Jalandhar News: ਜਲੰਧਰ ਦੇ ਸਾਈਪੁਰ 'ਚ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਤੇ ਦੋ ਧੜੇ ਆਹਮੋ-ਸਾਹਮਣੇ ਆ ਗਏ। ਇਸ ਤੋਂ ਬਾਅਦ ਤਿੰਨ ਥਾਣਿਆਂ ਦੀ ਪੁਲਿਸ ਨੇ ਹਲਕੀ ਤਾਕਤ ਦੀ ਵਰਤੋਂ ਕਰਦਿਆਂ ਸਾਰਿਆਂ ਨੂੰ ਅਲੱਗ-ਥਲੱਗ ਕਰ ਦਿੱਤਾ। ਇਸ ਮਾਮਲੇ 'ਚ ਮੌਕੇ 'ਤੇ ਮੌਜੂਦ ਬਹੁਜਨ ਸਮਾਜ ਪਾਰਟੀ ਦੇ ਜਨਰਲ ਸਕੱਤਰ ਅਤੇ ਹਲਕਾ ਜਲੰਧਰ ਦੇ ਇੰਚਾਰਜ ਬਲਵਿੰਦਰ ਸਮੇਤ ਕੁਝ ਹੋਰ ਲੋਕਾਂ ਨੂੰ ਵੀ ਹਿਰਾਸਤ 'ਚ ਲਿਆ ਗਿਆ ਹੈ।
ਸਾਈਪੁਰ ਪਾਰਕ ਵਿੱਚ ਬਾਬਾ ਸਾਹਿਬ ਦੀ ਮੂਰਤੀ ਨੂੰ ਹਟਾਉਣ ਨੂੰ ਲੈ ਕੇ ਵਿਵਾਦ ਹੋਇਆ। ਪਾਰਕ ਵਿੱਚ ਸੰਵਿਧਾਨ ਨਿਰਮਾਤਾ ਦਾ ਬੁੱਤ ਲਗਾਇਆ ਗਿਆ ਸੀ ਪਰ ਕੁਝ ਲੋਕਾਂ ਨੇ ਪਾਰਕ ਵਿੱਚ ਬਣੇ ਥੜ੍ਹੇ ਅਤੇ ਬੁੱਤ ਨੂੰ ਉਥੋਂ ਹਟਾ ਕੇ ਸੜਕ ਬਣਾਉਣ ਦੀ ਮੰਗ ਕੀਤੀ ਜਿਸ ਤੋਂ ਬਾਅਦ ਨਿਗਮ ਮੁਲਾਜ਼ਮਾਂ ਨੇ ਮੌਕੇ ’ਤੇ ਆ ਕੇ ਥੜ੍ਹੇ ਨੂੰ ਢਾਹ ਦਿੱਤਾ।
ਇਸ ਬਾਰੇ ਜਦੋਂ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੂੰ ਪਤਾ ਲੱਗਾ ਤਾਂ ਉਹ ਮੌਕੇ ’ਤੇ ਪਹੁੰਚ ਗਏ ਅਤੇ ਝਗੜਾ ਸ਼ੁਰੂ ਹੋ ਗਿਆ। ਝਗੜਾ ਹੁੰਦਾ ਦੇਖ ਕੇ ਨਿਗਮ ਦੇ ਮੁਲਾਜ਼ਮਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਇਸੇ ਦੌਰਾਨ ਜੋ ਧੜਾ ਉਥੋਂ ਸੜਕ ਨੂੰ ਬਣਵਾਉਣਾ ਚਾਹੁੰਦਾ ਸੀ ਉਹ ਵੀ ਮੌਕੇ ’ਤੇ ਆ ਗਿਆ। ਇਸ ਦੌਰਾਨ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ ਅਤੇ ਗੱਲ ਲੜਾਈ ਤੱਕ ਪਹੁੰਚ ਗਈ।
ਸਾਈਪੁਰ ਵਿੱਚ ਹੋਏ ਝਗੜੇ ਦੀ ਸੂਚਨਾ ਮਿਲਦਿਆਂ ਹੀ ਤਿੰਨ ਥਾਣਿਆਂ ਦੀ ਫੋਰਸ ਮੌਕੇ ’ਤੇ ਪਹੁੰਚ ਗਈ। ਅਧਿਕਾਰੀਆਂ ਨੇ ਸਾਰੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਵਿਵਾਦ ਖ਼ਤਮ ਨਹੀਂ ਹੋਇਆ ਅਤੇ ਉਲਟਾ ਬਸਪਾ ਆਗੂਆਂ ਨੇ ਪੁਲਿਸ ਅਧਿਕਾਰੀਆਂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਸੱਤਾਧਾਰੀ ਧਿਰ ਨਾਲ ਮਿਲੀਭੁਗਤ ਹੋਣ ਦੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ।
ਇਸ ਦੇ ਨਾਲ ਹੀ ਬਸਪਾ ਆਗੂ ਬਲਵਿੰਦਰ ਸਿੰਘ ਸਮੇਤ ਕੁਝ ਆਗੂ ਬੁੱਤ ਦੇ ਆਲੇ-ਦੁਆਲੇ ਚੱਕਰ ਲਾ ਕੇ ਖੜ੍ਹੇ ਹੋ ਗਏ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਥੇ ਜ਼ਮੀਨ ’ਤੇ ਲੇਟ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਹਲਕੀ ਤਾਕਤ ਦੀ ਵਰਤੋਂ ਕਰਦਿਆਂ ਸਾਰਿਆਂ ਨੂੰ ਵੱਖ ਕਰ ਦਿੱਤਾ ਅਤੇ ਪੁਲਿਸ ਦੀ ਗੱਡੀ ਵਿੱਚ ਬਿਠਾ ਦਿੱਤਾ।