Road Accident: ਜਲੰਧਰ 'ਚ ਕੈਂਟਰ ਨੇ ਟਰੈਕਟਰ-ਟਰਾਲੀ ਨੂੰ ਮਾਰੀ ਟੱਕਰ, 2 ਦੀ ਮੌਤ, 7 ਜ਼ਖ਼ਮੀ
ਟਰੈਕਟਰ ਟਰਾਲੀ ਵਿੱਚ ਪਾਪੂਲਰ ਦਰੱਖਤ ਦਾ ਬੂਰਾ ਭਰਿਆ ਹੋਇਆ ਸੀ ਜਿਸ ਨੂੰ ਲੈ ਕੇ ਇਹ ਲੋਕ ਲੁਧਿਆਣਾ ਤੋਂ ਜਲੰਧਰ ਵੱਲ ਆ ਰਹੇ ਸਨ ਕਿ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਟਰੈਕਟਰ ਟਰਾਲੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।
Punjab News: ਜਲੰਧਰ ਦੀ ਫਿਲੌਰ ਸਬ-ਡਵੀਜ਼ਨ 'ਚ ਹਾਈਵੇ 'ਤੇ ਮਿਲਟਰੀ ਗਰਾਊਂਡ ਨੇੜੇ ਹੋਏ ਸੜਕ ਹਾਦਸੇ 'ਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ 7 ਲੋਕ ਗੰਭੀਰ ਜ਼ਖਮੀ ਹੋ ਗਏ।
ਟਰੈਕਟਰ ਟਰਾਲੀ ਵਿੱਚ ਪਾਪੂਲਰ ਦਰੱਖਤ ਦਾ ਬੂਰਾ ਭਰਿਆ ਹੋਇਆ ਸੀ ਜਿਸ ਨੂੰ ਲੈ ਕੇ ਇਹ ਲੋਕ ਲੁਧਿਆਣਾ ਤੋਂ ਜਲੰਧਰ ਵੱਲ ਆ ਰਹੇ ਸਨ ਕਿ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਟਰੈਕਟਰ ਟਰਾਲੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਮ੍ਰਿਤਕਾਂ ਦੀ ਪਛਾਣ ਮੋਹਨ ਸਿੰਘ ਅਤੇ ਪਿੱਪਲ ਸਿੰਘ ਦੋਵੇਂ ਵਾਸੀ ਲੁਧਿਆਣਾ ਵਜੋਂ ਹੋਈ ਹੈ।
ਕੌਣ-ਕੌਣ ਹੋ ਗਿਆ ਜ਼ਖ਼ਮੀ
ਟਰੈਕਟਰ ਟਰਾਲੀ ਵਿੱਚ ਸਵਾਰ ਵਿਅਕਤੀਆਂ ਵਿੱਚ ਤੋਤਾ, ਦੇਵ ਸਿੰਘ, ਦਲਵਿੰਦਰ ਸਿੰਘ, ਸੰਧੀਰ, ਜਸਵੀਰ ਸਿੰਘ, ਅੱਬੀ ਸਿੰਘ, ਪ੍ਰੇਮ ਸਿੰਘ ਸਾਰੇ ਵਾਸੀ ਲੁਧਿਆਣਾ ਸ਼ਾਮਲ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ।
ਬੱਸ ਪਲਟਣ ਨਾਲ ਹੋਇਆ ਹਾਦਸਾ, ਕਈ ਜ਼ਖ਼ਮੀ
ਓਧਰ ਦੂਜੇ ਪਾਸੇ ਸੁਭਾਨਪੁਰ 'ਚ ਮੰਗਲਵਾਰ ਸਵੇਰੇ ਕਪੂਰਥਲਾ ਡਿਪੂ ਤੋਂ ਟਾਂਡਾ ਜਾਣ ਵਾਲੀ ਪੀਆਰਟੀਸੀ ਦੀ ਬੱਸ ਸੁਭਾਨਪੁਰ ਰੋਡ 'ਤੇ ਪਿੰਡ ਤਾਜਪੁਰ-ਮੁਸਤਫਾਬਾਦ ਵਿਚਕਾਰ ਇੱਕ ਹੋਰ ਵਾਹਨ ਨੂੰ ਬਚਾਉਂਦੇ ਹੋਏ ਪਲਟ ਗਈ। ਬੱਸ ਪਲਟਦਿਆਂ ਹੀ ਸਵਾਰੀਆਂ ਵਿੱਚ ਹਾਹਾਕਾਰ ਮੱਚ ਗਈ ਅਤੇ ਰਾਹਗੀਰਾਂ ਨੇ ਤੁਰੰਤ ਬੱਸ ਦੇ ਡਰਾਈਵਰ, ਕੰਡਕਟਰ ਅਤੇ ਸਵਾਰੀਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਇਸ ਹਾਦਸੇ ਵਿੱਚ ਕਈ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਦਕਿ ਬਾਕੀ ਸਵਾਰੀਆਂ ਨੂੰ ਇੱਕ ਹੋਰ ਬੱਸ ਦਾ ਪ੍ਰਬੰਧ ਕਰਕੇ ਮੰਜ਼ਿਲ ਵੱਲ ਰਵਾਨਾ ਕੀਤਾ ਗਿਆ।
ਪੀਆਰਟੀਸੀ ਬੱਸ ਨੰਬਰ ਪੀਬੀ-09ਐਸ-3705 ਦੇ ਚਾਲਕ ਪੱਟੀ ਤਰਨਤਾਰਨ ਨੇ ਦੱਸਿਆ ਕਿ ਇਹ ਬੱਸ ਰੋਜ਼ਾਨਾ ਕਪੂਰਥਲਾ ਤੋਂ ਟਾਂਡਾ ਰੂਟ ਲਈ ਰਵਾਨਾ ਹੁੰਦੀ ਹੈ। ਮੰਗਲਵਾਰ ਨੂੰ ਹੀ ਇਹ ਬੱਸ ਸਵੇਰੇ 6.50 ਵਜੇ ਨਡਾਲਾ-ਸੁਭਾਨਪੁਰ ਰੋਡ 'ਤੇ ਪਿੰਡ ਤਾਜਪੁਰ-ਮੁਸਤਫਾਬਾਦ ਮੋੜ 'ਤੇ ਪਹੁੰਚੀ ਤਾਂ ਸਾਹਮਣੇ ਤੋਂ ਇਕ ਵਾਹਨ ਆ ਰਿਹਾ ਸੀ, ਜਿਸ ਨੂੰ ਸਾਈਡ ਦੇ ਕੇ ਬਚਾਉਣ ਲਈ ਬੱਸ ਨੇ ਅਚਾਨਕ ਸਟੇਅਰਿੰਗ ਕਰ ਦਿੱਤੀ | ਜਿਸ ਕਾਰਨ ਬੱਸ ਪੱਕੀ ਸੜਕ ਤੋਂ ਕੱਚੀ ਸੜਕ 'ਤੇ ਪਲਟ ਗਈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਆਜ਼ਾਦੀ ਦਿਵਸ ਦੀ ਛੁੱਟੀ ਹੋਣ ਕਾਰਨ ਬੱਸ ਵਿੱਚ ਸਵਾਰੀਆਂ ਘੱਟ ਸਨ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।