Jalandhar News : ਜਲੰਧਰ 'ਚ ਨਸ਼ੇੜੀਆਂ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ। ਜਿੱਥੇ ਜਲੰਧਰ ਪੱਛਮੀ ਹਲਕੇ 'ਚ ਨਸ਼ੇੜੀਆਂ ਵੱਲੋਂ ਇਕ ਲੜਕੀ ਨੂੰ ਜ਼ਬਰਦਸਤੀ ਟੀਕਾ ਲਗਾ ਕੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਲੜਕੀ ਕਿਸੇ ਤਰ੍ਹਾਂ ਨਸ਼ੇੜੀਆਂ ਦੇ ਚੁੰਗਲ 'ਚੋਂ ਬਚ ਕੇ ਆਪਣੇ ਘਰ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ।

ਜਾਣਕਾਰੀ ਮੁਤਾਬਕ ਜਲੰਧਰ ਪੱਛਮੀ ਹਲਕੇ ਦੇ ਜਨਕ ਨਗਰ 'ਚ ਕੁੱਤਾ ਘੁੰਮਾਉਣ ਗਈ ਇਕ ਲੜਕੀ ਨੂੰ ਨਸ਼ੇੜੀ ਨੌਜਵਾਨਾਂ ਨੇ ਫੜ ਲਿਆ ਅਤੇ ਉਸ ਨੂੰ ਜ਼ਬਰਦਸਤੀ ਨਸ਼ੇ ਦਾ ਟੀਕਾ ਲਗਾ ਦਿੱਤਾ। ਨਸ਼ੇੜੀ ਉਸ ਨਾਲ ਗਲਤ ਕੰਮ ਕਰਨਾ ਚਾਹੁੰਦੇ ਸਨ। ਜਦੋਂ ਲੜਕੀ ਉਨ੍ਹਾਂ ਦੇ ਚੁੰਗਲ ਤੋਂ ਛੁਡਵਾ ਕੇ ਘਰ ਪਹੁੰਚੀ ਤਾਂ ਉਹ ਬਹੁਤ ਡਰੀ ਹੋਈ ਸੀ। ਪਰਿਵਾਰਕ ਮੈਂਬਰਾਂ ਦੇ ਪੁੱਛਣ 'ਤੇ ਉਸ ਨੇ ਨਸ਼ੇੜੀਆਂ ਦੀ ਸਾਰੀ ਕਰਤੂਤ ਦੱਸੀ।


 


ਇਸ ਤੋਂ ਬਾਅਦ ਮੁਹੱਲੇ ਦੇ ਲੋਕਾਂ ਨੇ ਘੇਰ ਕੇ ਦੋ ਨਸ਼ੇੜੀ ਨੌਜਵਾਨਾਂ ਨੂੰ ਫੜ ਲਿਆ ਅਤੇ ਛਿੱਤਰ ਪਰੇਡ ਤੋਂ ਬਾਅਦ ਪੁਲਿਸ ਹਵਾਲੇ ਕਰ ਦਿੱਤਾ। ਜਨਕ ਨਗਰ ਦੇ ਵਸਨੀਕਾਂ ਨੇ ਦੱਸਿਆ ਕਿ ਇਥੋਂ ਦੇ ਹਾਲਾਤ ਬਹੁਤ ਖਰਾਬ ਹੈ। ਆਟੋ ਵਿੱਚ ਸਵਾਰ ਹੋ ਕੇ ਨੌਜਵਾਨ 10-10 ਜਾਂ 12-12 ਦੇ ਗੈਂਗ ਵਿੱਚ ਆਉਂਦੇ ਹਨ ਅਤੇ ਖੁੱਲ੍ਹੇਆਮ ਚਿੱਟੇ ਦਾ ਨਸ਼ਾ ਕਰਦੇ ਹਨ। ਉਹ ਕਈ ਵਾਰ ਪੁਲੀਸ ਨੂੰ ਦੱਸ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੁੰਦੀ।

 

ਲੜਕੀ ਨੇ ਦੱਸਿਆ ਕਿ ਦੋ ਨੌਜਵਾਨਾਂ ਨੇ ਉਸ ਦੀ ਬਾਂਹ ਮਰੋੜ ਦਿੱਤੀ ਅਤੇ ਦੂਜੇ ਨੇ ਉਸ ਦੀ ਬਾਂਹ 'ਚ ਟੀਕਾ ਲਗਾਇਆ। ਦੋਵਾਂ ਦੇ ਮੂੰਹ ਬੰਨ੍ਹੇ ਹੋਏ ਸਨ। ਲੜਕੀ ਬੜੀ ਮੁਸ਼ਕਲ ਨਾਲ ਉਨ੍ਹਾਂ ਦੇ ਚੁੰਗਲ 'ਚੋਂ ਨਿਕਲੀ। ਆਂਢ-ਗੁਆਂਢ ਦੇ ਲੋਕਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਲੜਕੀ ਨੂੰ ਨਸ਼ੇ ਦਾ ਟੀਕਾ ਲਗਾਇਆ ਸੀ, ਉਸ ਨੂੰ ਚੁੱਕ ਕੇ ਲਿਜਾਣ ਦੀ ਕੋਸ਼ਿਸ਼ ‘ਚ ਸਨ।


ਲੜਕੀ ਨੂੰ ਉਸ ਦੇ ਰਿਸ਼ਤੇਦਾਰਾਂ ਨੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਹਸਪਤਾਲ 'ਚ ਬੱਚੀ ਦੇ ਖੂਨ ਦੇ ਸੈਂਪਲ ਲੈ ਕੇ ਜਾਂਚ ਲਈ ਲੈਬ 'ਚ ਭੇਜ ਦਿੱਤੇ ਗਏ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਨਸ਼ਿਆਂ ਕਾਰਨ ਉਨ੍ਹਾਂ ਦਾ ਘਰੋਂ ਨਿਕਲਣਾ ਵੀ ਔਖਾ ਹੋ ਗਿਆ ਹੈ। ਜੇ ਕੋਈ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕੁੱਟਮਾਰ ਕਰਦੇ ਹਨ ਅਤੇ ਘਰਾਂ ਦੇ ਸ਼ੀਸ਼ੇ ਵੀ ਤੋੜ ਦਿੰਦੇ ਹਨ।