Chandigarh News: ਚੰਡੀਗੜ੍ਹ ਨੂੰ ਭਲਕੇ 30 ਜਨਵਰੀ ਨੂੰ ਨਵਾਂ ਮੇਅਰ ਮਿਲ ਜਾਏਗਾ। ਮੇਅਰ ਦੀ ਸੀਟ ਲਈ ‘ਆਪ’-ਕਾਂਗਰਸ ਦੇ ਕੁਲਦੀਪ ਕੁਮਾਰ ਟੀਟਾ ਤੇ ਭਾਜਪਾ ਦੇ ਮਨੋਜ ਸੋਨਕਰ ਵਿਚਾਲੇ ਸਿੱਧਾ ਮੁਕਾਬਲਾ ਹੈ। ਇਸ ਤਰ੍ਹਾਂ ਸੀਨੀਅਰ ਡਿਪਟੀ ਮੇਅਰ ਲਈ ‘ਆਪ’-ਕਾਂਗਰਸ ਗਠਜੋੜ ਦੇ ਗੁਰਪ੍ਰੀਤ ਸਿੰਘ ਗਾਬੀ ਤੇ ਭਾਜਪਾ ਦੇ ਕੁਲਜੀਤ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਦੱਸ ਦਈਏ ਕਿ ਮੇਅਰ ਦੀਆਂ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਆਪਣੇ ਕੌਂਸਲਰਾਂ ਨੂੰ ਦਲ-ਬਦਲੀ ਦੀ ਰਾਜਨੀਤੀ ਤੋਂ ਬਚਾਉਣ ਲਈ ਪੂਰੀ ਵਾਹ ਲਾ ਰਹੀਆਂ ਹਨ। ਇਨ੍ਹਾਂ ਚੋਣਾਂ ਨੂੰ ਲੈ ਕੇ ਸ਼ਹਿਰ ਦੀ ਸਿਆਸਤ ਵੀ ਗਰਮਾਈ ਹੋਈ ਹੈ। ਇਸ ‘ਆਪ’-ਕਾਂਗਰਸ ਦੇ ਗੱਠਜੋੜ ਕਰਕੇ ਬੀਜੇਪੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ।।
ਉਂਝ ਚੋਣਾਂ ’ਚ ਸਪੱਸ਼ਟ ਬਹੁਮਤ ਲਈ ਲੋੜੀਂਦੀਆਂ ਵੋਟਾਂ ਹੋਣ ਦੇ ਬਾਵਜੂਦ ‘ਆਪ’-ਕਾਂਗਰਸ ਗੱਠਜੋੜ ਨੂੰ ਦਲ-ਬਦਲੂ ਸਿਆਸਤ ਦਾ ਡਰ ਸਤਾ ਰਿਹਾ ਹੈ। ਇਸੇ ਡਰ ਕਾਰਨ ‘ਆਪ’ ਤੇ ਕਾਂਗਰਸ ਪਾਰਟੀ ਦੇ ਕੌਂਸਲਰ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੇ ਦੌਰੇ ’ਤੇ ਹਨ। ਦੂਜੇ ਪਾਸੇ ਭਾਜਪਾ ਦੇ ਕੌਂਸਲਰਾਂ ਨੂੰ ਵੀ ਪੰਚਕੂਲਾ ਜਾਂ ਚੰਡੀਗੜ੍ਹ ਤੋਂ ਬਾਹਰ ਹੋਰ ਥਾਵਾਂ ’ਤੇ ਭੇਜਿਆ ਗਿਆ ਹੈ।
ਦੱਸ ਦਈਏ ਕਿ ਨਗਰ ਨਿਗਮ ਦੇ ਚੁਣੇ ਹੋਏ ਕੌਂਸਲਰ ਸ਼ਹਿਰ ਦੇ ਮੇਅਰ ਦੀ ਚੋਣ ਵਿੱਚ ਵੋਟ ਪਾਉਂਦੇ ਹਨ, ਸਥਾਨਕ ਸੰਸਦ ਦੀ ਇੱਕ ਵੋਟ ਵੀ ਗਿਣੀ ਜਾਂਦੀ ਹੈ। ਇਸ ਤਰ੍ਹਾਂ ਨਗਰ ਨਿਗਮ ਦੇ ਕੁੱਲ 35 ਚੁਣੇ ਗਏ ਕੌਂਸਲਰਾਂ ਤੇ ਸੰਸਦ ਦੀ ਇੱਕ ਵੋਟ ਮਿਲ ਕੇ ਕੁੱਲ 36 ਵੋਟਾਂ ਬਣਦੀਆਂ ਹਨ। ਇਨ੍ਹਾਂ ਵਿੱਚੋਂ ‘ਆਪ’-ਕਾਂਗਰਸ ਗੱਠਜੋੜ (13 ‘ਆਪ’ ਤੇ 7 ਕਾਂਗਰਸ) ਕੋਲ 20 ਵੋਟਾਂ ਹਨ ਤੇ ਭਾਜਪਾ ਕੋਲ ਆਪਣੇ 14 ਕੌਂਸਲਰਾਂ ਤੇ ਸੰਸਦ ਦੀ ਇੱਕ ਵੋਟ ਸਮੇਤ ਕੁੱਲ 15 ਵੋਟਾਂ ਹਨ।
ਨਿਗਮ ਵਿੱਚ ਇੱਕ ਵੋਟ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਦੀ ਹੈ। ਨਿਗਮ ਵਿੱਚ 9 ਨਾਮਜ਼ਦ ਕੌਂਸਲਰ ਵੀ ਹਨ, ਪਰ ਫਿਲਹਾਲ ਉਨ੍ਹਾਂ ਨੂੰ ਮੇਅਰ ਦੀ ਚੋਣ ਵਿੱਚ ਵੋਟ ਪਾਉਣ ਦਾ ਅਧਿਕਾਰ ਨਹੀਂ। ਮੇਅਰ ਦੀ ਚੋਣ ਜਿੱਤਣ ਲਈ 19 ਵੋਟਾਂ ਦੀ ਲੋੜ ਹੈ। ‘ਆਪ’-ਕਾਂਗਰਸ ਗੱਠਜੋੜ ਆਪਣੇ ਕੁੱਲ 20 ਕੌਂਸਲਰਾਂ ਨੂੰ ਲੈਕੇ ਮੇਅਰ ਦੀ ਚੋਣ ਜਿੱਤਣ ਲਈ ਪੂਰੀ ਤਰ੍ਹਾਂ ਆਸਵੰਦ ਹੈ।
ਦੂਜੇ ਪਾਸੇ ਭਾਜਪਾ ਵੀ ਸਿਰਫ਼ 15 ਕੌਂਸਲਰਾਂ ਦੇ ਜ਼ੋਰ ’ਤੇ ਮੇਅਰ ਦੀ ਚੋਣ ਜਿੱਤਣ ਦਾ ਦਾਅਵਾ ਕਰ ਰਹੀ ਹੈ। ਭਾਜਪਾ ਦਾ ਕਹਿਣਾ ਹੈ ਕਿ ਦੂਜੀਆਂ ਪਾਰਟੀਆਂ ਦੇ ਕੌਂਸਲਰ ਵੀ ਆਪਣੀ ਪਾਰਟੀ ਵੱਲੋਂ ਕੀਤੇ ਵਿਕਾਸ ਕਾਰਜਾਂ ਨੂੰ ਲੈ ਕੇ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਪਾਉਣਗੇ।