Jalandhar News: ਜਲੰਧਰ 'ਚ ਅੱਤਵਾਦੀ ਲਖਬੀਰ ਸਿੰਘ ਲੰਡਾ ਉਰਫ ਲੰਡਾ ਹਰੀਕੇ ਦੇ ਸਾਥੀਆਂ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ ਹੈ। ਇਸ ਦੌਰਾਨ 50 ਤੋਂ ਵੱਧ ਰਾਊਂਡ ਫਾਇਰ ਕੀਤੇ ਗਏ। ਇਸ 'ਚ 2 ਕਾਂਸਟੇਬਲ ਜ਼ਖਮੀ ਹੋ ਗਏ ਹਨ। ਅੱਤਵਾਦੀ ਲੰਡਾ ਦਾ ਇੱਕ ਸਾਥੀ ਵੀ ਲੱਤ ਵਿੱਚ ਗੋਲੀ ਲੱਗਣ ਕਰਕੇ ਜ਼ਖਮੀ ਹੋ ਗਿਆ ਹੈ।
ਪਿੰਡ ਕੰਗਣੀਵਾਲ ਵਿੱਚ ਹੋਏ ਮੁਕਾਬਲੇ ਤੋਂ ਬਾਅਦ ਪੁਲਿਸ ਨੇ ਲੰਡਾ ਹਰੀਕੇ ਦੇ ਦੋਨੋਂ ਗੁਰਗਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਕੋਲੋਂ 7 ਨਜਾਇਜ਼ ਹਥਿਆਰ ਅਤੇ ਕਾਰਤੂਸ ਬਰਾਮਦ ਹੋਏ ਹਨ। ਇਨ੍ਹਾਂ ਗੈਂਗਸਟਰਾਂ ਵਿੱਚ ਇੱਕ ਨਾਬਾਲਗ ਲੜਕਾ ਵੀ ਸ਼ਾਮਲ ਹੈ। ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਜਾਣਕਾਰੀ ਦਿੱਤੀ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ ਜਲੰਧਰ ਕਮਿਸ਼ਨਰੇਟ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੇ ਸਟਾਫ਼ ਨੂੰ ਲੰਡਾ ਦੇ ਗੁੰਡਿਆਂ ਬਾਰੇ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਨੂੰ ਟਿਕਾਣੇ ਦਾ ਪਤਾ ਲੱਗਿਆ ਤਾਂ ਪੁਲਿਸ ਟੀਮ ਨੇ ਉਨ੍ਹਾਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ।
ਦੋਵਾਂ ਮੁਲਜ਼ਮਾਂ ਨੇ ਜਦੋਂ ਪੁਲਿਸ ਨੂੰ ਦੇਖਿਆ ਤਾਂ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਜਿਸ ਵਿੱਚ 2 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਦੋਵਾਂ ਪਾਸਿਆਂ ਤੋਂ ਹੋਈ ਜ਼ਬਰਦਸਤ ਕਰਾਸ ਫਾਇਰਿੰਗ ਵਿੱਚ ਇੱਕ ਗੈਂਗਸਟਰ ਨੂੰ ਗੋਲੀ ਲੱਗ ਗਈ। ਜਿਸ ਤੋਂ ਬਾਅਦ ਪੁਲਿਸ ਨੇ ਜ਼ਖਮੀ ਅਤੇ ਉਸ ਦੇ ਦੂਜੇ ਸਾਥੀ ਗੈਂਗਸਟਰ ਨੂੰ ਕਾਬੂ ਕਰ ਲਿਆ। ਜ਼ਖ਼ਮੀ ਪੁਲਿਸ ਮੁਲਾਜ਼ਮਾਂ ਅਤੇ ਗੈਂਗਸਟਰ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।