Jalandhar News: ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਤੇ 24 ਮਈ ਨੂੰ ਚੋਣ ਪ੍ਰਚਾਰ ਲਈ ਪੰਜਾਬ ਆ ਰਹੇ ਹਨ। ਉਹ 24 ਮਈ ਨੂੰ ਜਲੰਧਰ ਵਿੱਚ ਰੈਲੀ ਕਰਨਗੇ। ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਵੱਖ-ਵੱਖ ਏਜੰਸੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਥਾਨਕ ਪੁਲਿਸ ਨੇ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਹੈ। ਪਤਾ ਲੱਗਾ ਹੈ ਕਿ ਗੁਜਰਾਤ ਪੁਲਿਸ ਦੀਆਂ ਦੋ ਕੰਪਨੀਆਂ ਵੀ ਜਲੰਧਰ ਪਹੁੰਚ ਗਈਆਂ ਹਨ।



ਹਾਸਲ ਜਾਣਕਾਰੀ ਮੁਤਾਬਕ ਪੀਐਮ ਮੋਦੀ ਦੀ ਪੰਜਾਬ ਰੈਲੀ ਦੇ ਮੱਦੇਨਜ਼ਰ ਹਥਿਆਰਾਂ ਨਾਲ ਲੈਸ ਗੁਜਰਾਤ ਪੁਲਿਸ ਦੀਆਂ ਦੋ ਕੰਪਨੀਆਂ ਐਤਵਾਰ ਨੂੰ ਰੇਲ ਗੱਡੀ ਰਾਹੀਂ ਜਲੰਧਰ ਸਿਟੀ ਰੇਲਵੇ ਸਟੇਸ਼ਨ ਪਹੁੰਚੀਆਂ। ਸੂਤਰਾਂ ਮੁਤਾਬਕ ਪੀਐਮ ਮੋਦੀ ਦੀ ਰੈਲੀ ਦੀ ਪੂਰੀ ਨਿਗਰਾਨੀ ਗੁਜਰਾਤ ਪੁਲਿਸ ਦੇ ਹੱਥ ਹੀ ਹੋਵੇਗੀ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੋਣਾਂ ਲਈ ਬਾਹਰਲੇ ਸੂਬਿਆਂ ਤੋਂ ਪੁਲਿਸ ਕੰਪਨੀਆਂ ਪੰਜਾਬ ਆ ਰਹੀਆਂ ਹਨ।



ਹਾਸਲ ਜਾਣਕਾਰੀ ਅਨੁਸਾਰ 19 ਮਈ ਨੂੰ ਗੁਜਰਾਤ ਤੋਂ ਆਧੁਨਿਕ ਹਥਿਆਰਾਂ ਨਾਲ ਲੈਸ ਭਾਰੀ ਫੋਰਸ ਜਲੰਧਰ ਪਹੁੰਚੀ। ਉਕਤ ਕੰਪਨੀਆਂ ਦੂਜੇ ਰਾਜਾਂ ਵਿੱਚ ਚੋਣਾਂ ਕਰਵਾਉਣ ਤੋਂ ਬਾਅਦ ਐਤਵਾਰ ਨੂੰ ਪੰਜਾਬ ਆਈਆਂ। ਸੰਭਾਵਨਾ ਹੈ ਕਿ ਇਹ ਕੰਪਨੀਆਂ 4 ਜੂਨ ਤੋਂ ਬਾਅਦ ਵਾਪਸ ਜਾਣਗੀਆਂ। ਦੱਸ ਦਈਏ ਕਿ ਕੁੱਲ 7 ਕੰਪਨੀਆਂ ਪੰਜਾਬ ਪਹੁੰਚ ਚੁੱਕੀਆਂ ਹਨ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭੇਜਿਆ ਗਿਆ ਹੈ।


ਜਲੰਧਰ ਪਹੁੰਚੀਆਂ ਦੋਵੇਂ ਕੰਪਨੀਆਂ ਰਾਜਸਥਾਨ, ਗੁਜਰਾਤ ਤੇ ਆਂਧਰਾ ਪ੍ਰਦੇਸ਼ ਦੀਆਂ ਚੋਣਾਂ ਦੇ ਵੱਖ-ਵੱਖ ਪੜਾਵਾਂ ਤੋਂ ਬਾਅਦ ਪੰਜਾਬ ਆਈਆਂ ਹਨ। ਉਹ ਪੰਜਾਬ ਵਿੱਚ ਸੱਤਵੇਂ ਪੜਾਅ ਦੀ ਵੋਟਿੰਗ ਵਿੱਚ ਡਿਊਟੀ 'ਤੇ ਹਨ। ਲੋਕ ਸਭਾ ਚੋਣਾਂ ਤਹਿਤ ਚਾਰ ਪੜਾਵਾਂ ਦੀ ਵੋਟਿੰਗ ਹੋ ਚੁੱਕੀ ਹੈ ਤੇ ਪੰਜਵੇਂ ਪੜਾਅ ਦੀ ਵੋਟਿੰਗ ਅੱਜ ਯਾਨੀ 20 ਮਈ ਨੂੰ ਹੋ ਰਹੀ ਹੈ। ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ ਲਈ ਚੋਣਾਂ ਵਾਲੇ ਰਾਜਾਂ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਵੋਟਿੰਗ ਤੋਂ ਬਾਅਦ ਕੰਪਨੀਆਂ ਨੂੰ ਦੂਜੇ ਰਾਜਾਂ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਹੈ।



ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੌਰੇ ਦੇ ਐਲਾਨ ਮਗਰੋਂ ਕਿਸਾਨ ਐਕਸ਼ਨ ਮੋਡ ਵਿੱਚ ਆ ਗਏ ਹਨ। ਕਿਸਾਨ ਪੀਐਮ ਮੋਦੀ ਦੇ ਵਿਰੋਧ ਦੀ ਪਲਾਨਿੰਗ ਕਰ ਰਹੇ ਹਨ। ਇਸ ਲਈ ਕਿਸਾਨ ਜਥੇਬੰਦੀਆਂ ਨੇ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਦੀ ਕਨਸੋਅ ਲੱਗਦੇ ਹੀ ਪੰਜਾਬ ਤੇ ਕੇਂਦਰ ਦੀਆਂ ਏਜੰਸੀਆਂ ਅਲਰਟ ਹੋ ਗਈਆਂ ਹਨ। ਪੀਐਮ ਮੋਦੀ 23 ਤੇ 24 ਮਈ ਨੂੰ ਪੰਜਾਬ ਆ ਰਹੇ ਹਨ। 


ਹਾਸਲ ਜਾਣਕਾਰੀ ਮੁਤਾਬਕ ਪੀਐਮ ਮੋਦੀ ਵੱਲੋਂ ਪਟਿਆਲਾ, ਗੁਰਦਾਸਪੁਰ ਤੇ ਜਲੰਧਰ ਵਿੱਚ ਰੈਲੀਆਂ ਕੀਤੀਆਂ ਜਾਣੀਆਂ ਹਨ। ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਦਾ ਵਿਰੋਧ ਕਰਨ ਦੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਕਿਸਾਨ ਯੂਨੀਅਨਾਂ ਨੇ ਹੰਗਾਮੀ ਮੀਟਿੰਗ ਬੁਲਾਈ ਹੈ। ਇਸ ਮੀਟਿੰਗ 'ਚ ਪੀਐਮ ਮੋਦੀ ਖਿਲਾਫ ਪ੍ਰਦਰਸ਼ਨ ਦੇ ਫੈਸਲੇ 'ਤੇ ਵਿਚਾਰ ਕਰਕੇ ਭਵਿੱਖ ਦੀ ਰਣਨੀਤੀ ਤੈਅ ਕੀਤੀ ਜਾਵੇਗੀ। ਇਸ ਦੇ ਨਾਲ ਹੀ ਵਿਰੋਧ ਦਾ ਤਰੀਕਾ ਵੀ ਤੈਅ ਕੀਤਾ ਜਾਵੇਗਾ।