City Beautuful Chandigarh : ਦੇਸ਼ ਦੇ 92 ਸ਼ਹਿਰਾਂ ਦੇ ਨੁਮਾਇੰਦੇ ਚੰਡੀਗੜ੍ਹ ਵਿੱਚ ਸਾਈਕਲ ਸ਼ੇਅਰਿੰਗ ਮਾਡਲ ਦੇ ਨਿਰੀਖਣ ਲਈ ਇਸੇ ਮਹੀਨੇ ਸ਼ਹਿਰ ਦਾ ਦੌਰਾ ਕਰਨਗੇ। ਸ਼ਹਿਰੀ ਆਵਾਸ ਵਿਕਾਸ ਮੰਤਰਾਲੇ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਤਹਿਤ ਇਹ ਨੁਮਾਇੰਦੇ ਸਮਾਰਟ ਸਿਟੀ ਮੁਹਿੰਮ ਤਹਿਤ ਸ਼ੁਰੂ ਕੀਤੇ ਸਾਈਕਲ ਸ਼ੇਅਰਿੰਗ ਪ੍ਰਾਜੈਕਟ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕਰਨਗੇ।
ਇਸ ਦੋ ਦਿਨਾਂ ਦੇ ਦੌਰੇ ਦੌਰਾਨ ਪਹਿਲੇ ਦਿਨ ਨੁਮਾਇੰਦੇ ਇਸ ਮਾਡਲ ਨੂੰ ਅਪਣਾਉਣ ਲਈ ਕਾਰਜ ਯੋਜਨਾ ਸਿੱਖਣਗੇ ਤੇ ਦੂਜੇ ਦਿਨ ਉਹ ਸਾਈਕਲ ਟਰੈਕ ਅਤੇ ਸਾਈਕਲਾਂ ਦੀ ਸੰਭਾਲ ਆਦਿ ਦੇ ਤਰੀਕਿਆਂ ਨੂੰ ਸਮਝਣਗੇ। ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਚੰਡੀਗੜ੍ਹ ਸ਼ਹਿਰ ਵਿੱਚ ਸਮਾਰਟ ਸਿਟੀ ਯੋਜਨਾ ਤਹਿਤ 2500 ਸਾਈਕਲ ਮੁਹੱਈਆ ਕਰਵਾਏ ਗਏ ਹਨ।
ਤੀਜੇ ਤੇ ਚੌਥੇ ਪੜਾਅ ਵਿੱਚ ਵੀ 2500 ਹੋਰ ਸਾਈਕਲ ਸ਼ਹਿਰ ਵਾਸੀਆਂ ਨੂੰ ਮੁਹੱਈਆ ਕਰਵਾਏ ਜਾਣੇ ਹਨ। ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ‘ਨਾਨ-ਮੋਟਰਾਈਜ਼ਡ ਵਹੀਕਲ ਸਕੀਮ’ ਤਹਿਤ ਬੈਂਗਲੁਰੂ ’ਚ ਪ੍ਰੋਗਰਾਮ ਕਰਵਾਇਆ ਗਿਆ ਸੀ। ਹੁਣ ਇਨ੍ਹਾਂ ਨੁਮਾਇੰਦਿਆਂ ਨੂੰ ਚੰਡੀਗੜ੍ਹ ਦਾ ਸਾਈਕਲ ਮਾਡਲ ਦੇਖਣ ਨੂੰ ਮਿਲੇਗਾ।
ਇਸ ਮੌਕੇ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ ਇਹ ਨੁਮਾਇੰਦੇ 19 ਦਸੰਬਰ ਨੂੰ ਚੰਡੀਗੜ੍ਹ ਆ ਰਹੇ ਹਨ। ਇਸੇ ਦਿਨ ਸਾਈਕਲ ਪ੍ਰਾਜੈਕਟ ਦੇ ਬੁਨਿਆਦੀ ਢਾਂਚੇ ਅਤੇ ਹੋਰ ਵਿਸ਼ਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। 20 ਦਸੰਬਰ ਨੂੰ ਇਨ੍ਹਾਂ ਨੁਮਾਇੰਦਿਆਂ ਨੂੰ ਫੀਲਡ ਵਿਜ਼ਿਟ ਕਰਵਾਇਆ ਜਾਵੇਗਾ ਜਿਸ ਵਿੱਚ ਸਾਈਕਲ ਟਰੈਕ ਦੇ ਨਾਲ-ਨਾਲ ਸਾਈਕਲ ਚਲਾਉਣ ਅਤੇ ਨਿਗਰਾਨੀ ਲਈ ਸਥਾਪਿਤ ਕਮਾਂਡ ਕੰਟਰੋਲ ਸੈਂਟਰ ਦਾ ਦੌਰਾ ਕਰਵਾਇਆ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।