Amritsar News: ਚੰਗਾ ਭਵਿੱਖ ਬਣਾਉਣ ਦੇ ਚੱਕਰ ਵਿੱਚ ਪੰਜਾਬ ਦੇ ਲੋਕ ਬੱਚਿਆਂ ਨੂੰ ਧੜਾਧੜ ਵਿਦੇਸ਼ਾਂ ਵਿੱਚ ਭੇਜ ਰਹੇ ਹਨ। ਬੇਸ਼ੱਕ ਵੱਡੀ ਗਿਣਤੀ ਲੋਕ ਵਿਦੇਸ਼ਾਂ ਵਿੱਚ ਸੈੱਟ ਹੋ ਕੇ ਚੰਗੀ ਕਮਾਈ ਕਰ ਰਹੇ ਹਨ ਪਰ ਇਸ ਦਾ ਨਾਲ ਹੀ ਦਿਲ-ਦਹਿਲਾਉਣ ਵਾਲੀਆਂ ਖਬਰਾਂ ਵੀ ਆ ਰਹੀਆਂ ਹਨ। ਤਾਜ਼ਾ ਮਾਮਲਾ ਓਮਾਨ ਵਿੱਚ ਫਸੀਆਂ 35 ਪੰਜਾਬਣਾਂ ਦਾ ਹੈ। ਇਨ੍ਹਾਂ ’ਚੋਂ ਪਰਤੀਆਂ ਪੰਜ ਪੰਜਾਬਣਾਂ ਨੇ ਵੱਡੇ ਖੁਲਾਸੇ ਕੀਤੇ ਹਨ।


ਦੱਸ ਦਈਏ ਕਿ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਉਨ੍ਹਾਂ ਦੇ ਜੁਰਮਾਨੇ ਤੇ ਹਰਜ਼ਾਨੇ ਦੀ ਰਕਮ ਦਾ ਭੁਗਤਾਨ ਕਰਕੇ ਉਨ੍ਹਾਂ ਨੂੰ ਘਰ ਪਹੁੰਚਾਇਆ। ਸਾਹਨੀ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਨੇ ਓਮਾਨ ਵਿੱਚ ਫਸੀਆਂ 35 ਪੰਜਾਬਣਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦੀ ਵਾਪਸੀ ਲਈ ਉਨ੍ਹਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਮੁਆਵਜ਼ੇ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਭਾਰਤੀ ਦੂਤਾਵਾਸ ਵੱਲੋਂ ਹਰ ਸੰਭਵ ਸਹਿਯੋਗ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੱਤ ਹੋਰ ਮਹਿਲਾਵਾਂ ਦਿੱਲੀ ਹਵਾਈ ਅੱਡੇ ’ਤੇ ਪੁੱਜ ਰਹੀਆਂ ਹਨ। 



ਅੰਮ੍ਰਿਤਸਰ ਪੁੱਜੀਆਂ ਪੰਜ ਔਰਤਾਂ ’ਚੋਂ ਇੱਕ ਨੇ ਦੱਸਿਆ ਕਿ ਉਸ ਨੂੰ ਮੋਗਾ ਦੀ ਇੱਕ ਔਰਤ ਨੇ ਚੰਗੇ ਭਵਿੱਖ ਦੇ ਸੁਫ਼ਨੇ ਦਿਖਾ ਕੇ ਗੁਮਰਾਹ ਕੀਤਾ ਸੀ। ਉਹ ਆਪਣੇ ਦੋ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਖਾੜੀ ਮੁਲਕ ਵਿੱਚ ਜਾਣ ਲਈ ਤਿਆਰ ਹੋ ਗਈ ਸੀ। ਉਸ ਦਾ ਪਤੀ ਆਟੋ ਚਾਲਕ ਹੈ। 


ਸੁਨਹਿਰੇ ਭਵਿੱਖ ਦੀ ਖਾਤਰ ਉਸ ਨੇ ਵੀਜ਼ੇ ਦੀਆਂ ਸ਼ਰਤਾਂ ਤੇ ਹਵਾਈ ਯਾਤਰਾ ਦਾ ਕਿਰਾਇਆ ਦੇਣ ਲਈ ਲੋੜੀਂਦੀ ਰਕਮ ਦਾ ਪ੍ਰਬੰਧ ਕੀਤਾ ਤੇ 25 ਨਵੰਬਰ 2022 ਨੂੰ ਮਸਕਟ ਪੁੱਜੀ, ਜਿੱਥੇ ਉਸ ਨੂੰ 130 ਰਿਆਲ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਘਰੇਲੂ ਸਹਾਇਕ ਵਜੋਂ ਇੱਕ ਘਰ ਵਿੱਚ ਨੌਕਰੀ ਦਿੱਤੀ ਗਈ। 


ਉਸ ਦਾ ਸੁਫ਼ਨਾ ਕੁਝ ਦਿਨਾਂ ਬਾਅਦ ਹੀ ਟੁੱਟ ਗਿਆ ਜਦੋਂ ਉਸ ਨੂੰ ਘੱਟ ਤਨਖਾਹ ਦਿੱਤੀ ਗਈ ਅਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ। ਉਹ ਰੋਜ਼ ਸਵੇਰੇ 5 ਵਜੇ ਤੋਂ ਲੈ ਕੇ ਅੱਧੀ ਰਾਤ ਤੱਕ ਕੰਮ ਕਰਦੀ। ਜਦੋਂ ਉਸ ਨੇ ਤੈਅ ਕੀਤੀ ਤਨਖਾਹ ਮੰਗੀ ਤਾਂ ਉਸ ਨਾਲ ਦੁਰਵਿਹਾਰ ਕੀਤਾ ਗਿਆ ਤੇ ਉਸ ਨਾਲ ਕੁੱਟਮਾਰ ਵੀ ਕੀਤੀ ਗਈ। ਉਥੋਂ ਛੁੱਟਣ ਲਈ ਢਾਈ ਲੱਖ ਰੁਪਏ ਭਾਰਤੀ ਕਰੰਸੀ ਦੀ ਮੰਗ ਕੀਤੀ ਗਈ। 


ਇਸ ਮਗਰੋਂ ਉਹ ਉੱਥੋਂ ਭੱਜ ਗਈ ਤੇ ਕੁਝ ਭਾਰਤੀ ਲੋਕਾਂ ਵੱਲੋਂ ਚਲਾਏ ਜਾ ਰਹੇ ਸ਼ੈਲਟਰ ਹੋਮ ਵਿੱਚ ਸ਼ਰਨ ਲਈ। ਉਸ ਕੋਲ ਨਾ ਤਾਂ ਕੋਈ ਰੁਜ਼ਗਾਰ ਸੀ ਤੇ ਨਾ ਹੀ ਜੁਰਮਾਨੇ ਦੀ ਰਕਮ ਦਾ ਭੁਗਤਾਨ ਕਰਨ ਦਾ ਕੋਈ ਸਾਧਨ। ਇਸੇ ਤਰ੍ਹਾਂ ਮੋਗਾ ਦੀ ਰਹਿਣ ਵਾਲੀ ਇਕ ਹੋਰ ਔਰਤ ਨੇ ਵੀ ਆਪਬੀਤੀ ਬਿਆਨ ਕੀਤੀ ਹੈ। ਉਹ ਵੀ ਇੱਕ ਸਥਾਨਕ ਔਰਤ ਅਤੇ ਏਜੰਟਾਂ ਦੀ ਮਿਲੀਭੁਗਤ ਦਾ ਸ਼ਿਕਾਰ ਬਣੀ। 


ਉਹ ਵੀ ਸ਼ੈਲਟਰ ਹੋਮ ਵਿੱਚ ਰਹਿ ਰਹੀ ਸੀ ਅਤੇ ਉਸ ਨੇ ਪੰਜਾਬੀ ਔਰਤਾਂ ਦੀ ਇਕ ਵੀਡੀਓ ਤਿਆਰ ਕੀਤੀ ਸੀ, ਜਿਸ ਵਿੱਚ ਔਰਤਾਂ ਦੇ ਦੁੱਖਾਂ ਨੂੰ ਬਿਆਨ ਕੀਤਾ ਗਿਆ ਸੀ। ਉਸ ਨੇ ਉਥੇ ਲਗਪਗ ਡੇਢ ਸਾਲ ਤੋਂ ਵਧੇਰੇ ਸਮੇਂ ਦੁੱਖ ਝੱਲਿਆ। ਉਸ ਦੀ ਕੁੱਟਮਾਰ ਕੀਤੀ ਜਾਂਦੀ ਸੀ ਤੇ ਭੋਜਨ ਦੇ ਕੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ। ਅਜਿਹੀ ਹੀ ਕਹਾਣੀ ਹੋਰ ਔਰਤਾਂ ਨੇ ਵੀ ਦੱਸੀ।


ਇਹ ਸਾਰੀਆਂ ਔਰਤਾਂ ਵਿਜ਼ਟਰ ਜਾਂ ਰੁਜ਼ਗਾਰ ਵੀਜ਼ਾ ਦੇ ਆਧਾਰ ’ਤੇ ਓਮਾਨ ਗਈਆਂ ਸਨ ਪਰ ਵਿਦੇਸ਼ੀ ਧਰਤੀ ’ਤੇ ਉਤਰਦਿਆਂ ਹੀ ਉਨ੍ਹਾਂ ਦੇ ਪਾਸਪੋਰਟ ਤੇ ਦਸਤਾਵੇਜ਼ ਲੈ ਲਏ ਗਏ। ਇਸ ਵੇਲੇ ਉਹ ਸਾਰੀਆਂ ਹੀ ਜੁਰਮਾਨਾ ਦੇਣ ਤੋਂ ਅਸਮਰਥ ਸਨ।