Chandigarh News: ਵਿਆਹ ਤੋਂ ਸੱਤ ਸਾਲ ਬਾਅਦ ਵੀ ਬੱਚਾ ਨਾ ਹੋਇਆ ਤਾਂ ਵਿਅਕਤੀ ਨੇ ਕਿਸੇ ਹੋਰ ਦਾ ਬੱਚਾ ਅਗਵਾ ਕਰ ਲਿਆ। ਇਹ ਮਾਮਲਾ ਡੇਰਾਬੱਸੀ ਵਿੱਚ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਮੁਲਜ਼ਮ ਸ਼ਾਦੀਸ਼ੁਦਾ ਸੀ ਜਿਸ ਦੇ ਵਿਆਹ ਨੂੰ ਸੱਤ ਸਾਲ ਹੋਣ ਦੇ ਬਾਵਜੂਦ ਕੋਈ ਬੱਚਾ ਨਹੀਂ ਸੀ। ਬੱਚੇ ਦੀ ਚਾਹਤ ਨੂੰ ਲੈ ਕੇ ਉਸ ਨੇ ਪਾਲਣ ਲਈ ਬੱਚੇ ਦੀ ਪਹਿਲਾਂ ਰੇਕੀ ਕੀਤੀ ਤੇ ਮੌਕਾ ਮਿਲਣ ਮਗਰੋਂ ਉਸ ਨੂੰ ਚੁੱਕ ਲਿਆ।


ਦੱਸ ਦਈਏ ਕਿ ਪਰਵਾਸੀ ਪਰਿਵਾਰ ਦਾ ਅਗਵਾ ਦੋ ਸਾਲ ਦਾ ਬੱਚਾ ਚੰਦਨ ਹਫ਼ਤੇ ਬਾਅਦ ਪੁਲਿਸ ਨੇ ਸੋਹਾਣਾ ਤੋਂ ਬਰਾਮਦ ਕਰਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਬੱਚੇ ਨੂੰ ਅਗਵਾ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਸ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ।


ਮੁਲਜ਼ਮ ਦੀ ਪਛਾਣ ਰਾਜੇਸ਼ ਪਾਸਵਾਨ ਵਾਸੀ ਉੱਤਰ ਪ੍ਰਦੇਸ਼ ਦੇ ਰੂਪ ’ਚ ਹੋਈ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਸ਼ਾਦੀਸ਼ੁਦਾ ਸੀ ਜਿਸ ਦੇ ਵਿਆਹ ਨੂੰ ਸੱਤ ਸਾਲ ਹੋਣ ਦੇ ਬਾਵਜੂਦ ਕੋਈ ਬੱਚਾ ਨਹੀਂ ਸੀ। ਬੱਚੇ ਦੀ ਚਾਹਤ ਨੂੰ ਲੈ ਕੇ ਉਸ ਨੇ ਪਾਲਣ ਲਈ ਬੱਚੇ ਦੀ ਪਹਿਲਾਂ ਰੇਕੀ ਕੀਤੀ ਤੇ ਮੌਕਾ ਮਿਲਣ ਮਗਰੋਂ ਉਸ ਨੂੰ ਚੁੱਕ ਲਿਆ।


ਏਐਸਪੀ ਡਾਕਟਰ ਦਰਪਣ ਆਹਲੂਵਾਲੀਆ ਅਤੇ ਥਾਣਾ ਮੁਖੀ ਜਸਕੰਵਲ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਡੇਰਾਬੱਸੀ ਫਲਾਈਓਵਰ ਦੇ ਹੇਠਾਂ ਰਹਿ ਰਹੇ ਪਰਵਾਸੀ ਪਰਿਵਾਰ ਦੇ ਦੋ ਬੱਚੇ ਚਾਂਦਨੀ ਤੇ ਦੋ ਸਾਲ ਦਾ ਚੰਦਨ ਨੇੜੇ ਪਾਰਕ ਵਿੱਚ ਖੇਡਣ ਗਏ ਸਨ। ਬੱਚੀ ਤਾਂ ਦੋ ਘੰਟੇ ਖੇਡ ਕੇ ਵਾਪਸ ਆ ਗਈ ਪਰ ਲੜਕਾ ਵਾਪਸ ਨਹੀਂ ਆਇਆ। ਪਰਿਵਾਰ ਵੱਲੋਂ ਆਪਣੇ ਪੱਧਰ ’ਤੇ ਉਸ ਦੀ ਕਾਫੀ ਭਾਲ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਪਰਿਵਾਰ ਵੱਲੋਂ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ।


ਇਹ ਵੀ ਪੜ੍ਹੋ: Viral Video: ਦੁੱਧ ਚੋਰੀ ਕਰਨ ਗਈ ਸੀ ਬਿੱਲੀ, ਬਰਤਨ ਵਿੱਚ ਫਸਿਆ ਸਿਰ


ਏਐਸਪੀ ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਪਾਰਕ ਨੇੜੇ ਸੀਸੀਟੀਵੀ ਦੀ ਜਾਂਚ ਕਰਨ ’ਤੇ ਸਾਹਮਣੇ ਆਇਆ ਕਿ ਬੱਚੇ ਨੂੰ ਇੱਕ ਅਣਪਛਾਤਾ ਵਿਅਕਤੀ ਆਪਣੇ ਨਾਲ ਲੈ ਕੇ ਜਾ ਰਿਹਾ ਹੈ। ਸੀਸੀਟੀ ਦੀ ਫੁਟੇਜ ਦੇ ਆਧਾਰ ’ਤੇ ਪੁਲਿਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕੀਤੀ। ਪੁਲਿਸ ਨੇ ਜਾਂਚ ਦੌਰਾਨ ਸੋਹਾਣਾ ਨੇੜੇ ਤੋਂ ਵਿਅਕਤੀ ਨੂੰ ਬੱਚੇ ਨਾਲ ਕਾਬੂ ਕਰ ਲਿਆ ਜੋ ਬੱਚੇ ਨੂੰ ਉੱਤਰ ਪ੍ਰਦੇਸ਼ ਲੈ ਕੇ ਜਾ ਰਿਹਾ ਸੀ।