Chandigarh News: ਚੰਡੀਗੜ੍ਹੀਆਂ ਲਈ ਖੁਸ਼ਖਬਰੀ ਹੈ। ਹੁਣ ਦਿੱਲੀ ਹਵਾਈ ਅੱਡੇ ਤੱਕ ਕੰਡੀਸ਼ਨਡ ਬੱਸ ਸੇਵਾ ਸ਼ੁਰੂ ਹੋ ਗਈ ਹੈ। ਇਸ ਬੱਸ ਵਿੱਚ ਸਿਰਫ 485 ਰੁਪਏ ਕਿਰਾਏ ਨਾਲ ਹੀ ਦਿੱਲੀ ਹਵਾਈ ਅੱਡੇ ਤੱਕ ਸਫਰ ਕੀਤਾ ਜਾ ਸਕੇਗਾ। ਇਹ ਬੱਸਾਂ ਚੰਡੀਗੜ੍ਹ ਦੇ ਸੈਕਟਰ-17 ਬੱਸ ਸਟੈਂਡ ਤੋਂ ਚੱਲਣਗੀਆਂ।
ਦਰਅਸਲ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਨੇ ਸ਼ਹਿਰ ਦੇ ਲੋਕਾਂ ਲਈ ਘੱਟ ਕਿਰਾਏ ’ਤੇ ਚੰਡੀਗੜ੍ਹ ਤੋਂ ਦਿੱਲੀ ਹਵਾਈ ਅੱਡੇ ਤੱਕ ਏਅਰ ਕੰਡੀਸ਼ਨਡ ਬੱਸ ਸੇਵਾ ਸ਼ੁਰੂ ਕੀਤੀ ਹੈ। ਸੀਟੀਯੂ ਵੱਲੋਂ ਸ਼ੁਰੂ ਕੀਤੀ ਗਈ ਇਸ ਏਅਰ ਕੰਡੀਸ਼ਨਡ ਬੱਸ ਸੇਵਾ ਲਈ ਇੱਕ ਸਵਾਰੀ ਦਾ ਕਿਰਾਇਆ ਸਿਰਫ਼ 485 ਰੁਪਏ ਤੈਅ ਕੀਤਾ ਗਿਆ ਹੈ ਜਦੋਂਕਿ ਚੰਡੀਗੜ੍ਹ ਤੋਂ ਦਿੱਲੀ ਹਵਾਈ ਅੱਡੇ ਤੱਕ ਵੋਲਵੋ ਬੱਸ ਦਾ ਕਿਰਾਇਆ ਲਗਪਗ 800 ਰੁਪਏ ਪ੍ਰਤੀ ਸਵਾਰੀ ਹੈ।
ਹੁਣ ਤੱਕ ਚੰਡੀਗੜ੍ਹ ਤੋਂ ਦਿੱਲੀ ਹਵਾਈ ਅੱਡੇ ਨੂੰ ਸਿਰਫ਼ ਵੋਲਵੋ ਬੱਸ ਸੇਵਾ ਮੁਹੱਈਆ ਕਰਵਾਈ ਜਾਂਦੀ ਸੀ ਜਿਸ ਦਾ ਕਿਰਾਇਆ ਕਾਫ਼ੀ ਜ਼ਿਆਦਾ ਸੀ, ਪਰ ਸੀਟੀਯੂ ਕੋਲ ਐੱਚਵੀਏਸੀ ਏਅਰ ਕੰਡੀਸ਼ਨਡ ਬੱਸਾਂ ਹਨ ਜੋ ਵੋਲਵੋ ਦੇ ਉਲਟ ਆਮ ਬੱਸਾਂ ਵਾਂਗ ਹੀ ਹਨ ਪਰ ਇਨ੍ਹਾਂ ਵਿੱਚ ਹੀਟਿੰਗ ਤੇ ਏਅਰ ਕੰਡੀਸ਼ਨਿੰਗ ਦੀ ਵਿਵਸਥਾ ਹੈ।
ਹੁਣ ਤੱਕ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਹ ਐੱਚਏਵੀਸੀ ਬੱਸ ਸੇਵਾ ਦਿੱਲੀ ਹਵਾਈ ਅੱਡੇ ਲਈ ਵੀ ਸ਼ੁਰੂ ਕੀਤੀ ਗਈ ਹੈ। ਸੀਟੀਯੂ ਨੇ ਚੰਡੀਗੜ੍ਹ ਤੋਂ ਦਿੱਲੀ ਹਵਾਈ ਅੱਡੇ ਤੱਕ ਚੱਲਣ ਵਾਲੀਆਂ ਐੱਚਏਵੀਸੀ ਬੱਸਾਂ ਦੀ ਸਮਾਂ ਸਾਰਣੀ ਤੈਅ ਕਰ ਲਈ ਹੈ। ਇਸ ਅਨੁਸਾਰ ਇਹ ਬੱਸ ਸੇਵਾ ਚੰਡੀਗੜ੍ਹ ਦੇ ਸੈਕਟਰ-17 ਬੱਸ ਸਟੈਂਡ ਤੋਂ ਦਿੱਲੀ ਹਵਾਈ ਅੱਡੇ ਲਈ ਸਵੇਰੇ 4.30 ਵਜੇ, 6 ਵਜੇ, ਬਾਅਦ ਦੁਪਹਿਰ 3 ਵਜੇ ਅਤੇ ਸ਼ਾਮ 4 ਵਜੇ ਚੱਲੇਗੀ। ਇਸ ਦੇ ਨਾਲ ਹੀ ਦਿੱਲੀ ਹਵਾਈ ਅੱਡੇ ਤੋਂ ਚੰਡੀਗੜ੍ਹ ਲਈ ਇਹ ਬੱਸ ਸੇਵਾ ਸਵੇਰੇ 11.50 ਵਜੇ, ਦੁਪਹਿਰ 1 ਵਜੇ, ਰਾਤ 10 ਵਜੇ ਤੇ ਰਾਤ 11 ਵਜੇ ਬੱਸਾਂ ਚੱਲਣਗੀਆਂ।