Chandigarh News: ਚੰਡੀਗੜ੍ਹੀਆਂ ਲਈ ਖੁਸ਼ਖਬਰੀ ਹੈ। ਹੁਣ ਜਲਦ ਹੀ ਟਰਾਈਸਿਟੀ ਵਿੱਚ ਮੈਟਰੋ ਦੌੜੇਗੀ। ਤਕਰੀਬਨ ਦਹਾਕੇ ਤੋਂ ਲਟਕਦਾ ਆ ਰਿਹਾ ਮੈਟਰੋ ਦਾ ਪ੍ਰੋਜੈਕਟ ਲੀਹੇ ਚੜ੍ਹਨਾ ਸ਼ੁਰੂ ਹੋ ਗਿਆ ਹੈ। ਹਾਸਲ ਜਾਣਕਾਰੀ ਮੁਤਾਬਕ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਸਣੇ ਮੁਹਾਲੀ ਤੇ ਪੰਚਕੂਲਾ ’ਚ ਆਵਾਜਾਈ ਸਮੱਸਿਆ ਦੇ ਹੱਲ ਲਈ ਪੰਜਾਬ, ਹਰਿਆਣਾ ਦੇ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬੁੱਧਵਾਰ ਨੂੰ ਮੀਟਿੰਗ ਕੀਤੀ। ਇਹ ਮੀਟਿੰਗ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਦੀ ਅਗਵਾਈ ਹੇਠ ਹੋਈ।


ਸੂਤਰਾਂ ਮੁਤਾਬਕ ਮੀਟਿੰਗ ਵਿੱਚ ਇੱਕ ਦਹਾਕੇ ਤੋਂ ਵੱਧ ਸਮੇਂ ਬਾਅਦ ਟ੍ਰਾਈਸਿਟੀ ’ਚ ਮੈਟਰੋ ਨੈਟਵਰਕ ਲਈ ਰਾਹ ਪੱਧਰਾ ਕਰਦਿਆਂ ਰਾਈਟਸ ਵੱਲੋਂ ਤਿਆਰ ਕੀਤੇ ਚੰਡੀਗੜ੍ਹ ਮੋਬਿਲਟੀ ਪਲਾਨ (ਸੀਐਮਪੀ) ’ਚ ਕੁਝ ਸੋਧਾਂ ਤੋਂ ਬਾਅਦ ਆਖਰੀ ਰੂਪ ਦੇ ਦਿੱਤਾ ਗਿਆ। ਇਸ ਪਲਾਨ ਨੂੰ ਕੇਂਦਰ ਸਰਕਾਰ ਕੋਲ ਭੇਜਿਆ ਜਾਵੇਗਾ ਤੇ ਕੇਂਦਰ ਦੀ ਪ੍ਰਵਾਨਗੀ ਤੋਂ ਬਾਅਦ ਹੀ ਸ਼ਹਿਰ ਵਿੱਚ ਲਾਗੂ ਕੀਤਾ ਜਾਵੇਗਾ।


ਰਾਈਟਸ ਨੇ ਸੀਐਮਪੀ ਦੇ ਸਾਰੇ ਪਹਿਲੂਆਂ ਜਿਵੇਂ ਕਿ ਅਧਿਐਨ ਦੇ ਦ੍ਰਿਸ਼ਟੀਕੋਣ ਤੇ ਉਦੇਸ਼ਾਂ, ਮੌਜੂਦਾ ਟਰੈਫਿਕ ਦ੍ਰਿਸ਼, ਸਮੱਸਿਆਵਾਂ ਅਤੇ ਮੁੱਦਿਆਂ, ਛੋਟੇ (ਪੰਜ ਸਾਲ), ਮੱਧਮ (10 ਸਾਲ) ਤੇ ਲੰਬੀ (20 ਸਾਲਾਂ) ਮਿਆਦ ਦੀਆਂ ਯੋਜਨਾਵਾਂ ਤੇ ਪ੍ਰਸਤਾਵਾਂ ਬਾਰੇ ਪੇਸ਼ਕਾਰੀ ਦਿੱਤੀ। ਇਸ ਦੇ ਨਾਲ ਹੀ ਰਾਈਟਸ ਨੇ ਸਿਟੀ ਲਈ ਏਕੀਕ੍ਰਿਤ ਮਲਟੀ-ਮਾਡਲ ਟਰਾਂਸਪੋਰਟ ਯੋਜਨਾ, ਵਿਆਪਕ ਲਾਗਤ ਅਨੁਮਾਨ ਬਾਰੇ ਵੀ ਪੇਸ਼ਕਾਰੀ ਦਿੱਤੀ।


ਪ੍ਰਮੁੱਖ ਸਕੱਤਰ ਹਾਊਸਿੰਗ ਤੇ ਸ਼ਹਿਰੀ ਵਿਕਾਸ, ਪੰਜਾਬ ਨੇ ਐਮਆਰਟੀਐਸ ਫੇਜ਼-2 ਵਿੱਚ ਰਾਜਪੁਰਾ ਤੋਂ ਐਨਐਚ-64/ਪੀ.ਆਰ-7 ਜੰਕਸ਼ਨ ਨੂੰ ਜੋੜਨ ਵਾਲੇ ਨਵੇਂ ਮਾਸ ਰੈਪਿਡ ਟਰਾਂਜ਼ਿਟ ਸਿਸਟਮ (ਐਮਆਰਟੀਐਸ) ਰੂਟ ਨੂੰ ਸ਼ਾਮਲ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਪਾਰੌਲ, ਨਿਊ ਚੰਡੀਗੜ੍ਹ ਤੋਂ ਸਾਰੰਗਪੁਰ, ਚੰਡੀਗੜ੍ਹ ਤੱਕ ਦੇ ਐਮਆਰਟੀਐਸ ਰੂਟਾਂ ਨੂੰ ਫੇਜ਼-1 ਵਿੱਚ ਸ਼ਾਮਲ ਕਰਨ ਦਾ ਸੁਝਾਅ ਵੀ ਦਿੱਤਾ। ਪੰਜਾਬ ਸਰਕਾਰ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਸੀਐਮਪੀ ਦੇ ਸਬੰਧ ਵਿੱਚ ਆਪਣੀਆਂ ਟਿੱਪਣੀਆਂ ਵੀ ਦਿੱਤੀਆਂ ਹਨ, ਜਿਨ੍ਹਾਂ ਦੀ ਜਾਂਚ ਕੀਤੀ ਗਈ ਹੈ ਤੇ ਅੰਤਿਮ ਸੀਐਮਪੀ ਰਿਪੋਰਟ ਵਿੱਚ ਉਚਿਤ ਰੂਪ ਵਿੱਚ ਸ਼ਾਮਲ ਕੀਤਾ ਗਿਆ ਹੈ।


ਹਰਿਆਣਾ ਮਾਸ ਰੈਪਿਡ ਟਰਾਂਜ਼ਿਟ ਕਾਰਪੋਰੇਸ਼ਨ (ਐਚਐਮਆਰਟੀਸੀ) ਦੇ ਡਾਇਰੈਕਟਰ ਨੇ ਸ਼ਹੀਦ ਊਧਮ ਸਿੰਘ ਚੌਕ (ਆਈਐੱਸਬੀਟੀ ਪੰਚਕੂਲਾ) ਤੋਂ ਪੰਚਕੂਲਾ ਐਕਸਟੈਨਸ਼ਨ ਤੱਕ ਕੋਰੀਡੋਰ ਨੂੰ ਫੇਜ਼-2 ਦੀ ਬਜਾਏ ਫੇਜ਼-1 ਵਿੱਚ ਸ਼ਾਮਲ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਸੈਕਟਰ-20 ਪੰਚਕੂਲਾ ਨੂੰ ਜੋੜਨ ਲਈ ਐੱਮਆਰਟੀਐੱਸ ਕੋਰੀਡੋਰ ਨੂੰ ਸੋਧਣ ਦਾ ਸੁਝਾਅ ਵੀ ਦਿੱਤਾ।


ਇਹ ਵੀ ਪੜ੍ਹੋ: Viral Video: 33 ਸੈਕਿੰਡ 'ਚ ਬੁੱਢੀ ਔਰਤ ਬਣੀ ਬੱਚੀ... ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਇਹ ਵੀਡੀਓ


ਹਾਸਲ ਜਾਣਕਾਰੀ ਮੁਤਾਬਕ ਸੋਧਾਂ ਤੋਂ ਬਾਅਦ ਤਿਆਰ ਕੀਤੀ ਗਈ ਰਿਪੋਰਟ ਨੂੰ ਹੁਣ ਭਾਰਤ ਸਰਕਾਰ ਕੋਲ ਇਕ ਹਫ਼ਤੇ ’ਚ ਭੇਜਿਆ ਜਾਵੇਗਾ, ਜਿਨ੍ਹਾਂ ਦੀ ਪ੍ਰਵਾਨਗੀ ਤੋਂ ਬਾਅਦ ਇਸ ਨੂੰ ਲਾਗੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪ੍ਰਸ਼ਾਸਕ ਨੇ ਰਾਈਟਸ ਨੂੰ ਐਮਆਰਟੀਐਸ ’ਤੇ ਕੰਮ ਕਰਨ ਲਈ ਵੀ ਰਿਪੋਰਟ ਤਿਆਰ ਕਰਨ ਦੀ ਹਦਾਇਤ ਦਿੱਤੀ।


ਇਹ ਵੀ ਪੜ੍ਹੋ: covid-19 Cases: ਕੀ ਆਉਣ ਵਾਲੀ ਹੈ ਕੋਰੋਨਾ ਦੀ ਲਹਿਰ? ਇੱਕ ਦਿਨ ਵਿੱਚ 12 ਹਜ਼ਾਰ ਤੋਂ ਵੱਧ ਕੇਸ, ਵੱਜੀ ਖ਼ਤਰੇ ਦੀ ਘੰਟੀ