Jalandhar West Assembly: ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਉਪ ਚੋਣ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮੋਹਿੰਦਰ ਭਗਤ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਇੱਥੇ ਕਈ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਭਾਜਪਾ ਅਤੇ ਕਾਂਗਰਸ ਪਾਰਟੀ 'ਤੇ ਤਿੱਖੇ ਹਮਲੇ ਕੀਤੇ।


ਮਾਨ ਨੇ ਕਿਹਾ ਕਿ ਇਨ੍ਹਾਂ ਚੋਣਾਂ ਦੇ ਨਤੀਜੇ ਵਜੋਂ ਸਰਕਾਰ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ। ਨਾ ਤਾਂ ਸਾਡੀ ਸਰਕਾਰ ਡਿੱਗੇਗੀ ਅਤੇ ਨਾ ਹੀ ਕਿਸੇ ਹੋਰ ਦੀ ਸਰਕਾਰ ਬਣੇਗੀ ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਨਾਲ ਆਪ ਦੀ ਸਰਕਾਰ ਵਿਚ ਹਿੱਸੇਦਾਰੀ ਹੋਵੇਗੀ, ਜਿਸ ਨਾਲ ਇਸ ਇਲਾਕੇ ਦਾ ਵਿਕਾਸ ਹੋਰ ਤੇਜ ਰਫਤਾਰ ਨਾਲ ਹੋਵੇਗਾ।


ਮਾਨ ਨੇ ਕਿਹਾ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਦੁਆਬੇ ਵਿਚ ਦਫਤਰ ਖੋਲ੍ਹਣ ਦੀ ਯੋਜਨਾ ਬਣਾ ਰਹੇ ਸਨ, ਤਾਂ ਜੋ ਉਹ ਦੁਆਬੇ ਅਤੇ ਮਾਝਾ ਖੇਤਰ ਦੇ ਲੋਕਾਂ ਨੂੰ ਮਿਲ ਸਕਣ। ਇਸ ਜ਼ਿਮਨੀ ਚੋਣ ਵਿੱਚ ਇੱਕ ਚੰਗੀ ਗੱਲ ਇਹ ਰਹੀ ਕਿ ਆਖਰਕਾਰ ਉਹ ਉਸ ਯੋਜਨਾ ਨੂੰ ਲਾਗੂ ਕਰਨ ਵਿੱਚ ਸਫਲ ਹੋ ਗਏ ਅਤੇ ਇੱਥੇ ਆਪਣਾ ਦਫ਼ਤਰ ਸਥਾਪਿਤ ਕਰ ਲਿਆ। ਹੁਣ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਚੰਡੀਗੜ੍ਹ ਨਹੀਂ ਜਾਣਾ ਪਵੇਗਾ। ਹੁਣ ਸਰਕਾਰ ਖੁਦ ਤੁਹਾਡੇ ਬੂਹੇ 'ਤੇ ਹੈ। ਮਾਨ ਨੇ ਕਿਹਾ ਕਿ ਉਹ ਚੋਣਾਂ ਤੋਂ ਬਾਅਦ ਵੀ ਇਸ ਰਿਹਾਇਸ਼ ਨੂੰ ਬਰਕਰਾਰ ਰੱਖਣਗੇ ਤਾਂ ਜੋ ਉਹ ਹਫ਼ਤੇ ਵਿੱਚ ਘੱਟੋ-ਘੱਟ ਦੋ ਦਿਨ ਦੋਆਬਾ ਅਤੇ ਮਾਝਾ ਖੇਤਰ ਦੇ ਲੋਕਾਂ ਨੂੰ ਮਿਲ ਸਕਣ। 


ਉਨ੍ਹਾਂ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਉਹ ਜਲੰਧਰ ਦੀ ਡਿਪਟੀ ਮੇਅਰ ਹੁੰਦਿਆਂ ਆਪਣੇ ਵਾਰਡ ਦੇ ਕੰਮ ਨਹੀਂ ਕਰਵਾ ਸਕੀ ਤਾਂ ਉਹ ਇੰਨੇ ਵੱਡੇ ਵਿਧਾਨ ਸਭਾ ਹਲਕੇ ਦੇ ਕੰਮ ਕਿਵੇਂ ਕਰਵਾਉਣਗੇ। ਮਾਨ ਨੇ ਕਿਹਾ ਕਿ ਗਲੀਆਂ, ਨਾਲੀਆਂ ਅਤੇ ਸੀਵਰੇਜ ਸਿਸਟਮ ਆਦਿ ਦਾ ਕੰਮ ਨਗਰ ਨਿਗਮ ਅਧੀਨ ਆਉਂਦਾ ਹੈ। ਜਲੰਧਰ ਨਗਰ ਨਿਗਮ ਵਿੱਚ ਇਸ ਵੇਲੇ ਕਾਂਗਰਸ ਦਾ ਮੇਅਰ ਹੈ, ਉਸ ਨੇ ਇਸ ਲਈ ਕੁਝ ਨਹੀਂ ਕੀਤਾ। 


ਮਾਨ ਨੇ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ 'ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਦੀ ਹਾਲਤ ਇੰਨੀ ਮਾੜੀ ਹੋ ਗਈ ਹੈ ਕਿ ਸੁਖਬੀਰ ਬਾਦਲ ਆਪਣੇ ਉਮੀਦਵਾਰ ਤੋਂ ਸਮਰਥਨ ਵਾਪਸ ਲੈ ਕੇ ਲੋਕਾਂ ਨੂੰ ਬਹੁਜਨ ਸਮਾਜ ਪਾਰਟੀ ਨੂੰ ਵੋਟ ਪਾਉਣ ਲਈ ਕਹਿ ਰਹੇ ਹਨ। 


ਮਾਨ ਨੇ ਕਿਹਾ ਕਿ ਮੈਂ ਪੈਸਾ ਕਮਾਉਣ ਲਈ ਰਾਜਨੀਤੀ ਵਿੱਚ ਨਹੀਂ ਆਇਆ ਹਾਂ। ਜੇਕਰ ਮੈਂ ਪੈਸਾ ਕਮਾਉਣਾ ਹੁੰਦਾ ਤਾਂ ਇੱਕ ਕਲਾਕਾਰ ਦੇ ਤੌਰ 'ਤੇ ਮੈਂ ਹੁਣ ਤੱਕ ਬਹੁਤ ਕਮਾ ਲਿਆ ਹੁੰਦਾ। 20 ਸਾਲ ਪਹਿਲਾਂ ਮੈਨੂੰ ਇੱਕ ਸ਼ੋਅ ਲਈ 25 ਲੱਖ ਰੁਪਏ ਮਿਲਦੇ ਸਨ। ਵਿਦੇਸ਼ਾਂ 'ਚ ਇਕ ਸ਼ੋਅ 'ਤੇ 75 ਤੋਂ 80 ਲੱਖ ਰੁਪਏ ਮਿਲਦੇ ਸਨ।  ਮੈਂ ਪੰਜਾਬ ਦੇ ਲੋਕਾਂ ਦੀ ਸੇਵਾ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਰਾਜਨੀਤੀ ਵਿੱਚ ਆਇਆ ਹਾਂ।