Jalandhar News : ਜਲੰਧਰ ਵਿਖੇ ਅੱਜ ਪੰਜਾਬ ਰੋਡਵੇਜ਼ ਤੇ ਪਨਬੱਸ ਦੇ ਮੁਲਾਜ਼ਮਾਂ ਵੱਲੋਂ ਬੱਸ ਅੱਡੇ ਨੂੰ ਬੰਦ ਕੀਤਾ ਗਿਆ। ਇਸ ਮੌਕੇ ਜਿਥੇ ਇਹ ਮੁਲਾਜ਼ਮ ਆਪਣੀਆਂ ਮੰਗਾਂ 'ਤੇ ਅੜੇ ਹੋਏ ਸੀ। ਉਹਦੇ ਦੂਸਰੇ ਪਾਸੇ ਸਵਾਰੀਆਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਿਉਂ ਕਰਨਾ ਪਿਆ ਹੈ। 

ਪਨਬੱਸ ਕੰਟਰੈਕਟ ਮੁਲਾਜ਼ਮ ਯੂਨੀਅਨ ਦੇ ਆਗੂ ਚਾਨਣ ਸਿੰਘ ਦੇ ਮੁਤਾਬਕ ਇਹ ਪਿਛਲੇ ਕਾਫੀ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਤੱਕ ਆਪਣਾ ਸੁਨੇਹਾ ਪਹੁੰਚਾਉਂਦੇ ਰਹੇ ਨੇ ਪਰ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਚਾਨਣ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦਾ ਇੱਕ ਕੰਡਕਟਰ ਸਾਥੀ ਟੈਂਕੀ 'ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕਰ ਰਿਹਾ ਹੈ ਕਿਉਂਕਿ ਉਹਦੇ ਖ਼ਿਲਾਫ਼ ਚੰਡੀਗੜ੍ਹ ਤੋਂ ਜਲੰਧਰ ਆਉਂਦੇ ਹੋਏ ਇਕ ਗਲਤ ਸ਼ਿਕਾਇਤ ਕੀਤੀ ਗਈ ਸੀ ਪਰ ਹਾਲੇ ਤੱਕ ਉਸ ਮੁਲਾਜ਼ਮ ਦੀ ਕੋਈ ਸੁਣਵਾਈ ਨਹੀਂ ਹੋਈ। 

 


 

ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮਹਿਕਮੇ ਵੱਲੋਂ ਫਿਰੋਜ਼ਪੁਰ ਡਿਪੂ ਦੇ 12 ਕੰਡਕਟਰਾਂ ਨੂੰ ਬਦਲ ਕੇ ਪੱਟੀ ਵਿਖੇ ਭੇਜ ਦਿੱਤਾ ਗਿਆ ਹੈ ,ਜੋ ਕਿ ਇਕ ਨਾਜਾਇਜ਼ ਤੌਰ 'ਤੇ ਬਦਲੀ ਕੀਤੀ ਗਈ ਹੈ। ਚਾਨਣ ਸਿੰਘ ਨੇ ਕਿਹਾ ਕਿ ਮਹਿਕਮਾ ਆਪਣੀ ਮਰਜ਼ੀ ਨਾਲ ਕੰਮ ਕਰ ਰਿਹਾ ਹੈ ਅਤੇ ਮੁਲਜ਼ਮਾਂ ਦੀ ਸੁਣਵਾਈ ਨਹੀਂ ਹੋ ਰਹੀ। ਮਹਿਕਮੇ ਵੱਲੋਂ ਪਿਛਲੇ ਦਿਨੀਂ ਮਹਿਕਮੇ ਨੇ ਨਾਜਾਇਜ਼ ਭਰਤੀ ਕਰਦੇ ਹੋਏ 28 ਐਸੇ ਡਰਾਈਵਰ ਭਰਤੀ ਕੀਤੇ ਗਏ, ਜਿਨ੍ਹਾਂ ਦਾ ਕੋਈ ਟੈਸਟ ਤੱਕ ਨਹੀਂ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਅੱਜ ਉਨ੍ਹਾਂ ਨੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਬੱਸ ਅੱਡਿਆਂ ਨੂੰ ਬੰਦ ਕੀਤਾ ਹੈ ਪਰ ਜੇਕਰ ਹੁਣ ਵੀ ਸਰਕਾਰ ਨੇ ਉਨ੍ਹਾਂ ਦੀ ਨਾਂ ਸੁਣੀ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪਏਗਾ। 

ਸਰਕਾਰ ਅਤੇ ਪਨਬੱਸ ਮੁਲਾਜ਼ਮਾਂ ਦੀ ਤਣਾਤਣੀ ਦੇ ਵਿਚਕਾਰ ਆਮ ਲੋਕਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਅੱਜ ਸਵੇਰ ਤੋਂ ਹੀ ਬੱਸ ਸਟੈਂਡ ਆਏ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜੇਕਰ ਤੁਸੀਂ ਆਪਣੇ ਕਈ ਜ਼ਰੂਰੀ ਕੰਮਾਂ ਲਈ ਬੱਸ ਸਫ਼ਰ ਕਰਨਾ ਸੀ ਪਰ ਬੱਸ ਸਟੈਂਡ ਬੰਦ ਹੋਣ ਕਰਕੇ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰਾਂ ਨੇ ਹਰ ਪਾਸੇ ਬਰਾਬਰ ਸੁਣਵਾਈ ਕਰਨੀ ਚਾਹੀਦੀ ਹੈ ਤਾਂ ਕਿ ਇਸ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਆਮ ਲੋਕਾਂ ਨੂੰ ਨਾ ਕਰਨਾ ਪਵੇ।