Jalandhar News : ਡਿਪਟੀ ਕਮਿਸ਼ਨਰ ਪੁਲਿਸ (ਅਮਨ ਤੇ ਕਾਨੂੰਨ) ਡਾ. ਅੰਕੁਰ ਗੁਪਤਾ ਨੇ ਦੀਵਾਲੀ ਦੇ ਮੱਦੇਨਜ਼ਰ ਪਟਾਕਿਆਂ ਨੂੰ ਵੇਚਣ ਤੇ ਚਲਾਉਣ ਸਬੰਧੀ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਕਮਿਸ਼ਨਰੇਟ ਜਲੰਧਰ ਦੀ ਹੱਦ ਅੰਦਰ ਬਰਲਟਨ ਪਾਰਕ ਵਿਖੇ ਆਰਜ਼ੀ ਲਾਇਸੰਸੀ ਦੁਕਾਨਾਂ ਤੋਂ ਬਿਨਾਂ ਕਿਸੇ ਵੀ ਥਾਂ ਪਟਾਕੇ ਨਹੀਂ ਵੇਚੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਲਾਇਸੰਸਸ਼ੁਦਾ ਥਾਵਾਂ ਤੋਂ ਬਿਨਾਂ ਕਿਤੇ ਵੀ ਪਟਾਕੇ ਨਹੀਂ ਵੇਚੇਗਾ।
ਡੀਸੀਪੀ ਨੇ ਜਾਰੀ ਹੁਕਮਾਂ ਅਨੁਸਾਰ ਸਾਈਲੈਂਸ ਜ਼ੋਨ ਜਿਵੇਂ ਕਿ ਹਸਪਤਾਲਾਂ ਤੇ ਵਿਦਿਅਕ ਅਦਾਰਿਆਂ ਦੇ ਨੇੜੇ ਆਦਿ ਪਟਾਕੇ ਨਹੀਂ ਚਲਾਏ ਜਾਣਗੇ। ਸੁੱਚੀ ਪਿੰਡ ਦੀ ਹੱਦ ਤੇ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਤੇ ਐਚਪੀਸੀਐਲ ਦੇ ਪਲਾਂਟਾਂ ਤੋਂ 500 ਗਜ਼ ਦੀ ਦੂਰੀ 'ਤੇ ਹੀ ਪਟਾਕੇ ਚਲਾਏ ਜਾ ਸਕਣਗੇ।
ਹੁਕਮਾਂ ਅਨੁਸਾਰ ਲਾਇਸੰਸ ਹੋਲਡਰ ਗਰੀਨ ਪਟਾਕਿਆਂ ਦੀ ਵਿਕਰੀ ਹੀ ਕਰਨਗੇ ਅਤੇ ਪਾਬੰਦੀਸ਼ੁਦਾ ਪਟਾਕੇ ਨਹੀਂ ਵੇਚਣਗੇ। ਹੁਕਮਾਂ ਅਨੁਸਾਰ ਜੁੜੇ ਹੋਏ ਪਟਾਕਿਆਂ ਜਿਵੇਂ ਕਿ ਲੜੀਆਂ ਆਦਿ ਦੀ ਮੈਨੂਫੈਕਚਰਿੰਗ, ਵਿਕਰੀ ਤੇ ਵਰਤੋਂ 'ਤੇ ਵੀ ਮੁਕੰਮਲ ਤੌਰ 'ਤੇ ਪਾਬੰਦੀ ਹੈ ਜਿਸ ਨਾਲ ਵੱਡੇ ਪੱਧਰ 'ਤੇ ਹਵਾ, ਅਵਾਜ਼ ਪ੍ਰਦੂਸ਼ਨ ਤੇ ਠੋਸ ਰਹਿੰਦ-ਖੂੰਹਦ ਦੀਆਂ ਸਮੱਸਿਆਵਾਂ ਪੇਸ਼ ਆਉਂਦੀਆਂ ਹਨ।
ਲਾਇਸੰਸ ਹੋਲਡਰ ਨੂੰ ਪਟਾਕਿਆਂ ਦੀ ਲਾਇਸੰਸੀ ਫੈਕਟਰੀ ਜਾਂ ਕੰਪਨੀ ਤੋਂ ਮਨਜ਼ੂਰਸ਼ੁਦਾ ਪਟਾਕੇ ਹੀ ਵੇਚਣ ਦੀ ਪ੍ਰਵਾਨਗੀ ਹੋਵੇਗੀ ਜਦਕਿ ਵਿਦੇਸ਼ੀ ਪਟਾਕਿਆਂ ਜਿਵੇਂ ਕਿ ਖਿਡੌਣਿਆਂ ਤੇ ਇਲੈਕਟਰੋਨਿਕ ਚੀਜ਼ਾਂ ਦੀ ਸ਼ਕਲ ਵਾਲੇ ਪਟਾਕਿਆਂ 'ਤੇ ਮੁਕੰਮਲ ਪਾਬੰਦੀ ਹੈ, ਜਿਸ ਨਾਲ ਲੋਕਾਂ ਦੀ ਜਾਨ-ਮਾਲ ਅਤੇ ਸਿਹਤ ਨੂੰ ਸੰਕਟ ਪੈਦਾ ਹੋ ਸਕਦਾ ਹੈ। ਲਾਇਸੰਸ ਹੋਲਡਰ ਵਿਦੇਸ਼ੀ ਮੂਲ ਦੇ ਪਟਾਕਿਆਂ ਨੂੰ ਨਾ ਤਾਂ ਰੱਖੇਗਾ ਅਤੇ ਨਾ ਹੀ ਵੇਚੇਗਾ ਅਤੇ ਇਨ੍ਹਾਂ ਨੂੰ ਪ੍ਰਦਰਸ਼ਿਤ ਵੀ ਨਹੀਂ ਕਰੇਗਾ।
ਦੀਵਾਲੀ ਵਾਲੇ ਦਿਨਾਂ ਦੌਰਾਨ ਪਟਾਕੇ ਚਲਾਏ ਜਾਣ ਦਾ ਸਮਾਂ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ। ਕ੍ਰਿਸਮਸ ਤੇ ਨਵੇਂ ਸਾਲ ਦੀ ਪੂਰਬਲੀ ਸ਼ਾਮ ਦੌਰਾਨ ਪਟਾਕੇ ਰਾਤ 11.55 ਵਜੇ ਤੋਂ 12.30 ਵਜੇ ਤੱਕ ਵਜਾਏ ਜਾ ਸਕਣਗੇ। ਗੁਰਪੁਰਬ ਮੌਕੇ ਪਟਾਕੇ ਚਲਾਉਣ ਦਾ ਨਿਰਧਾਰਿਤ ਸਮਾਂ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ ਰਾਤ 10 ਵਜੇ ਤੱਕ ਹੈ। ਡੀਸੀਪੀ ਵੱਲੋਂ ਜਾਰੀ ਹੁਕਮ 9 ਅਪ੍ਰੈਲ 2023 ਤੱਕ ਲਾਗੂ ਰਹਿਣਗੇ।