Jalandhar News : ਸ਼੍ਰੋਮਣੀ ਅਕਾਲੀ ਅੰਦਰ ਬਗਾਵਤ ਵਧਦੀ ਜਾਂਦੀ ਹੈ। ਮੰਗਲਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਪਣੀ ਰਣਨੀਤੀ ਉਲੀਕਣ ਲਈ ਮੀਟਿੰਗ ਸੱਦੀ ਜਿਸ ਵਿੱਚ ਬਾਗੀ ਲੀਡਰ ਜਗਮੀਤ ਸਿੰਘ ਬਰਾੜ ਵੀ ਪਹੁੰਚੇ। ਜਗਮੀਤ ਬਰਾੜ ਨੇ ਅਨੁਸਾਸ਼ਨੀ ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਵੀ ਇਨਕਾਰ ਕਰ ਦਿੱਤਾ ਹੈ।
ਦੱਸ ਦੀਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਹਲਕਾ ਭੁਲੱਥ ਦੇ ਅਕਾਲੀ ਵਰਕਰਾਂ ਨਾਲ ਮੀਟਿੰਗ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਤੇ ਬਾਦਲਾਂ ’ਤੇ ਤਿੱਖੇ ਸ਼ਬਦੀ ਵਾਰ ਕੀਤੇ। ਉਨ੍ਹਾਂ ਕਿਹਾ ਕਿ ਬਾਦਲ ਪੰਥ ਨੂੰ ਦੱਸਣ ਕਿ ਉਨ੍ਹਾਂ ਨੇ 2007 ਵਿੱਚ ਡੇਰਾ ਸਿਰਸਾ ਮੁਖੀ ਨੂੰ ਸਵਾਂਗ ਰਚਣ ਦੇ ਮਾਮਲੇ ਵਿੱਚ ਕਿਉਂ ਛੱਡਿਆ? ਉਨ੍ਹਾਂ ਦਾਅਵਾ ਕੀਤਾ ਕਿ 80 ਫੀਸਦੀ ਨੇਤਾ ਅੰਦਰੂਨੀ ਤੌਰ ’ਤੇ ਉਨ੍ਹਾਂ ਨਾਲ ਸਹਿਮਤ ਹਨ ਤੇ ਉਹ ਖੁਸ਼ ਹਨ ਕਿ ਉਸ ਨੇ ਬਾਦਲਾਂ ਨੂੰ ਚੁਣੌਤੀ ਦਿੱਤੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਇੰਨੀ ਪਤਲੀ ਹੋ ਗਈ ਹੈ ਕਿ ਕੋਈ ਵੀ ਅਕਾਲੀ ਆਗੂ ਪਾਰਟੀ ਦੇ ਚੋਣ ਨਿਸ਼ਾਨ ਤੱਕੜੀ ’ਤੇ ਚੋਣ ਲੜਨ ਲਈ ਤਿਆਰ ਨਹੀਂ ਤੇ ਪਾਰਟੀ ਆਗੂ ਮੰਨ ਰਹੇ ਹਨ ਚੋਣਾਂ ਦੌਰਾਨ ਬਾਦਲਾਂ ਦੇ ਨਾਂ ’ਤੇ ਵੋਟਾਂ ਨਹੀਂ ਪੈਣਗੀਆਂ। ਬੀਬੀ ਜਗੀਰ ਕੌਰ ਨੇ ਕਿਹਾ ਕਿ ਪਾਰਟੀ ਇੱਕ ਪਰਿਵਾਰ ਦੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿੱਚ ਅਕਾਲੀ ਦਲ ’ਤੇ ਨਸ਼ੇ ਫੈਲਾਉਣ ਦੇ ਦੋਸ਼ ਲੱਗੇ। ਉਨ੍ਹਾਂ ਆਖਿਆ ਕਿ ਜਦੋਂ ਪਾਰਟੀ ’ਤੇ ਡੇਰਾ ਮੁਖੀ ਨੂੰ ਮੁਆਫੀ ਦੇਣ ਦੇ ਦੋਸ਼ ਲੱਗੇ ਤਾਂ ਪਾਰਟੀ ਨੇ ਲੋਕਾਂ ਦੇ ਸ਼ੰਕੇ ਦੂਰ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਪਾਰਟੀ ਪ੍ਰਧਾਨ (ਸੁਖਬੀਰ ਬਾਦਲ) ਨੂੰ ਸਲਾਹ ਵੀ ਦਿੱਤੀ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ ਜਾਣ ਤੇ ਆਪਣੀਆਂ ਗ਼ਲਤੀਆਂ ਮੰਨ ਲੈਣ। ਉਨ੍ਹਾਂ ਇਹ ਵੀ ਕਿਹਾ ਬਾਦਲ ਨਾਨਕਸ਼ਾਹੀ ਕਲੈਡੰਰ ਲਾਗੂ ਕਰਨ ਤੋਂ ਰੋਕਦੇ ਰਹੇ ਸਨ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲ ਦਲ ਨੂੰ ਹਾਸ਼ੀਏ ’ਤੇ ਧੱਕ ਦਿੱਤਾ ਗਿਆ ਹੈ ਤੇ ਜਦੋਂ ਅਕਾਲੀ ਆਗੂ ਸਵਾਲ ਉਠਾਉਂਦੇ ਸਨ ਤਾਂ ਉਨ੍ਹਾਂ ਨੂੰ ਟਾਲ ਦਿੱਤਾ ਜਾਂਦਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਸੁਖਬੀਰ ਦੀ ਭੈਣ ਪ੍ਰਨੀਤ ਕੌਰ ਉਨ੍ਹਾਂ ਨੂੰ ਮਿਲਣ ਲਈ ਬੇਗੋਵਾਲ ਆਏ ਸਨ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ (ਬੀਬੀ) ਨੂੰ ਪਾਰਟੀ ਵਿੱਚੋਂ ਕੱਢ ਕੇ ਸੁਖਬੀਰ ਨੇ ਗ਼ਲਤ ਕੀਤਾ ਹੈ। ਇਸ ਨਾਲ ਪਾਰਟੀ ਨੂੰ ਨੁਕਸਾਨ ਹੋਇਆ ਹੈ।