Jalandhar News: ਜਲੰਧਰ ਦੇ ਭਾਰਗਵ ਕੈਂਪ ਥਾਣੇ ਦੇ ਬਾਹਰ ਖੂਬ ਹੰਗਾਮਾ ਹੋਇਆ। ਦਿੱਲੀ ਤੋਂ ਆਈ ਕੁੜੀ ਨੇ ਕਾਫੀ ਦੇਰ ਭੜਥੂ ਪਾਈ ਰੱਖਿਆ। ਪੀੜਤ ਲੜਕੀ ਨੇ ਨਿਊ ਦਿਓਲ ਨਗਰ ਦੇ ਰਹਿਣ ਵਾਲੇ ਨੌਜਵਾਨ 'ਤੇ ਵਿਆਹ ਦੇ ਬਹਾਨੇ ਸਬੰਧ ਬਣਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਪੀੜਤ ਲੜਕੀ ਨੇ ਦੋਸ਼ ਲਾਇਆ ਕਿ ਪਹਿਲਾਂ ਪੁਲਿਸ ਵੀ ਉਸ ਦੀ ਗੱਲ ਨਹੀਂ ਸੁਣ ਰਹੀ ਸੀ ਪਰ ਜਦੋਂ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਮਾਮਲੇ ਦੀ ਸ਼ਿਕਾਇਤ ਲੈ ਲਈ।


ਦਿੱਲੀ ਦੀ ਰਹਿਣ ਵਾਲੀ ਕੁੜੀ ਦਾ ਦਾਅਵਾ ਹੈ ਕਿ ਸ਼ਾਦੀ ਡਾਟ ਕਾਮ ਰਾਹੀਂ ਉਹ ਜਲੰਧਰ ਦੇ ਰਹਿਣ ਵਾਲੇ ਦੁਸ਼ਯੰਤ ਨਾਂ ਦੇ ਨੌਜਵਾਨ ਦੇ ਸੰਪਰਕ 'ਚ ਆਈ ਸੀ। ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਹੋ ਗਈ ਤੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਲੜਕੀ ਨੇ ਰਿਸ਼ਤੇ ਲਈ ਹਾਂ ਕਰ ਦਿੱਤੀ। ਪੀੜਤ ਲੜਕੀ ਨੇ ਦੱਸਿਆ ਕਿ ਉਕਤ ਨੌਜਵਾਨ ਨੇ ਉਸ ਨੂੰ ਜਲੰਧਰ ਦੇ ਇੱਕ ਹੋਟਲ 'ਚ ਕਈ ਵਾਰ ਬੁਲਾਇਆ ਤੇ ਵਿਆਹ ਦੇ ਬਹਾਨੇ ਉਸ ਨਾਲ ਸਰੀਰਕ ਸਬੰਧ ਬਣਾਏ। ਹੁਣ ਨੌਜਵਾਨ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਮਾਮਲੇ ਸਬੰਧੀ ਪੀੜਤ ਲੜਕੀ ਨੇ ਥਾਣਾ ਭਾਰਗਵ ਕੈਂਪ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।



ਪੀੜਤਾ ਨੇ ਦੱਸਿਆ ਕਿ ਉਸ ਨੌਜਵਾਨ ਨੇ ਕਾਰੋਬਾਰ ਚਲਾਉਣ ਦੇ ਨਾਂ 'ਤੇ ਉਸ ਤੋਂ ਕਰੀਬ 8 ਤੋਂ 9 ਲੱਖ ਰੁਪਏ ਲਏ। ਉਸ ਨੇ ਸਾਰੇ ਪੈਸੇ ਆਨਲਾਈਨ ਦਿੱਤੇ ਸਨ ਜਿਸ ਦਾ ਸਾਰਾ ਰਿਕਾਰਡ ਉਸ ਕੋਲ ਹੈ। ਪੀੜਤ ਨੇ ਦੱਸਿਆ ਕਿ ਪਿਛਲੇ ਡੇਢ ਸਾਲ ਪਹਿਲਾਂ ਉਕਤ ਨੌਜਵਾਨ ਨੇ ਉਸ ਤੋਂ ਇਹ ਪੈਸੇ ਲਏ ਪਰ ਜਦੋਂ ਵਿਆਹ ਦਾ ਸਮਾਂ ਆਇਆ ਤਾਂ ਉਹ ਪਿੱਛੇ ਹਟ ਗਿਆ।



ਪੀੜਤ ਲੜਕੀ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਜਲੰਧਰ ਦੇ ਭਾਰਗਵ ਕੈਂਪ ਥਾਣੇ ਵਿੱਚ ਆ ਰਹੀ ਸੀ ਪਰ ਉਸ ਦੀ ਗੱਲ ਨਹੀਂ ਸੁਣੀ ਗਈ, ਜਦੋਂ ਪੀੜਤ ਲੜਕੀ ਨੇ ਹੰਗਾਮਾ ਕੀਤਾ ਤਾਂ ਪੁਲਿਸ ਨੇ ਸ਼ਿਕਾਇਤ ਲੈ ਕੇ ਮਾਮਲਾ ਦਰਜ ਕਰਨ ਦਾ ਭਰੋਸਾ ਵੀ ਦਿੱਤਾ। ਪੀੜਤਾ ਨੇ ਦੱਸਿਆ ਕਿ ਉਹ ਉਸ ਦੇ ਪਰਿਵਾਰ ਨੂੰ ਵੀ ਜਾਣਦੀ ਸੀ।



ਪੀੜਤ ਲੜਕੀ ਨੇ ਦੱਸਿਆ ਕਿ ਦੋਨਾਂ ਦੀ ਮੁਲਾਕਾਤ ਕੁਝ ਦਿਨ ਪਹਿਲਾਂ ਇੱਕ ਨਿੱਜੀ ਹੋਟਲ ਵਿੱਚ ਹੋਈ ਸੀ। ਇਸ ਦੌਰਾਨ ਦੁਸ਼ਯੰਤ ਨੇ ਉਸ ਦੀ ਇਸ ਲਈ ਕੁੱਟਮਾਰ ਕੀਤੀ ਕਿਉਂਕਿ ਉਸ ਨੂੰ ਪਤਾ ਲੱਗਾ ਸੀ ਕਿ ਉਸ ਦਾ ਕਈ ਹੋਰ ਲੜਕੀਆਂ ਨਾਲ ਅਫੇਅਰ ਚੱਲ ਰਿਹਾ ਹੈ। ਪੀੜਤਾ ਨੇ ਦੱਸਿਆ ਕਿ ਨੌਜਵਾਨ ਨੇ ਉਸ ਦੀਆਂ ਅਸ਼ਲੀਲ ਵੀਡੀਓਜ਼ ਬਣਾਈਆਂ ਸਨ। ਹੁਣ ਪੀੜਤ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।