CCTV on Pak Border: ਪੰਜਾਬ ਦੀਆਂ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ 'ਤੇ ਹੁਣ ਤੀਸਰੀ ਅੱਖ ਦੀ ਨਜ਼ਰ ਰਹਿਣ ਵਾਲੀ ਹੈ। ਅੰਤਰਰਾਸ਼ਟਰੀ ਸਰਹੱਦਾਂ 'ਤੇ ਹੁਣ ਸੀਸੀਟੀਵੀ ਕੈਮਰੇ ਲੱਗਣ ਦਾ ਕੰਮ ਸ਼ੁਰੂ ਹੋ ਗਿਆ ਹੈ। ਪੰਜਾਬ ਵਿੱਚ ਪਾਕਿਸਤਾਨ ਨਾਲ ਲੱਗਦੀ ਕਰੀਬ 553 ਕਿਲੋ ਮੀਟਰ ਲੰਬੀ ਸਰਹੱਦ ਹੈ। ਜਿਸ ਨੂੰ ਕੈਮਰਿਆਂ ਨਾਲ ਕਵਰ ਕੀਤਾ ਜਾ ਰਿਹਾ ਹੈ।



553 ਕਿਲੋ ਮੀਟਰ ਲੰਬੀ ਸਰਹੱਦ 'ਤੇ 585 ਹਾਈ ਰੈਜ਼ੋਲੂਸ਼ਨ ਵਾਲੇ ਸੀਸੀਟੀਵੀ ਕੈਮਰੇ ਲੱਗਣੇ ਸ਼ੁਰੂ ਹੋ ਗਏ ਹਨ। ਇਹ ਤਰਨ ਤਾਰਨ, ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਫਾਜ਼ਿਲਕਾ ਅਤੇ ਫਿਰੋਜ਼ਪੁਰ 'ਚ ਲਗਾਏ ਜਾਣਗੇ। ਇਹਨਾਂ ਸਰਹੱਦਾਂ 'ਤੇ 27 ਥਾਵਾਂ ਨੂੰ ਹੌਟ ਸਪੌਟ ਬਣਾਇਆ ਗਿਆ ਹੈ। ਜਿਹਨਾਂ ਰਾਹੀਂ ਸਭ ਤੋਂ ਵੱਧ ਹਥਿਆਰ ਅਤੇ ਨਸ਼ਾ ਸਪਲਾਈ ਹੁੰਦਾ ਹੈ। ਇਹਨਾਂ ਥਾਵਾਂ 'ਤੇ ਵੀ ਸੀਸੀਟੀਵੀ ਕੈਮਰਿਆਂ ਨਾਲ ਨਜ਼ਰ ਰੱਖੀ ਜਾਵੇਗੀ। 



ਪਠਾਨਕੋਟ ਤੋਂ ਲੈ ਕੇ ਫ਼ਾਜ਼ਿਲਕਾ ਤੱਕ ਸਰਹੱਦੀ ਖੇਤਰਾਂ ਵਿਚ ਅੰਮ੍ਰਿਤਸਰ ਅਤੇ ਤਰਨਤਾਰਨ ਸਭ ਤੋਂ ਸੰਵੇਦਨਸ਼ੀਲ ਮੰਨੇ ਜਾਂਦੇ ਹਨ। ਇਸ ਨੂੰ ਮੁੱਖ ਰੱਖਦਿਆਂ ਸਰਕਾਰ ਵੱਲੋਂ ਅੰਮ੍ਰਿਤਸਰ ਸੈਕਟਰ, ਰਮਦਾਸ ਸੈਕਟਰ ਤੇ ਤਰਨਤਾਰਨ ਸੈਕਟਰ ਦੇ ਪਿੰਡਾਂ ਵਿਚ ਇਹ ਕੈਮਰੇ ਲਾਉਣ ਦਾ ਕੰਮ 50 ਫ਼ੀਸਦੀ ਤੋਂ ਵੱਧ ਮੁਕੰਮਲ ਕਰ ਲਿਆ ਗਿਆ ਹੈ। 


ਅੰਮ੍ਰਿਤਸਰ ਤੇ ਰਮਦਾਸ ਸੈਕਟਰ ਦੇ 95 ਕਿਲੋਮੀਟਰ ਦੇ ਘੇਰੇ ਵਿਚ ਪੈਂਦੇ ਪਿੰਡਾਂ 'ਚ ਸਿਰਫ਼ 220 ਕੈਮਰੇ ਹੀ ਲਗਾਏ ਗਏ ਹਨ। ਇਨ੍ਹਾਂ ਨੂੰ ਵੀ ਸਰਗਰਮ ਕਰ ਦਿੱਤਾ ਗਿਆ ਹੈ। ਬੀਐੱਸਐੱਫ ਦੇ ਇਕ ਅਧਿਕਾਰੀ ਨੇ  ਦੱਸਿਆ ਕਿ ਪਿੰਡਾਂ 'ਚ ਅਤੇ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ 'ਤੇ 500 ਤੋਂ ਵੱਧ ਕੈਮਰੇ ਲਾਉਣੇ ਬਾਕੀ ਹਨ। 


ਇਹ ਕੰਮ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਇਸੇ ਤਰ੍ਹਾਂ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਸ਼ਾਖਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਕੈਮਰਿਆਂ ਰਾਹੀਂ ਸੜਕ 'ਤੇ ਚੱਲਣ ਵਾਲੇ ਵਾਹਨਾਂ ਦੀਆਂ ਨੰਬਰ ਪਲੇਟਾਂ ਆਸਾਨੀ ਨਾਲ ਪੜੀਆਂ ਜਾ ਸਕਦੀਆਂ ਹਨ। ਇਹ ਸੰਵੇਦਨਸ਼ੀਲ ਕੈਮਰੇ ਚਿਹਰੇ ਦੀ ਪਛਾਣ ਵੀ ਕਰ ਸਕਦੇ ਹਨ।


ਪਿੰਡਾਂ ਵਿਚ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਵੀਡੀਸੀ (ਵਿਲੇਜ ਡਿਫੈਂਸ ਕਮੇਟੀ) ਵੀ ਸੁਰੱਖਿਆ ਏਜੰਸੀਆਂ ਨੂੰ ਸਮੱਗਲਰਾਂ ਬਾਰੇ ਜਾਣਕਾਰੀ ਦੇ ਰਹੀ ਹੈ। ਪਿਛਲੇ ਸਮੇਂ ਵਿਚ ਫੜੀ ਗਈ ਪੰਜ-ਪੰਜ ਕਿੱਲੋ ਦੀਆਂ ਦੋ ਖੇਪਾ ਬਾਰੇ ਜਾਣਕਾਰੀ ਵੀਡੀਸੀ ਦੇ ਮੈਂਬਰਾਂ ਵੱਲੋਂ ਵੀ ਪੁਲਿਸ ਨੂੰ ਦਿੱਤੀ ਗਈ ਸੀ।


 


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।