍ਹਾਂ ਜਾਨ ਤੋਂ ਮਾਰ ਦੇਣ ਦੀ ਧਮਕੀ ਵੀ ਦਿੱਤੀ ਹੈ।


ਪੰਜਾਬ 'ਚ ਗੈਂਗਸਟਰਾਂ ਤੇ ਅਪਰਾਧਿਕ ਕਿਸਮ ਦੇ ਲੋਕਾਂ ਵੱਲੋਂ ਵਪਾਰੀਆਂ ਨੂੰ ਡਰਾ ਧਮਕਾ ਕੇ ਨਜਾਇਜ਼ ਵਸੂਲੀ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਸਬੰਧੀ ਭਾਵੇਂ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਜਾ ਰਿਹਾ ਹੈ ਪਰ ਕੁਝ ਸਮੇਂ ਬਾਅਦ ਮੁੜ ਨਵਾਂ ਮਾਮਲਾ ਸਾਹਮਣੇ ਆਉਂਦਾ ਹੈ।
 

ਦੱਸ ਦੇਈਏ ਕਿ ਪੰਜਾਬ 'ਚ ਪਿਛਲੇ ਦਿਨੀਂ ਨਕੋਦਰ ਕਤਲ ਕਾਂਡ ਅਤੇ ਤਰਨ ਤਾਰਨ ਹਮਲੇ ਤੋਂ ਬਾਅਦ ਸੂਬੇ 'ਚ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਆਮ ਲੋਕਾਂ ਅਤੇ ਖਾਸ ਕਰਕੇ ਕਾਰੋਬਾਰੀਆਂ ਦੇ ਮਨਾਂ ਵਿੱਚ ਡਰ ਪੈਦਾ ਹੋ ਗਿਆ ਹੈ ਅਤੇ ਕਈ ਹੋਰ ਕਾਰੋਬਾਰੀਆਂ ਨੂੰ ਵੀ ਫਿਰੌਤੀ ਲਈ ਕਾਲਾਂ ਆਈਆਂ ਹਨ। ਸੂਬੇ ਦੀਆਂ ਸਿਆਸੀ ਧਿਰਾਂ ਇਸ ਮੁੱਦੇ ਉਤੇ ਸਰਕਾਰ ਨੂੰ ਘੇਰ ਰਹੀਆਂ ਹਨ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।