Lok Sabha Election: ਕਾਂਗਰਸ ਨੇ ਸ਼ਨਿੱਚਰਵਾਰ ਨੂੰ ਚੰਡੀਗੜ੍ਹ ਸੰਸਦੀ ਸੀਟ ਤੋਂ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। 1991 ਤੋਂ ਹੁਣ ਤੱਕ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਇਸ ਸੀਟ ਤੋਂ ਚੋਣ ਲੜਦੇ ਰਹੇ ਹਨ ਪਰ ਇਸ ਵਾਰ ਪਾਰਟੀ ਨੇ ਉਨ੍ਹਾਂ ਦੀ ਟਿਕਟ ਰੱਦ ਕਰ ਦਿੱਤੀ। ਪਵਨ ਬਾਂਸਲ ਦੀ ਟਿਕਟ ਰੱਦ ਹੋਣ ਪਿੱਛੇ ਤਿੰਨ ਮੁੱਖ ਕਾਰਨ ਹਨ ਅਤੇ ਮਨੀਸ਼ ਤਿਵਾੜੀ 'ਤੇ ਭਰੋਸਾ ਪ੍ਰਗਟਾਇਆ ਜਾ ਰਿਹਾ ਹੈ।


ਪਹਿਲਾ ਕਾਰਨ ਇਹ ਹੈ ਕਿ ਬਾਂਸਲ ਲਗਾਤਾਰ ਦੋ ਲੋਕ ਸਭਾ ਚੋਣਾਂ (2014 ਅਤੇ 2019) ਹਾਰ ਚੁੱਕੇ ਹਨ। ਭਾਜਪਾ ਦੀ ਕਿਰਨ ਖੇਰ ਨੇ ਉਨ੍ਹਾਂ ਨੂੰ ਦੋਵੇਂ ਵਾਰ ਹਰਾਇਆ। ਅਜਿਹੇ 'ਚ ਕਾਂਗਰਸ ਹਾਈਕਮਾਂਡ ਉਨ੍ਹਾਂ ਨੂੰ ਤੀਜੀ ਵਾਰ ਟਿਕਟ ਦੇ ਕੇ ਕੋਈ ਜੋਖਮ ਨਹੀਂ ਉਠਾਉਣਾ ਚਾਹੁੰਦੀ। 


ਚੰਡੀਗੜ੍ਹ ਤੋਂ ਮਨੀਸ਼ ਤਿਵਾੜੀ ਨੂੰ ਮੈਦਾਨ ਵਿਚ ਉਤਾਰਨ ਦਾ ਦੂਜਾ ਮੁੱਖ ਕਾਰਨ ਇਹ ਹੈ ਕਿ ਭਾਜਪਾ ਵਾਂਗ ਕਾਂਗਰਸ ਵੀ ਉਮੀਦਵਾਰ ਬਦਲ ਕੇ ਸਥਾਨਕ ਚਿਹਰੇ 'ਤੇ ਭਰੋਸਾ ਦਿਖਾਉਣਾ ਚਾਹੁੰਦੀ ਸੀ, ਇਸ ਲਈ ਤਿਵਾੜੀ ਨੂੰ ਟਿਕਟ ਦਿੱਤੀ ਹੈ। ਦੱਸ ਦਈਏ ਕਿ ਮਨੀਸ਼ ਤਿਵਾੜੀ ਦੇ ਪਿਤਾ ਵੀਐਨ ਤਿਵਾੜੀ ਪੰਜਾਬ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸਨ ਅਤੇ ਮਾਂ ਅੰਮ੍ਰਿਤ ਤਿਵਾੜੀ ਪੀਜੀਆਈ, ਚੰਡੀਗੜ੍ਹ ਵਿੱਚ ਓਰਲ ਹੈਲਥ ਸੈਂਟਰ ਦੀ ਪ੍ਰੋਫੈਸਰ ਅਤੇ ਮੁਖੀ ਸੀ। ਤਿਵਾੜੀ ਨੇ ਪੰਜਾਬ ਯੂਨੀਵਰਸਿਟੀ ਤੋਂ ਬੀ.ਏ ਦੀ ਡਿਗਰੀ ਹਾਸਲ ਕੀਤੀ ਹੈ। 


ਤੀਜਾ ਕਾਰਨ ਬਾਂਸਲ ਨੂੰ ਲੈ ਕੇ ਪਾਰਟੀ ਵਿੱਚ ਅਸੰਤੁਸ਼ਟੀ ਹੈ। ਬਾਸਲ 1991 ਤੋਂ ਪਿਛਲੀਆਂ ਚੋਣਾਂ ਤੱਕ ਲਗਾਤਾਰ ਚੰਡੀਗੜ੍ਹ ਸੀਟ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਰਹੇ ਸਨ। ਕਿਸੇ ਹੋਰ ਨੂੰ ਮੌਕਾ ਨਾ ਮਿਲਣ ਕਾਰਨ ਪਾਰਟੀ ਅੰਦਰ ਭਾਰੀ ਅਸੰਤੋਸ਼ ਸੀ।  ਕਈ ਮੌਕਿਆਂ ’ਤੇ ਬਾਂਸਲ ਖ਼ਿਲਾਫ਼ ਕੁਝ ਵਰਕਰਾਂ ਦਾ ਗੁੱਸਾ ਖੁੱਲ੍ਹ ਕੇ ਪ੍ਰਗਟ ਕੀਤਾ ਗਿਆ। ਪਾਰਟੀ ਅੰਦਰ ਬਦਲਾਅ ਦੀ ਮੰਗ ਉੱਠ ਰਹੀ ਸੀ, ਜਿਸ ਨੂੰ ਹਾਈਕਮਾਂਡ ਨੇ ਵੀ ਸਮਝ ਲਿਆ ਸੀ।


I.N.D.I.A ਵੀ ਕਰੇਗਾ ਮਦਦ


ਚੰਡੀਗੜ੍ਹ ਸੀਟ 'ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਾਂਝੇ ਤੌਰ 'ਤੇ ਚੋਣ ਲੜ ਰਹੇ ਹਨ। ਤਿਵਾੜੀ ਨੂੰ ਟਿਕਟ ਮਿਲਣ ਪਿੱਛੇ ਇੱਕ ਹੋਰ ਵੱਡਾ ਕਾਰਨ ਇਹ ਸੀ ਕਿ ਉਹ ਗਠਜੋੜ ਦੇ ਮਾਪਦੰਡਾਂ 'ਤੇ ਪੂਰੀ ਤਰ੍ਹਾਂ ਫਿੱਟ ਹਨ। ਕਾਂਗਰਸ ਦੇ ਕਈ ਸੀਨੀਅਰ ਆਗੂ ਪਾਰਟੀ ਛੱਡ ਕੇ 'ਆਪ' 'ਚ ਸ਼ਾਮਲ ਹੋ ਚੁੱਕੇ ਹਨ। ਇਨ੍ਹਾਂ ਵਿੱਚ ਪ੍ਰਦੀਪ ਛਾਬੜਾ ਅਤੇ ਚੰਦਰਮੁਖੀ ਸ਼ਰਮਾ ਦੇ ਨਾਂ ਪ੍ਰਮੁੱਖ ਹਨ। ਚੰਦਰਮੁਖੀ ਸ਼ਰਮਾ ਭਾਵੇਂ 'ਆਪ' 'ਚ ਸ਼ਾਮਲ ਹੋ ਗਈ ਹੋਵੇ ਪਰ ਤਿਵਾੜੀ ਨਾਲ ਉਨ੍ਹਾਂ ਦੀ ਦੋਸਤੀ ਕਦੇ ਘੱਟ ਨਹੀਂ ਹੋਈ। ਇਸੇ ਤਰ੍ਹਾਂ ਮਨੀਸ਼ ਤਿਵਾੜੀ ਹੋਰ ਵੀ ਕਈ 'ਆਪ' ਆਗੂਆਂ ਨਾਲ ਮਿਲਦੇ-ਜੁਲਦੇ ਹਨ। ਅਜਿਹੇ 'ਚ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਵੀ ਤਿਵਾੜੀ ਨੂੰ ਲੈ ਕੇ ਮਾਹੌਲ ਬਣਾਇਆ ਹੈ।