Chandigarh News: ਪੰਜਾਬ ਵਿੱਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਨੇ ਕਿ ਹੁਣ ਉਹ ਸਰਕਾਰੀ ਚੀਜ਼ਾਂ ਉੱਤੇ ਵੀ ਆਪਣੇ ਹੱਥ ਦੀ ਸਫਾਈ ਦਾ ਕਮਾਲ ਦਿਖਾ ਰਹੇ ਨੇ। ਇਸ ਵਾਰ ਤਾਂ ਹੱਦ ਹੀ ਹੋ ਗਈ ਜਦੋਂ ਚੋਰਾਂ ਨੇ ਪੰਜਾਬ ਸਿਵਲ ਸਕੱਤਰੇਤ ਨੇੜੇ ਪੰਜਾਬ ਜੀਓ ਮੈੱਸ ਦੇ ਅੰਦਰੋਂ ਤਿੰਨ ਕੁਇੰਟਲ ਦੀ ਵਿਰਾਸਤੀ ਤੋਪ ਚੋਰੀ ਕਰ ਲਈ। ਜੀ ਹਾਂ ਇੰਨੇ ਸਾਲ ਪੁਰਾਣੀ ਵਿਰਾਸਤੀ ਤੋਪ ਚੋਰੀ ਹੋ ਗਈ ਹੈ। 


ਤੋਪ ਚੋਰਾਂ ਦਾ ਕੋਈ ਸੁਰਾਗ ਨਹੀਂ ਮਿਲਿਆ


ਡਿਊਟੀ ’ਤੇ ਤਾਇਨਾਤ ਸੰਚਾਲਕਾਂ ਨੂੰ ਵੀ ਤੋਪ ਚੋਰਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਇੰਨੀ ਭਾਰੀ ਤੋਪ ਚੋਰੀ ਹੋਣ ਦੇ ਮਾਮਲੇ ਵਿਚ ਅੰਦਰਖਾਤੇ ਦੀ ਮਿਲੀਭੁਗਤ ਸਾਹਮਣੇ ਆ ਸਕਦੀ ਹੈ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਿਵਲ ਸਕੱਤਰੇਤ ਅਤੇ ਪੰਜਾਬ ਜੀਓ ਮੈੱਸ ਦੇ ਅੰਦਰ ਕੋਈ ਸੀ. ਸੀ. ਟੀ. ਵੀ. ਕੈਮਰੇ ਨਹੀਂ ਲਾਏ ਗਏ ਹਨ।


ਅਣਪਛਾਤੇ ਚੋਰਾਂ ਖਿਲਾਫ਼ ਕੇਸ ਦਰਜ


ਸੈਕਟਰ-3 ਥਾਣੇ ਦੀ ਪੁਲਸ ਨੇ ਜੀਓ ਮੈੱਸ ਦੇ ਕਮਾਂਡੈਂਟ ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਉੱਚ ਅਧਿਕਾਰੀਆਂ ਨੇ ਵਿਰਾਸਤੀ ਤੋਪ ਚੋਰਾਂ ਨੂੰ ਫੜਨ ਲਈ ਵਿਸ਼ੇਸ਼ ਟੀਮ ਬਣਾਈ ਹੈ।


ਜੀਓ ਮੈੱਸ ਇੰਚਾਰਜ ਐੱਸ. ਆਈ. ਦਵਿੰਦਰ ਕੁਮਾਰ ਨੇ ਜੀਓ ਮੈੱਸ ਦੇ ਗੇਟ ਕੋਲ ਜਦੋਂ ਤੋਪ ਗਾਇਬ ਦੇਖੀ ਤਾਂ ਉਸ ਨੇ ਜੀਓ ਮੈੱਸ ਦੇ ਕਮਾਂਡੈਂਟ ਬਲਵਿੰਦਰ ਸਿੰਘ ਨੂੰ ਸੂਚਨਾ ਦਿੱਤੀ। ਬਲਵਿੰਦਰ ਸਿੰਘ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੈਕਟਰ-3 ਥਾਣਾ ਇੰਚਾਰਜ ਸੁਖਦੀਪ ਸਿੰਘ ਮੌਕੇ ’ਤੇ ਪੁੱਜੇ ਅਤੇ ਡੀ. ਡੀ. ਆਰ. ਰਜਿਸਟਰਡ ਕੀਤੀ। 18 ਮਈ ਨੂੰ ਸੈਕਟਰ-3 ਥਾਣੇ ਦੀ ਪੁਲਸ ਨੇ ਜੀਓ ਮੈੱਸ ਦੇ ਕਮਾਂਡੈਂਟ ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ-379 (ਚੋਰੀ) ਦਾ ਕੇਸ ਦਰਜ ਕੀਤਾ ਸੀ। ਜੀਓ ਮੈੱਸ ’ਚ ਪੰਜਾਬ ਪੁਲਸ ਦੇ ਪੀ. ਏ. ਪੀ. 82 ਬਟਾਲੀਅਨ ਦੇ ਜਵਾਨ ਵੀ ਰਹਿੰਦੇ ਹਨ। ਪੁਲਿਸ ਨੇ ਦੱਸਿਆ ਕਿ ਵਿਰਾਸਤੀ ਤੋਪ 5 ਅਤੇ 6 ਮਈ ਦੀ ਦਰਮਿਆਨੀ ਰਾਤ ਨੂੰ ਚੋਰੀ ਹਈ ਸੀ। 


ਵਿਰਾਸਤੀ ਤੋਪ ਚੋਰੀ ਕਿਵੇਂ ਹੋ ਗਈ?


ਜੀਓ ਮੈੱਸ ’ਚ 24 ਘੰਟੇ ਸੰਤਰੀ ਤਾਇਨਾਤ ਹੋਣ ਦੇ ਬਾਵਜੂਦ ਤਿੰਨ ਕੁਇੰਟਲ ਭਾਰੀ ਅਤੇ ਤਿੰਨ ਫੁੱਟ ਲੰਬੀ ਵਿਰਾਸਤੀ ਤੋਪ ਚੋਰੀ ਕਿਵੇਂ ਹੋ ਗਈ? ਜੀਓ ਮੈੱਸ ’ਚੋਂ ਚੋਰ ਇੰਨੀ ਭਾਰੀ ਤੋਪ ਕਿਵੇਂ ਲੈ ਗਏ? ਕਿਸੇ ਨੇ ਕਿਉਂ ਧਿਆਨ ਨਹੀਂ ਦਿੱਤਾ? ਸੈਕਟਰ-3 ਥਾਣਾ ਪੁਲਸ ਵੱਲੋਂ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਘਾਲੇ ਜਾ ਰਹੇ ਹਨ, ਤਾਂ ਜੋ ਪਤਾ ਲੱਗ ਸਕੇ ਕਿ ਚੋਰ ਵਿਰਾਸਤੀ ਤੋਪ ਕਿਸ ਪਾਸਿਓਂ ਲੈ ਗਏ ਹਨ।