Chandigarh News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਸੂਬੇ ਵਿਚੋਂ ਨਸ਼ਾ ਖਤਮ ਕਰਨ ਵਿਚ ਫੇਲ੍ਹ ਹੋਣ ਮਗਰੋਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਡਰਾਮਾ ਕਰ ਕੇ ਸਰਕਾਰੀ ਖਰਚੇ ’ਦੇ ਅਰਦਾਸ ਦੀ ਇਸ਼ਤਿਆਰਬਾਜ਼ੀ ਕਰ ਰਹੇ ਹਨ। ਅਕਾਲੀ ਦਲ ਦੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਸਰਦਾਰ ਅਵਤਾਰ ਸਿੰਘ ਕਾਲਕਾਜੀ ਤੇ ਉਹਨਾਂ ਦੇ ਵੱਡੀ ਗਿਣਤੀ ਵਿਚ ਸਮਰਥਕਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।



ਆਪਣੇ ਕੀਤੇ ਪਾਪ ਨਹੀਂ ਧੋ ਸਕਦੇ
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਉਦੋਂ ਪੰਜਾਬੀਆਂ ਦਾ ਵਿਸ਼ਵਾਸ ਗੁਆ ਲਿਆ ਸੀ ਜਦੋਂ ਉਹਨਾਂ ਆਪਣੀ ਮਾਂ ਦੀ ਸਹੁੰ ਚੁੱਕੀ ਸੀ ਕਿ ਉਹ ਸ਼ਰਾਬ ਨਹੀਂ ਪੀਣਗੇ ਪਰ ਉਹਨਾਂ ਸ਼ਰਾਬ ਪੀਣੀ ਨਹੀਂ ਛੱਡੀ। ਉਹਨਾਂ ਦੱਸਿਆ ਕਿ ਉਹ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਇਸ ਤਰੀਕੇ ਪਬਲੀਸਿਟੀ ਸ਼ੋਅ ਕਰ ਕੇ ਆਪਣੇ ਕੀਤੇ ਪਾਪ ਨਹੀਂ ਧੋ ਸਕਦੇ। ਉਹਨਾਂ ਕਿਹਾ ਕਿ ਅਜਿਹਾ ਕਰਨ ਦੀ ਬਜਾਏ ਸ੍ਰੀ ਭਗਵੰਤ ਮਾਨ ਨੂੰ ਆਪ ਸ਼ਰਾਬ ਛੱਡ ਕੇ ਬੱਚਿਆਂ ਲਈ ਉਦਾਹਰਦ ਪੇਸ਼ ਕਰਨੀ ਚਾਹੀਦੀ ਹੈ ਕਿਉਂਕਿ ਉਹ ਪਹਿਲਾਂ ਹੀ ਜਰਮਨੀ ਵਿਚ ਸ਼ਰਾਬ ਵਿਚ ਰੱਜੇ ਹੋਣ ਕਾਰਨ ਜਹਾਜ਼ ਵਿਚੋਂ ਉਤਾਰੇ ਜਾਣ ਨਾਲ ਦੇਸ਼ ਤੇ ਪੰਜਾਬੀਆਂ ਦੇ ਅਕਸ ਨੂੰ ਢਾਹ ਲਗਾ ਚੁੱਕੇ ਹਨ।


ਨਸ਼ੇ ਦੀ ਹੋਮ ਡਲੀਵਰੀ ਹੋ ਰਹੀ
ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਜਿਥੇ ਕਾਰਵਾਈ ਦੀ ਲੋੜ ਹੈ, ਉਥੇ ਕਾਰਵਾਈ ਕਰਨ। ਉਹਨਾਂ ਕਿਹਾ ਕਿ ਪੰਜਾਬ ਵਿਚ ਨਸ਼ਾ ਇਸ ਕਰ ਕੇ ਜ਼ਿਆਦਾ ਵੱਧ ਗਿਆ ਕਿਉਂਕਿ ਆਪ ਵਿਧਾਇਕ ਡਰੱਗ ਮਾਫੀਆ ਤੋਂ ਮਹੀਨੇ ਲੈ ਰਹੇ ਹਨ। ਉਹਨਾਂ ਕਿਹਾ ਕਿ ਫੀਲਡ ਵਿਚਲੇ ਪੁਲਿਸ ਅਫਸਰਾਂ ਨੂੰ ਵਿਸ਼ੇਸ਼ ਹਦਾਇਤਾਂ ਹਨ ਕਿ ਉਹ ਨਸ਼ਾ ਕਾਰੋਬਾਰ ਵਿਚ ਲੱਗੇ ਸਰਗਨਾ ਖਿਲਾਫ ਕੋਈ ਕਾਰਵਾਈ ਨਾ ਕਰਨ। ਉਹਨਾਂ ਕਿਹਾ ਕਿ ਪੰਜਾਬ ਵਿਚ ਇਸ ਵੇਲੇ ਨਸ਼ੇ ਦੀ ਹੋਮ ਡਲੀਵਰੀ ਹੋ ਰਹੀ ਹੈ ਤੇ ਇਸ ਬੁਰਾਈ ਨੂੰ ਕੀਤੇ ਵਾਅਦੇ ਮੁਤਾਬਕ ਨਕੇਲ ਪਾਉਣ ਦੀ ਥਾਂ ਮੁੱਖ ਮੰਤਰੀ ਆਪਣੀਆਂ ਅਸਫਲਤਾਵਾਂ ’ਤੇ ਪਰਦਾ ਪਾਉਣ ਵਾਸਤੇ ਇਸ ਤਰੀਕੇ ਦੇ ਪਬਲੀਸਿਟੀ ਸਟੰਟ ਕਰਨ ਵਿਚ ਲੱਗੇ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।