Jalandhar News: ਲਤੀਫਪੁਰਾ ਵਿੱਚ ਹੋਏ ਉਜਾੜੇ ਦੇ ਮਾਮਲੇ ਵਿੱਚ ਭਗਵੰਤ ਮਾਨ ਸਰਕਾਰ ਕਸੂਤੀ ਘਿਰ ਗਈ ਹੈ। ਸਿਆਸੀ ਪਾਰਟੀਆਂ ਮਗਰੋਂ ਹੁਣ ਕਿਸਾਨ ਤੇ ਸਮਾਜਿਕ ਜਥੇਬੰਦੀਆਂ ਵੀ ਮੈਦਾਨ ਵਿੱਚ ਉੱਤਰ ਆਈਆਂ ਹਨ। ਇਹ ਤਹਿਤ ਅੱਜ ਤੋਂ ਅਗਲੇ ਤਿੰਨ ਦਿਨ 18, 19 ਤੇ 20 ਦਸੰਬਰ ਨੂੰ ਵੱਖ-ਵੱਖ ਜਥੇਬੰਦੀਆਂ ਰੋਸ ਪ੍ਰਦਰਸ਼ਨ ਕਰਨ ਜਾ ਰਹੀਆਂ ਹਨ। ਪੰਜਾਬ ਖੇਤ ਮਜ਼ਦੂਰ ਯੂਨੀਅਨ ਜਲੰਧਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਜਲੰਧਰ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੋਆਬਾ ਰਿਜਨ ਵੱਲੋਂ ਲਤੀਫ਼ਪੁਰਾ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਉਜਾੜੇ ਵਿਰੁੱਧ ਰੋਸ ਪ੍ਰਗਟਾਵਾ ਕੀਤਾ ਜਾ ਰਿਹਾ ਹੈ।


ਸ਼ਨੀਵਾਰ ਦੇਰ ਸ਼ਾਮ ਸੰਸਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਲਤੀਫਪੁਰਾ ਵਿੱਚ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਪਿੰਡਾਂ ਵਿੱਚ ਜਦੋਂ ਵੀ ‘ਆਪ’ ਦੇ ਵਿਧਾਇਕ ਤੇ ਮੰਤਰੀ ਆਉਣ ਤਾਂ ਲੋਕ ਉਨ੍ਹਾਂ ਨੂੰ ਘੇਰ ਕੇ ਲਤੀਫਪੁਰਾ ਵਿੱਚ ਕੀਤੇ ਉਜਾੜੇ ਬਾਰੇ ਸਵਾਲ ਕਰਨ। ਮਾਨ ਨੇ ਪੀੜਤਾ ਨਾਲ ਹਮਦਰਦੀ ਪ੍ਰਗਟਾਉਂਦਿਆਂ ਕਿਹਾ ਕਿ ਲਤੀਫਪੁਰਾ ਵਿੱਚੋਂ ਉਜਾੜੇ ਲੋਕਾਂ ਦੇ ਘਰ ਉਸੇ ਥਾਵਾਂ `ਤੇ ਬਣਾਏ ਜਾਣਗੇ। ਪਾਰਟੀ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਮਾਨ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਇਸ ਮਾਮਲੇ ਨੂੰ ਸੰਸਦ ਵਿੱਚ ਉਠਾਉਣਗੇ।



ਉਧਰ, ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ  ਦੱਸਿਆ ਕਿ ਰੋਸ ਵਿਖਾਵੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਹੁਸ਼ਿਆਰਪੁਰ  ਤੋਂ ਅਤੇ ਸੰਯੁਕਤ ਕਿਸਾਨ ਮੋਰਚਾ ਚੱਬੇਵਾਲ-ਮਾਹਿਲਪੁਰ ਤੋਂ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨ ਤੇ ਗਾਲ਼ਾਂ ਕੱਢਣ ਵਾਲੇ ਪੁਲਿਸ ਅਧਿਕਾਰੀ ਜਸਕਰਨਜੀਤ ਸਿੰਘ ਤੇਜਾ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ।


ਉਧਰ, ਪੰਥਕ ਸ਼ਖ਼ਸੀਅਤਾਂ ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਭੁਪਿੰਦਰ ਸਿੰਘ ਤੇ ਭਾਈ ਮਨਜੀਤ ਸਿੰਘ ਫਗਵਾੜਾ ਨੇ ਇਸ ਕਾਰਵਾਈ ਨੂੰ 1975 ਵਿੱਚ ਐਮਰਜੈਂਸੀ ਦੌਰਾਨ ਸੰਜੇ ਗਾਂਧੀ ਵੱਲੋਂ ਦਿੱਲੀ ਦੇ ਤੁਰਕਮਾਨ ਇਲਾਕੇ ਵਿੱਚ ਬੁਲਡੋਜ਼ਰ ਫੇਰ ਕੇ ਕੀਤੇ ਗਏ ਲੋਕ-ਉਜਾੜੂ ਕਾਂਡ ਵਰਗਾ ਕਰਾਰ ਦਿੱਤਾ ਹੈ।