Chandigarh News: ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਚੰਡੀਗੜ੍ਹ ਵਿੱਚ ਵੀ ਕੇਂਦਰ ਸਰਕਾਰ ਦੇ ‘ਮੋਟਰ ਵਹੀਕਲ ਐਗਰੀਗੇਟਰ ਗਾਈਡਲਾਈਨਜ਼-2020’ ਨੂੰ ਲਾਗੂ ਕਰਨ ਲਈ ਪ੍ਰਾਵਨਗੀ ਦੇ ਦਿੱਤੀ ਹੈ। ਇਸ ਲਈ ਯੂਟੀ ਸਕੱਤਰ ਟਰਾਂਸਪੋਰਟ ਨਿਤਿਨ ਯਾਦਵ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਯੂਟੀ ਪ੍ਰਸ਼ਾਸਨ ਦੇ ਬੁਲਾਰੇ ਨੇ ਦੱਸਿਆ ਕਿ ਕੇਂਦਰੀ ਹਦਾਇਤਾਂ ਅਨੁਸਾਰ ਹੁਣ ਯੂਟੀ ਵਿੱਚ ਕੈਬ ਚਾਲਕ ਆਪਣੀ ਮਨਮਰਜ਼ੀ ਨਾਲ ਕਿਰਾਏ ਦੀ ਵਸੂਲੀ ਨਹੀਂ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਖਰਾਬ ਮੌਸਮ ਜਾਂ ਫੇਰ ਟੈਕਸੀ ਦੀ ਮੰਗ ਵਧਣ ਦੇ ਬਾਵਜੂਦ ਕੈਬ ਚਾਲਕ ਡੇਢ ਗੁਣਾ ਤੋਂ ਵੱਧ ਕਿਰਾਏ ਦੀ ਵਸੂਲੀ ਨਹੀਂ ਕਰ ਸਕਣਗੇ ਜਦੋਂ ਕਿ ਕੈਬ ਕੰਪਨੀਆਂ ਗਾਹਕਾਂ ਨੂੰ ਲੁਭਾਉਣ ਲਈ 50 ਫ਼ੀਸਦ ਤੋਂ ਵੱਧ ਦੀ ਛੋਟ ਵੀ ਨਹੀਂ ਦੇ ਸਕਣਗੀਆਂ।
‘ਮੋਟਰ ਵਹੀਕਲ ਐਗਰੀਗੇਟਰ ਗਾਈਡਲਾਈਨਜ਼-2020’ ਅਨੁਸਾਰ ਕੈਬ ਕੰਪਨੀਆਂ ਮੁਨਾਫੇ ਦੇ ਚੱਕਰ ਵਿੱਚ ਕੈਬ ਚਾਲਕ ਨੂੰ ਬਹੁਤ ਘੱਟ ਭੁਗਤਾਨ ਕਰਦੀਆਂ ਸਨ ਪਰ ਹੁਣ ਹਰ ਗੇੜੇ ਦਾ 80 ਫ਼ੀਸਦ ਹਿੱਸਾ ਕੈਬ ਚਾਲਕ ਨੂੰ ਦੇਣਾ ਲਾਜ਼ਮੀ ਹੋਵੇਗਾ ਜਦੋਂ ਕਿ ਸਿਰਫ਼ 20 ਫ਼ੀਸਦ ਹਿੱਸਾ ਹੀ ਕੈਬ ਕੰਪਨੀ ਨੂੰ ਦਿੱਤਾ ਜਾ ਸਕੇਗਾ। ਇਨ੍ਹਾਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਕੈਬ ਦਾ ਘੱਟ ਤੋਂ ਘੱਟ ਕਿਰਾਇਆ ਤਿੰਨ ਕਿਲੋਮੀਟਰ ਦਾ ਤੈਅ ਕੀਤਾ ਗਿਆ ਹੈ। ਜੇਕਰ ਕਿਸੇ ਸ਼ਹਿਰ ਵਿੱਚ ਸਥਾਨਕ ਪ੍ਰਸ਼ਾਸਨ ਕੀਮਤ ਤੈਅ ਕਰਦਾ ਹੈ ਤਾਂ 25 ਤੋਂ 30 ਰੁਪਏ ਹਰੇਕ ਗੇੜੇ ਦਾ ਘੱਟੋ-ਘੱਟ ਕਿਰਾਇਆ ਤੈਅ ਕੀਤਾ ਹੈ।
ਦੱਸਣਯੋਗ ਹੈ ਕਿ ਸਟੇਟ ਟਰਾਂਸਪੋਰਟ ਅਥਾਰਿਟੀ ਚੰਡੀਗੜ੍ਹ ਦੇ ਰਿਕਾਰਡ ਅਨੁਸਾਰ ਟ੍ਰਾਈਸਿਟੀ ਵਿੱਚ 1700 ਉਬਰ ਕੈਬਜ਼ ਚੱਲ ਰਹੀਆਂ ਹਨ, ਜਿਸ ਵਿੱਚੋਂ 500 ਦੇ ਕਰੀਬ ਚੰਡੀਗੜ੍ਹ ਵਿੱਚ ਰਜਿਸਟਰਡ ਹਨ ਜਦੋਂ ਕਿ 1200 ਦੇ ਕਰੀਬ ਮੁਹਾਲੀ ਅਤੇ ਪੰਚਕੂਲਾ ਵਿੱਚ ਰਜਿਸਟਰਡ ਹਨ। ਇਸੇ ਤਰ੍ਹਾਂ ਓਲਾ ਕੈਬਜ਼ ਵੀ 2300 ਦੇ ਕਰੀਬ ਚੱਲ ਰਹੀਆਂ ਹਨ, ਜਿਸ ਵਿੱਚੋਂ ਚੰਡੀਗੜ੍ਹ ਵਿੱਚ 300 ਦੇ ਕਰੀਬ ਹੈ ਜਦੋਂ ਕਿ 2000 ਦੇ ਕਰੀਬ ਓਲਾ ਕੈਬ ਮੁਹਾਲੀ ਤੇ ਪੰਚਕੂਲਾ ਵਿੱਚ ਰਜਿਸਟਰਡ ਹਨ।
ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਬਜ਼ੁਰਗ ਸ਼ੇਰਆਮ ਵੇਚ ਰਿਹਾ ਸੀ 70-70 ਰੁਪਏ 'ਚ ਨਸ਼ੇ ਦੀ ਪੁੜੀ, ਵੀਡੀਓ ਵਾਇਰਲ ਹੋਣ ਮਗਰੋਂ ਗ੍ਰਿਫਤਾਰ
ਦੂਜੇ ਪਾਸੇ ਕੈਬ ਵਿਚ ਸਫਰ ਕਰਨ ਵਾਲਿਆਂ ਨੇ ਇਸ ਸਬੰਧੀ ਕਈ ਸ਼ਿਕਾਇਤਾਂ ਕੀਤੀਆਂ ਸਨ ਕਿ ਕੈਬ ਵਾਲੇ ਮਨਮਰਜ਼ੀ ਦੇ ਰੇਟ ਵਸੂਲ ਕਰਦੇ ਹਨ ਜਿਸ ਕਾਰਨ ਗਾਹਕਾਂ ਨੂੰ ਆਰਥਿਕ ਨੁਕਸਾਨ ਸਹਿਣਾ ਪੈਂਦਾ ਹੈ ਪਰ ਕੈਬ ਵਾਲਿਆਂ ਨੇ ਘਾਟਾ ਲਗਾਤਾਰ ਵਧਣ ਦੀ ਗੱਲ ਕੀਤੀ ਹੈ।