Vigilance Action: ਚੰਡੀਗੜ੍ਹ - ਪੰਜਾਬ ਵਿਜੀਲੈਂਸ ਬਿਊਰੋ ਨੇ ਅਕਾਲੀ-ਭਾਜਪਾ ਸਰਕਾਰ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਮੁੱਖ ਸਕੱਤਰ ਰਹੇ IAS ਗਗਨਦੀਪ ਸਿੰਘ ਬਰਾੜ ਤੋਂ 6 ਘੰਟੇ ਤੋਂ ਵੱਧ ਪੁੱਛਗਿੱਛ ਕੀਤੀ। ਵਿਜੀਲੈਂਸ ਨੇ ਬਰਾੜ ਤੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ 50 ਤੋਂ ਵੱਧ ਸਵਾਲ ਪੁੱਛੇ। ਉਨ੍ਹਾਂ ਤੋਂ ਰਿਹਾਇਸ਼ੀ, ਵਪਾਰਕ ਅਤੇ ਖੇਤੀਬਾੜੀ ਸੰਪਤੀਆਂ ਦਾ ਵੇਰਵਾ ਮੰਗਿਆ ਗਿਆ। ਵਿਜੀਲੈਂਸ ਦੇ ਏਆਈਜੀ ਪੱਧਰ ਦੇ ਸੀਨੀਅਰ ਅਧਿਕਾਰੀ ਦੀ ਅਗਵਾਈ ਵਿੱਚ ਬਣਾਈ ਗਈ ਜਾਂਚ ਟੀਮ ਨੇ ਇੱਕ-ਇੱਕ ਕਰਕੇ ਇਹ ਸਾਰੇ ਸਵਾਲ ਪੁੱਛੇ ਹਨ। ਬੀਤੇ ਦਿਨ  IAS ਗਗਨਦੀਪ ਸਿੰਘ ਬਰਾੜ ਨੂੰ ਤਲਬ ਕੀਤਾ ਗਿਆ ਸੀ। 



 IAS ਗਗਨਦੀਪ ਸਿੰਘ ਬਰਾੜ ਆਪਣੇ ਨਾਲ ਜਾਇਦਾਦਾਂ ਦੇ ਦਸਤਾਵੇਜ਼ ਲੈ ਕੇ ਵਿਜੀਲੈਂਸ ਦਫ਼ਤਰ ਪਹੁੰਚੇ ਸਨ। 2004 ਬੈਚ ਦੇ ਆਈਏਐਸ ਬਰਾੜ ਬਾਦਲ ਪਰਿਵਾਰ ਦੇ ਕਰੀਬੀ ਰਹੇ ਹਨ। ਇਸ ਕਾਰਨ ਉਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਸੀ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਕੁਝ ਸਵਾਲਾਂ ਦੇ ਜਵਾਬ ਮਿਲਣੇ ਬਾਕੀ ਹਨ। ਅਜਿਹੇ 'ਚ ਉਸ ਨੂੰ ਫਿਰ ਤੋਂ ਸੰਮਨ ਜਾਰੀ ਕੀਤਾ ਜਾ ਸਕਦਾ ਹੈ।



 IAS ਗਗਨਦੀਪ ਸਿੰਘ ਬਰਾੜ  ਨੇ ਇਨਕਮ ਟੈਕਸ ਰਿਟਰਨ ਸਬੰਧੀ ਸਾਰੀ ਜਾਣਕਾਰੀ ਵਿਜੀਲੈਂਸ ਨੂੰ ਦੇ ਦਿੱਤੀ ਹੈ। ਜਾਇਦਾਦ ਦੇ ਦਸਤਾਵੇਜ਼ ਵੀ ਦਿੱਤੇ ਗਏ ਹਨ। ਜਾਇਦਾਦ ਦੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਬਰਾੜ ਦੀਆਂ ਰਿਹਾਇਸ਼ੀ, ਵਪਾਰਕ ਅਤੇ ਖੇਤੀਬਾੜੀ ਜਾਇਦਾਦਾਂ ਵਿਜੀਲੈਂਸ ਦੇ ਰਡਾਰ 'ਤੇ ਹਨ। ਵਿਜੀਲੈਂਸ ਪੰਜਾਬ ਬਰਾੜ ਦੀਆਂ ਚੰਡੀਗੜ੍ਹ ਸਥਿਤ ਜਾਇਦਾਦਾਂ ਦੀ ਜਾਂਚ ਕਰ ਰਹੀ ਹੈ।



ਦੱਸਣਯੋਗ ਹੈ ਕਿ ਵਿਜੀਲੈਂਸ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਕਈ ਕਾਂਗਰਸੀ ਨੇਤਾਵਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਵਿਜੀਲੈਂਸ ਕਾਂਗਰਸ, ਅਕਾਲੀ- ਭਾਜਪਾ ਸ਼ਾਸਨ ਦੇ ਸਭ ਤੋਂ ਤਾਕਤਵਾਰ ਅਧਿਕਾਰੀਆਂ ਦੀ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਕਰ ਰਹੀ ਹੈ। 



ਪੰਜਾਬ ਸਿਵਲ ਸੇਵਾ ਕੈਡਰ ਤੋਂ ਪਦਉੱਨਤ ਬਰਾੜ ਨੇ 2007 ਤੋਂ 2017 ਤੱਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਸਕੱਤਰ  ਵਜੋਂ ਕੰਮ ਕੀਤਾ। ਬਰਾੜ ਨਾ ਸਿਰਫ ਬਾਦਲ ਦੀ  ਅੰਦਰੂਨੀ ਮੰਡਲੀ ਦਾ ਹਿੱਸਾ ਹਨ ਸਗੋਂ ਉਨ੍ਹਾਂ ਦੇ ਰਿਸ਼ਤੇਦਾਰ ਵੀ ਹਨ। ਮੌਜੂਦਾ ਸਮੇਂ ਉਹ ਆਜ਼ਾਦੀ ਘੁਲਾਟੀਆਂ ਦੇ ਕਲਿਆਣ ਵਿਭਾਗ ਵਿਚ ਪ੍ਰਸ਼ਾਸਨਿਕ ਸਕੱਤਰ ਦੇ ਅਹੁਦੇ 'ਤੇ ਤਾਇਨਾਤ ਹਨ।