Chandigarh News: ਸੀਆਈਏ ਸਟਾਫ ਨੇ ਗੈਂਗਸਟਰ ਅਰਸ਼ ਡੱਲਾ ਦੇ ਦੋ ਸਾਥੀਆਂ ਨੂੰ ਮੋਹਾਲੀ ਦੇ ਖਰੜ ਦੇ ਪਿੰਡ ਖਾਨਪੁਰ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਥਾਣਾ ਸਿਟੀ ਖਰੜ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਪਛਾਣ ਮਨਦੀਪ ਸਿੰਘ ਉਰਫ਼ ਦੀਪਾ ਵਾਸੀ ਪਿੰਡ ਢੁੱਡੀਕੇ ਜ਼ਿਲ੍ਹਾ ਮੋਗਾ ਤੇ ਸੌਰਵ ਕੁਮਾਰ ਉਰਫ਼ ਸਾਬੀ ਵਾਸੀ ਲੁਧਿਆਣਾ ਵਜੋਂ ਹੋਈ ਹੈ। ਉਨ੍ਹਾਂ ਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਪੁਲਿਸ ਮੁਤਾਬਕ ਦੋਵਾਂ ’ਤੇ ਕਾਫੀ ਸਮੇਂ ਤੋਂ ਨਜ਼ਰ ਰੱਖੀ ਜਾ ਰਹੀ ਸੀ। ਸੋਮਵਾਰ ਨੂੰ ਪੁਲਿਸ ਨੇ ਸਿਵਲ ਹਸਪਤਾਲ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਮੁਖਬਰ ਨੇ ਇਤਲਾਹ ਦਿੱਤੀ ਕਿ ਉਕਤ ਮੁਲਜ਼ਮ ਇਸ ਸਮੇਂ ਪਿੰਡ ਖਾਨਪੁਰ ਦੇ ਕੈਪਟਨ ਚੌਂਕ ਨੇੜੇ ਘੁੰਮ ਰਹੇ ਹਨ ਤੇ ਕੋਈ ਵਾਰਦਾਤ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਸੂਚਨਾ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਛਾਪਾ ਮਾਰ ਕੇ ਦੋਵਾਂ ਨੂੰ ਕਾਬੂ ਕਰ ਲਿਆ।
ਪੁਲਿਸ ਮੁਤਾਬਕ ਜਦੋਂ ਉਨ੍ਹਾਂ ਤੋਂ ਉੱਥੇ ਰੁਕਣ ਦਾ ਕਾਰਨ ਪੁੱਛਿਆ ਤਾਂ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ। ਇਸ ਮਗਰੋਂ ਪੁਲਿਸ ਨੇ ਇਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਇੱਕ .32 ਬੋਰ ਦਾ ਪਿਸਤੌਲ ਤੇ ਚਾਰ ਕਾਰਤੂਸ ਬਰਾਮਦ ਹੋਏ। ਜਦੋਂ ਪੁਲਿਸ ਨੇ ਉਨ੍ਹਾਂ ਕੋਲੋਂ ਇਨ੍ਹਾਂ ਹਥਿਆਰਾਂ ਦੇ ਲਾਇਸੈਂਸ ਬਾਰੇ ਪੁੱਛਿਆ ਤਾਂ ਉਹ ਲਾਇਸੈਂਸ ਨਹੀਂ ਦਿਖਾ ਸਕੇ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਵਿਦੇਸ਼ 'ਚ ਬੈਠੇ ਗੈਂਗਸਟਰ ਅਰਸ਼ ਡੱਲਾ ਦੇ ਕਹਿਣ 'ਤੇ ਉਹ ਇਲਾਕੇ 'ਚ ਇੱਕ ਵਿਅਕਤੀ ਨੂੰ ਧਮਕੀ ਦੇਣ ਆਏ ਸੀ। ਉਹ ਇਲਾਕੇ ਦੀ ਰੇਕੀ ਕਰ ਰਹੇ ਸਨ ਤੇ ਜਲਦੀ ਹੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੂੰ ਉਨ੍ਹਾਂ ਦਾ ਪਤਾ ਲੱਗ ਗਿਆ ਤੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ: Trending News: ਆਸਮਾਨ 'ਚ ਛਾਏ ਪਲਾਸਟਿਕ ਦੇ ਬੱਦਲ! ਵਿਗਿਆਨੀਆਂ ਦੀ ਚੇਤਾਵਨੀ, ਬਾਰਸ਼ ਸ਼ੁਰੂ ਹੋਈ ਤਾਂ....
ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਦੋਵਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਲੁਧਿਆਣਾ ਤੇ ਮੋਗਾ ਵਿੱਚ ਕਈ ਕੇਸ ਦਰਜ ਹਨ। ਇਨ੍ਹਾਂ ਕੇਸਾਂ ਵਿੱਚ ਇਹ ਭਗੌੜੇ ਚੱਲ ਰਹੇ ਹਨ। ਇਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੂੰ ਹੁਣ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁੱਛਗਿੱਛ ਦੌਰਾਨ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕਿ ਉਹ ਕਿਹੜੇ-ਕਿਹੜੇ ਵਿਅਕਤੀ ਇਲਾਕੇ 'ਚ ਧਮਕੀਆਂ ਦੇਣ ਆਏ ਸਨ ਤੇ ਟ੍ਰਾਈਸਿਟੀ 'ਚ ਪਹਿਲਾਂ ਵੀ ਕਿਹੜੇ-ਕਿਹੜੇ ਲੋਕਾਂ ਨੂੰ ਧਮਕੀਆਂ ਦੇ ਚੁੱਕੇ ਹਨ ਤੇ ਗੈਂਗਸਟਰ ਅਰਸ਼ ਡੱਲਾ ਦੇ ਇਸ਼ਾਰੇ 'ਤੇ ਉਨ੍ਹਾਂ ਤੋਂ ਪੈਸੇ ਵਸੂਲਦੇ ਹਨ।
ਇਹ ਵੀ ਪੜ੍ਹੋ: Facebook ਅਤੇ ਇੰਸਟਾਗ੍ਰਾਮ ਚਲਾਉਣ ਲਈ ਤੁਹਾਨੂੰ ਹਰ ਮਹੀਨੇ ਦੇਣੇ ਪੈਣਗੇ 1,665 ਰੁਪਏ, ਇਹ ਕੰਪਨੀ ਦਾ ਨਵਾਂ ਪਲਾਨ